ਵਿਰਸਾ ਦਰਸ਼ਨ ਲਈ ਗੁਰਦਾਸਪੁਰ ਤੇ ਬਟਾਲਾ ਤੋਂ ਚਲਾਈ ਜਾਂਦੀ ਬੱਸ ਯਾਤਰਾ ਵਿੱਚ ਸਕੂਲਾਂ-ਕਾਲਜਾਂ ਦੇ ਵਿਦਿਆਰਥੀਆਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼
ਗੁਰਦਾਸਪੁਰ, 2 ਮਾਰਚ (ਸਰਬਜੀਤ ਸਿੰਘ) – ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਦੇ ਅਹੁਦੇਦਾਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਹਰ ਮਹੀਨੇ ਜ਼ਿਲ੍ਹੇ ਦੇ ਵੱਖ-ਵੱਖ ਸਥਾਨਾਂ ’ਤੇ ਇਤਿਹਾਸਕ ਦਿਹਾੜਿਆਂ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਏ ਜਾਣ ਤਾਂ ਜੋ ਨੌਜਵਾਨ ਪੀੜ੍ਹੀ ਆਪਣੇ ਸ਼ਾਨਾਮੱਤੇ ਇਤਿਹਾਸ ਤੇ ਵਿਰਸੇ ਨਾਲ ਜੁੜ ਸਕੇ।
ਜ਼ਿਲ੍ਹਾ ਹੈਰੀਟੇਜ ਸੁਸਾਇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਇਨ੍ਹਾਂ ਸਮਾਗਮਾਂ ਲਈ ਸੁਸਾਇਟੀ ਵੱਲੋਂ ਜੋ ਸਲਾਨਾ ਕੈਲੰਡਰ ਤਿਆਰ ਕੀਤਾ ਗਿਆ ਹੈ ਉਸ ਅਨੁਸਾਰ ਸਮਾਂ ਰਹਿੰਦੇ ਹੀ ਸਮਾਗਮ ਦੀਆਂ ਤਿਆਰੀਆਂ ਅਰੰਭ ਕਰ ਦਿੱਤੀਆਂ ਜਾਣ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਪ੍ਰੈਲ ਮਹੀਨੇ ਦੇ ਅੱਧ ਵਿੱਚ ਸ਼ਿਵ ਬਟਾਲਵੀ ਆਡੀਟੋਰੀਅਮ ਬਟਾਲਾ ਵਿਖੇ ਨਸ਼ਿਆਂ ਵਿਰੁੱਧ ਜਾਗਰੂਕਤਾ ਲਿਆਉਣ ਲਈ ਇੱਕ ਨਾਟਕ ਮੇਲਾ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਨਾਟਕ ਮੇਲੇ ਦੇ ਜਰੀਏ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਣ ਦਾ ਸੁਨੇਹਾ ਦਿੱਤਾ ਜਾਵੇਗਾ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅੱਗੇ ਦੱਸਿਆ ਕਿ ਪੰਜਾਬੀ ਮਾਂ ਬੋਲੀ ਦੇ ਲਾਡਲੇ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦੀ ਬਰਸੀ 6 ਮਈ ਨੂੰ ਸ਼ਿਵ ਬਟਾਲਵੀ ਆਡੀਟੋਰੀਅਮ ਬਟਾਲਾ ਵਿਖੇ ਮਨਾਈ ਜਾਵੇਗੀ। ਬਰਸੀ ਸਮਾਗਮ ਮੌਕੇ ਕਵੀ ਸੰਮੇਲਨ ਦੇ ਨਾਲ ਸ਼ਿਵ ਬਟਾਲਵੀ ਦੇ ਕਾਵਿ ਨਾਟ ਲੂਣਾ ਦਾ ਮੰਚਨ ਕੀਤਾ ਜਾਵੇਗਾ। ਉਨ੍ਹਾਂ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਗੁਰਦਾਸਪੁਰ ਅਤੇ ਸ਼ਿਵ ਬਟਾਲਵੀ ਕਲਾ ਤੇ ਸੱਭਿਆਚਾਰਕ ਸੁਸਾਇਟੀ ਬਟਾਲਾ ਦੇ ਅਹੁਦੇਦਾਰਾਂ ਨੂੰ ਇਨ੍ਹਾਂ ਦੋਵਾਂ ਸਮਾਗਮਾਂ ਦੀ ਸਫਲਤਾ ਲਈ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕਰਨ ਲਈ ਕਿਹਾ ਹੈ। ਡਿਪਟੀ ਕਮਿਸ਼ਨਰ ਨੇ ਗੁਰਦਾਸਪੁਰ ਵਿਖੇ ਬਣੇ ਕਲਾ ਕੇਂਦਰ ਸਬੰਧੀ ਵੀ ਅਧਿਕਾਰੀਆਂ ਕੋਲੋਂ ਰਿਪੋਰਟ ਤਲਬ ਕੀਤੀ ਹੈ ਤਾਂ ਜੋ ਇਸ ਦੀ ਹਾਲਤ ਨੂੰ ਵੀ ਸੁਧਾਰਿਆ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਗੁਰਦਾਸਪੁਰ ਤੇ ਬਟਾਲਾ ਤੋਂ ਵਿਰਸਾ ਦਰਸ਼ਨ ਲਈ ਚਲਾਈਆਂ ਜਾਂਦੀਆਂ ਬੱਸਾਂ ਵਿੱਚ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਨੂੰ ਯਾਤਰਾ ਕਰਨ ਦਾ ਵੱਧ ਤੋਂ ਵੱਧ ਮੌਕਾ ਦਿੱਤਾ ਜਾਵੇ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵਿਰਸਾ ਦਰਸ਼ਨ ਤਹਿਤ ਆਪਣੇ ਜ਼ਿਲ੍ਹੇ ਦੇ ਅਮੀਰ ਵਿਰਸੇ ਦੇ ਦਰਸ਼ਨ ਕਰਕੇ ਉਸ ਬਾਰੇ ਜਾਣਕਾਰੀ ਹਾਸਲ ਕਰਨ ਅਤੇ ਨਾਲ ਹੀ ਆਪਣੇ ਵਿਰਸੇ ਦੇ ਪ੍ਰਚਾਰ-ਪਸਾਰ ਲਈ ਆਪਣਾ ਯੋਗਦਾਨ ਪਾਉਣ।
ਮੀਟਿੰਗ ਦੌਰਾਨ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਦੇ ਜਨਰਲ ਸਕੱਤਰ ਸ. ਤਜਿੰਦਰਪਾਲ ਸਿੰਘ ਸੰਧੂ (ਸਾਬਕਾ ਏ.ਡੀ.ਸੀ.), ਐੱਸ.ਡੀ.ਐੱਮ. ਗੁਰਦਾਸਪੁਰ ਸ੍ਰੀਮਤੀ ਅਮਨਦੀਪ ਕੌਰ ਘੁੰਮਣ, ਸਹਾਇਕ ਕਮਿਸ਼ਨਰ (ਜ) ਸ੍ਰੀ ਸਚਿਨ ਪਾਠਕ, ਰਿਟਾ: ਪ੍ਰੋ. ਰਾਜ ਕੁਮਾਰ ਸ਼ਰਮਾਂ, ਹੋਰ ਅਧਿਕਾਰੀ ਤੇ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਦੇ ਨੁਮਾਇੰਦੇ ਵੀ ਹਾਜ਼ਰ ਸਨ।