ਅੱਜ ਪਹਿਲੇ ਗੁਰਦਾਸਪੁਰ ਨਗਰ ਕੌਂਸਲ ਲਈ 13 ਉਮੀਦਵਾਰਾਂ ਨਾਮਜ਼ਦਗੀ ਪੱਤਰ ਦਾਖਲ ਕੀਤੇ
ਦੀਨਾਨਗਰ ਅਤੇ ਕਾਦੀਆਂ ਨਗਰ ਕੌਂਸਲ ਲਈ ਅੱਜ ਕੋਈ ਨਾਮਜਦਗੀ ਨਹੀਂ ਹੋਈ
ਗੁਰਦਾਸਪੁਰ, 30 ਮਈ (ਸਰਬਜੀਤ ਸਿੰਘ)–ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਐਲਾਣੇ ਚੋਣ ਪ੍ਰੋਗਰਾਮ ਅਨੁਸਾਰ ਗੁਰਦਾਸਪੁਰ, ਦੀਨਾਨਗਰ ਤੇ ਕਾਦੀਆਂ ਨਗਰ ਕੌਂਸਲ ਦੀਆਂ ਚੋਣਾਂ 13 ਜੂਨ ਨੂੰ ਹੋਣਗੀਆਂ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਪ੍ਰੀਤ ਸਿੰਘ ਗਿੱਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਵਧੀਕ ਚੋਣਕਾਰ ਅਫਸਰ ਗੁਰਦਾਸਪੁਰ ਨੇ ਦੱਸਿਆ ਕਿ ਕਮਿਸ਼ਨ ਵੱਲੋਂ ਐਲਾਨੇ ਗਏ ਚੋਣ ਪ੍ਰੋਗਰਾਮ ਅਨੁਸਾਰ ਨਾਮਜ਼ਦਗੀਆਂ ਭਰਨ ਦੇ ਅੱਜ ਪਹਿਲੇ ਦਿਨ ਗੁਰਦਾਸਪੁਰ ਨਗਰ ਕੌਂਸਲ ਤੋਂ 13 ਉਮੀਦਵਾਰਾਂ ਵਲੋਂ ਨਾਮਜਦਗੀ ਪੱਤਰ ਭਰੇ ਗਏ। ਦੀਨਾਨਗਰ ਅਤੇ ਕਾਦੀਆਂ ਨਗਰ ਕੌਂਸਲ ਲਈ ਅੱਜ ਕੋਈ ਨਾਮਜਦਗੀ ਨਹੀਂ ਹੋਈ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਮਿਤੀ 3 ਜੂਨ ਹੈ। ਨਾਮਜ਼ਦਗੀਆਂ ਪੱਤਰਾਂ ਦੀ ਪੜਤਾਲ 4 ਜੂਨ ਨੂੰ ਹੋਵੇਗੀ। ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਮਿਤੀ 5 ਜੂਨ ਦੁਪਹਿਰ 3 ਵਜੇ ਤੱਕ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਪੋਲਿੰਗ 13 ਜੂਨ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ ‘ਤੇ ਵੋਟਾਂ ਦੀ ਗਿਣਤੀ ਵੋਟਾਂ ਪੈਣ ਉਪਰੰਤ ਉਸੇ ਦਿਨ ਕੀਤੀ ਜਾਵੇਗੀ।
ਦੱਸਣਯੋਗ ਹੈ ਕਿ ਨਗਰ ਕੌਂਸਲ ਗੁਰਦਾਸਪੁਰ ਦੇ ਕੁਲ 29 ਵਾਰਡ ਅਤੇ 70 ਪੋਲਿੰਗ ਬੂਥ ਹਨ। ਕੁਲ ਵੋਟਰ 69801 ਹਨ, ਜਿਨ੍ਹਾਂ ਵਿੱਚ 36131 ਪੁਰਸ਼, 33668 ਮਹਿਲਾਵਾਂ ਅਤੇ 2 ਅਦਰਜ਼ ਹਨ। ਇਸੇ ਤਰ੍ਹਾਂ ਦੀਨਾਨਗਰ ਨਗਰ ਕੌਂਸਲ ਦੇ 15 ਵਾਰਡ ਅਤੇ 21 ਪੋਲਿੰਗ ਬੂਥ ਹਨ। ਕੁਲ ਵੋਟਰ 19242 ਹਨ, ਜਿਨ੍ਹਾਂ ਵਿੱਚ 10083 ਪੁਰਸ਼, 9156 ਮਹਿਲਾਵਾਂ ਅਤੇ 3 ਅਦਰਜ਼ ਹਨ।
ਇਸੇ ਤਰ੍ਹਾਂ ਨਗਰ ਕੌਂਸਲ ਕਾਦੀਆਂ ਦੇ 15 ਵਾਰਡ ਅਤੇ 18 ਪੋਲਿੰਗ ਬੂਥ ਹਨ। ਕੁਲ ਵੋਟਰ 15948 ਹਨ, ਜਿਨ੍ਹਾਂ ਵਿੱਚ 8447 ਪੁਰਸ਼, 7498 ਮਹਿਲਾਵਾਂ ਅਤੇ 3 ਅਦਰਜ਼ ਹਨ।


