80 ਰੁਪਏ ਵਿੱਚ ਖਾਓ ਸਾਰੀਆਂ ਗਰਮੀਆਂ ਤਾਜ਼ੀਆਂ ਸਬਜ਼ੀਆਂ

ਗੁਰਦਾਸਪੁਰ

ਬਾਗਬਾਨੀ ਵਿਭਾਗ ਵੇਚ ਰਿਹਾ ਘਰੇਲੂ ਬਗੀਚੀ ਬੀਜ਼ਣ ਲਈ ਬੀਜ਼ ਕਿੱਟਾਂ

ਗੁਰਦਾਸਪੁਰ, 2 ਮਾਰਚ (ਸਰਬਜੀਤ ਸਿੰਘ) – ਪੰਜਾਬ ਸਰਕਾਰ ਵਲੋਂ ਸੰਤੁਲਿਤ ਅਤੇ ਜ਼ਹਿਰਾਂ ਰਹਿਤ ਸਬਜ਼ੀਆਂ ਦੀ ਕਾਸ਼ਤ ਕਰਨ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਸੂਬੇ ਦੇ ਬਾਗਬਾਨੀ ਵਿਭਾਗ ਨੇ ਗਰਮੀ ਰੁੱਤ ਦੀਆਂ ਸਬਜ਼ੀਆਂ ਬੀਜ਼ਣ ਲਈ ਬੀਜ਼ਾਂ ਦੀ ਇੱਕ ਮਿੰਨੀ ਕਿੱਟ ਤਿਆਰ ਕੀਤੀ ਹੈ, ਜਿਸਦੀ ਕੀਮਤ 80 ਰੁਪਏ ਰੁਪਏ ਰੱਖੀ ਗਈ ਹੈ। ਇਸ ਬੀਜ਼ ਕਿੱਟ ਵਿੱਚ ਗਰਮੀ ਦੀਆਂ ਸਬਜ਼ੀਆਂ ਦੇ 10 ਕਿਸਮਾਂ ਦੇ ਬੀਜ਼ ਹਨ ਅਤੇ ਇਨ੍ਹਾਂ ਬੀਜ਼ਾਂ ਨੂੰ ਘਰੇਲੂ ਬਗੀਚੀ ਵਿੱਚ ਲਗਾ ਕੇ ਗਰਮੀ ਰੁੱਤ ਦੇ ਸਾਰੇ ਸੀਜ਼ਨ ਦੌਰਾਨ ਤਾਜ਼ੀ ਤੇ ਘਰ ਦੀ ਸਬਜ਼ੀ ਪ੍ਰਾਪਤ ਕੀਤੀ ਜਾ ਸਕਦੀ ਹੈ। ਬਾਗਬਾਨੀ ਵਿਭਾਗ ਵੱਲੋਂ ਤਿਆਰ ਕੀਤੀ ਘਰੇਲੂ ਬਗੀਚੀ ਬੀਜ਼ ਕਿੱਟ ਦੀ ਜ਼ਿਲ੍ਹਾ ਗੁਰਦਾਸਪੁਰ ਵਿੱਚ ਵਿਕਰੀ ਦੀ ਸ਼ੁਰੂਆਤ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਨਿਧੀ ਕੁਮੁਦ ਬਾਮਬਾ ਵੱਲੋਂ ਕੀਤੀ ਗਈ।

ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਨਿਧੀ ਕੁਮੁਦ ਬਾਮਬਾ ਨੇ ਇਸ ਬੀਜ਼ ਕਿੱਟ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਬੀਜ਼ ਕਿੱਟ ਹਰ ਬਾਗਬਾਨੀ ਦਫ਼ਤਰ ਵਿੱਚ ਉਪਲੱਬਧ ਹੈ ਅਤੇ 80 ਰੁਪਏ ਦੀ ਕੀਮਤ ਵਿੱਚ ਇਹ ਇੱਕ ਕਿੱਟ ਖਰੀਦੀ ਜਾ ਸਕਦੀ ਹੈ। ਉਨਾਂ ਕਿਸਾਨਾਂ ਸਮੇਤ ਸਮਾਜ ਦੇ ਹਰੇਕ ਵਰਗ ਨੂੰ ਅਪੀਲ ਕੀਤੀ ਹੈ ਕਿ ਜਿਨਾਂ ਕੋਲ ਵੀ ਥੋੜੀ ਬਹੁਤ ਥਾਂ ਉਪਲੱਬਧ ਹੈ ਉਹ ਆਪਣੀ ਘਰੇਲੂ ਬਗੀਚੀ ਜਰੂਰ ਬੀਜ਼ਣ ਅਤੇ ਤਾਜ਼ੀਆਂ ਅਤੇ ਜ਼ਹਿਰਾਂ ਰਹਿਤ ਸਬਜ਼ੀਆਂ ਖਾ ਕੇ ਨਿਰੋਗ ਅਤੇ ਤੰਦਰੁਸਤ ਜੀਵਨ ਬਸਰ ਕਰਨ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਸ. ਤਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਗਰਮੀਆਂ ਦੀਆਂ ਸਬਜ਼ੀਆਂ ਲਈ ਘਰੇਲੂ ਬਗੀਚੀ ਲਈ ਸਬਜ਼ੀ ਬੀਜ ਕਿੱਟ ਬਾਗਬਾਨੀ ਵਿਭਾਗ ਦੇ ਦਫ਼ਤਰ ਤੋਂ 80 ਰੁਪਏ ਦੀ ਕੀਮਤ ਵਿੱਚ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨਾਂ ਦੱਸਿਆ ਕਿ ਇਸ ਬੀਜ਼ ਕਿੱਟ ਵਿੱਚ ਭਿੰਡੀ, ਕਾਉਪੀਜ਼, ਘੀਆ ਕੱਦੂ, ਟੀਂਡਾ, ਖੀਰਾ, ਹਲਵਾ ਕੱਦੂ, ਚੱਪਣ ਕੱਦੂ, ਤਰ, ਘੀਆ ਤੋਰੀ ਅਤੇ ਕਰੇਲਾ ਦੇ ਬੀਜ਼ ਹਨ। ਉਨਾਂ ਕਿਹਾ ਕਿ ਇੱਕ ਪਰਿਵਾਰ ਦੀਆਂ ਰੋਜ਼ਾਨਾ ਸਬਜ਼ੀਆਂ ਦੀਆਂ ਲੋੜਾਂ ਬੜੀ ਅਸਾਨੀ ਨਾਲ ਇਸ ਘਰੇਲੂ ਬਗੀਚੀ ਤੋਂ ਪੂਰੀਆਂ ਹੋ ਜਾਂਦੀਆਂ ਹਨ ਅਤੇ ਬਜ਼ਾਰ ਤੋਂ ਸਬਜ਼ੀਆਂ ਨਾ ਖਰੀਦ ਕੇ ਵੱਡੀ ਵਿੱਤੀ ਬੱਚਤ ਹੁੰਦੀ ਹੈ। ਸ. ਬਾਜਵਾ ਨੇ ਦੱਸਿਆ ਕਿ ਘਰੇਲੂ ਬਗੀਚੀ ਨਾਲ ਜਿਥੇ ਧੰਨ ਦੀ ਬਚਤ ਹੁੰਦੀ ਹੈ ਉਥੇ ਨਾਲ ਹੀ ਇਹ ਸਬਜ਼ੀਆਂ ਜ਼ਹਿਰਾਂ ਰਹਿਤ ਹੁੰਦੀਆਂ ਹਨ ਅਤੇ ਰੋਜ਼ਾਨਾ ਤਾਜ਼ਾ ਤੋੜ ਕੇ ਬਣਾਈਆਂ ਇਹ ਸਬਜ਼ੀਆਂ ਸਿਹਤ ਲਈ ਬਹੁਤ ਵਧੀਆ ਹਨ।

Leave a Reply

Your email address will not be published. Required fields are marked *