ਸ਼ੇਖਪੁਰਾ, ਗੁਰਦਾਸਪੁਰ, 23 ਸਤੰਬਰ (ਸਰਬਜੀਤ ਸਿੰਘ)- ਮੇਰੀ ਸੋਹਣੀ ਲਿਖਾਈ ਕਿਵੇਂ ਬਣੀ ਮੇਰੀ ਕਮੀ ? ਜਲਾਦ ਮਾਸਟਰ ਕਿਵੇਂ ਬਣਿਆ ਅਸਲੀ ਅਰਥਾਂ ਵਿੱਚ ਮਾਸਟਰ? ਅਧਿਆਪਕ ਤੇ ਵਿਦਿਆਰਥੀ ਦਾ ਅਸਲੀ ਰਿਸ਼ਤਾ ….
ਗੱਲ਼ ਉਦੋਂ ਦੀ ਆ ਜਦੋਂ ਮੈ ਸਾਡੇ ਪਿੰਡ ਬਰਨ ਦੇ ਸਰਾਕਰੀ ਪ੍ਰਾਇਮਰੀ ਸਕੂਲ ਵਿੱਚ ਤੀਜੀ ਪੜ੍ਹਦਾ ਹੁੰਦਾ ਸੀ। ਪੜਨ ਚ ਸ਼ੁਰੂ ਤੋਂ ਹੀ ਵਧੀਆ ਰੁਚੀ ਸੀ, ਉਮਰ ਅਤੇ ਜਮਾਤ ਦੇ ਹਿਸਾਬ ਮੁਤਾਬਿਕ ਪੰਜਾਬੀ, ਹਿੰਦੀ, ਗਣਿਤ ਸਭ ਵਧੀਆ ਸਮਝ ਆਉਂਦੇ ਸੀ ਅੰਗਰੇਜ਼ੀ ਨਾਲ ਤਾਂ ਛੇਵੀਂ ਜਮਾਤ ਵਿੱਚ ਆ ਕੇ ਵਾਹ ਪਿਆ। ਹੁਣ ਗੱਲ ਇਹ ਆ ਮੇਰੀ ਲਿਖਾਈ ਬੜੀ ਸੋਹਣੀ ਹੁੰਦੀ ਸੀ।
ਸਾਡੇ ਸਕੂਲ ‘ਚ ਕੇਵਲ 2 ਮਾਸਟਰ ਹੁੰਦੇ ਸੀ, ਇੱਕ ਨੂੰ ਵੱਡੇ ਮਾਸਟਰ ਜੀ ਆਖਦੇ ਹੁੰਦੇ ਸੀ ਦੂਜੇ ਨੂੰ ਛੋਟੇ। ਦੋਨੋਂ ਮਾਸਟਰ ਸ਼ਾਇਦ ਇੱਕ ਦੂਜੇ ਦੇ ਰਿਸ਼ਤੇਦਾਰ ਵੀ ਸਨ। ਪਹਿਲੀ ਤੋਂ ਲੈ ਕੇ ਤੀਜੀ ਜਮਾਤ ਤੱਕ ਛੋਟੇ ਮਾਸਟਰ ਪੜਾਉਂਦੇ ਸਨ ਤੇ ਚੌਥੀ ਤੇ ਪੰਜਵੀਂ ਨੂੰ ਵੱਡੇ ਮਾਸਟਰ। ਇਸੇ ਸਕੂਲ਼ ਵਿੱਚ ਮੇਰੇ ਤੋਂ ਵੱਡਾ ਭਾਈ ਤੇ ਓਸ ਤੋਂ ਵੱਡੀ ਭੈਣ ਅਤੇ ਨਾਲ ਨਾਲ ਚਾਚੇ ਤਾਇਆ ਦੇ ਜਵਾਕ ਵੀ ਪੜ੍ਹੇ।
ਮੁਕਦੀ ਗੱਲ ਇਹ ਆ ਵੀ ਮੈਂ ਹੱਡਬੀਤੀ ਲਿਖਣ ਦੀ ਕੋਸ਼ਿਸ਼ ਕਰ ਰਿਹਾ। ਮੁਕਦੀ ਗੱਲ ਇਹ ਆ ਕਿ ਜੇਹੜੇ ਛੋਟੇ ਮਾਸਟਰ ਸੀ ਉਹਨਾਂ ਨੂੰ ਕਿਤੇ ਸ਼ੱਕ ਪੈ ਗਿਆ ਕੇ ਮੈਂ ਆਪਣਾ ਸਕੂਲ਼ ਦਾ ਸਾਰਾ ਕੰਮ ( ਅੱਜ ਕੱਲ੍ਹ homework ਕਹਿ ਦਿੰਦੇ ਆ) ਆਪਣੀ ਵੱਡੀ ਭੈਣ ਤੋਂ ਕਰਵਾ ਕੇ ਲਿਉਣਾ। ਕਾਰਨ ਇਹ ਸੀ ਕੇ ਮੈਰੀ ਤੇ ਭੈਣ ਦੀ ਲਿਖਾਈ ਮਿਲਦੀ ਜੁਲਦੀ ਸੀ। ਜਦ ਵੀ ਮੈਂ ਆਪਣੀ ਕਾਪੀ ( ਨੋਟ ਬੁੱਕ) ਚੈੱਕ ਕਰਵਾਉਣੀ ਓਹਨੇ ਮੈਨੂੰ ਕੁੱਟਣ ਲੱਗ ਜਾਣਾ ਤੇ ਆਖਣਾ “ਖ਼ੁਦ ਲਿਖਿਆ ਕਰ”। ਮੇਰੇ ਵਾਰ ਵਾਰ ਇਹ ਕਹਿਣ ਉੱਤੇ ਵੀ “ਨਹੀਂ ਸਰ ਮੈਂ ਖੁਦ ਲਿਖ ਕੇ ਲਿਉਣਾ, ਜੇ ਨਹੀਂ ਯਕੀਨ ਤਾਂ ਏਥੇ ਤੁਹਾਡੇ ਸਾਹਮਣੇ ਲਿਖਵਾ ਕੇ ਦੇਖ਼ ਲਓ”, ਪਰ ਉਹ ਨਹੀਂ ਮੰਨਦਾ ਸੀ। ਅੜੀਅਲ ਤੇ ਰੁੱਖੇ ਮਾਸਟਰ ਨੇ ਮੈਨੂੰ ਕੁੱਟ ਕੇ ਕਲਾਸ ਤੋਂ ਪਾਸੇ ਇਕੱਲੇ ਨੂੰ ਬਿਠਾ ਦੇਣਾ ਤੇ “ਆਖਣਾ ਤੂੰ ਕਲਾਸ ਵਿੱਚ ਬੈਠ ਕੇ ਕੀ ਕਰੇਂਗਾ? ਤੈਨੂੰ ਤਾਂ ਸਭ ਕੁਝ ਆਉਂਦਾ”। ਇਹ ਸਿਲਸਿਲਾ ਲਗਭੱਗ 6 ਮਹੀਨੇ ਜਾਂ ਉਸ ਤੋਂ ਵੱਧ ਚੱਲਿਆ ਹੋਊ। ਮੈਂ ਅਕਸਰ ਘਰੇ ਆ ਕੇ ਰੋਂਦਾ ਤੇ ਮਾਂ ਨੂੰ ਦਸਦਾ ਵੀ ਇਹ ਕੁਝ ਹੋ ਰਿਹਾ। ਫਿਰ ਜਦ ਮਾਸਟਰ ਹਟਿਆ ਹੀ ਨਹੀਂ ਤਾਂ ਪਰਿਵਾਰ ਨੇ ਵੱਡੇ ਮਾਸਟਰ ਨਾਲ ਗੱਲ ਕੀਤੀ, ਉਹ ਕਹਿੰਦੇ ਮੈਂ ਬਹੁਤਾ ਤਾਂ ਕੁੱਝ ਕਰ ਨੀਂ ਸਕਦਾ ਬੱਸ ਇੰਨਾ ਕਰ ਸਕਦਾ ਵੀ ਭਾਈ ਇਹਨੂੰ ਏਧਰ ਮੇਰੇ ਕੋਲ਼ ਬਿਠਾ ਦਿਆ ਕਰੋ, ਬੈਠਾ ਪੜੀ ਜਾਊ ਬਾਕੀ ਇਹਦੀ ਕਿਸਮਤ। ਬੱਸ ਫਿਰ ਕੀ ਸੀ ਮੈਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਕਿਸੇ ਜਲਾਦ ਤੋਂ ਛੁੱਟ ਕੇ ਮਾਸਟਰ ਕੋਲ਼ ਆ ਗਿਆ, ਬੱਸ ਫਿਰ ਉੱਥੇ ਬੈਠਾ ਇਕੱਲਾ ਹੀ ਪੜਦਾ ਰਹਿੰਦਾ ਸੀ। ਦੇਖੋ ਵੱਡਾ ਵੀ ਮਾਸਟਰ ਆ ਤੇ ਛੋਟਾ ਵੀ, ਫਰਕ ਦੇਖੋ….ਵੱਡਾ ਮਾਸਟਰ ਸੀ ਸਹੀ ਅਰਥਾਂ ਵਿੱਚ ਮਾਸਟਰ ਸੀ।
ਵੱਡੇ ਮਾਸਟਰ ਕੋਲ ਬੈਠਾ ਪੜ੍ਹਦਾ ਰਹਿੰਦਾ ਤੇ ਉਹਨਾ ਤੋਂ ਹੀ ਗਲਤ ਸਹੀ ਪੁੱਛਦਾ। ਉੱਥੇ ਬੈਠਾ ਬੈਠਾ ਹਰ ਰੋਜ਼ ਮਨ ਵਿੱਚ ਵਿਚਾਰ ਬਣਾਉਂਦਾ ਤੇ ਢਾਹੁੰਦਾ ਕੇ ਛੋਟੇ ਮਾਸਟਰ ਤੋਂ ਬਦਲਾ ਕਿਵੇਂ ਲਵਾ? ਕਦੇ ਸੋਚਦਾ ਇਹਦੇ ਮੋਟਰ ਸਾਈਕਲ ਦੀ ਹਵਾ ਕੱਢ ਦੇਵਾ, ਕਦੇ ਸੋਚਦਾ ਸਕੂਲ ਨੂੰ ਆਉਦੇ ਰਾਹ ਵਿੱਚ ਡੂੰਘਾ ਜਾ ਟੋਇਆ ਪੁੱਟ ਕੇ ਉੱਪਰ ਨਰਮੇ ਦੀਆਂ ਛਟੀਆਂ ਪਾ ਕੇ ਘਾਹ ਫੂਸ ਰੱਖ ਦੇਵਾਂ, ਜਦੋਂ ਉਹ ਮੋਟਸਾਈਕਲ ਉੱਪਰ ਲੰਘੇ ਤਾਂ ਟੋਏ ਵਿੱਚ ਡਿੱਗ ਜਾਵੇ ਤੇ ਓਹਦਾ ਕੁਝ ਟੁੱਟ ਜਾਵੇ, ਕਦੇ ਮਨ ਕਰਦਾ ਓਹਦਾ ਟਾਹਲੀ ਦਾ ਡੰਡਾ ਜਿਹੜਾ ਸਕੂਲ਼ ਦੇ ਹਾਜ਼ਰੀ ਰਜਿਸਟਰ ਵਾਲੀ ਟਰੇਅ ਵਿੱਚ ਹੁੰਦਾ ਸੀ ਨੂੰ ਕਿੱਤੇ ਦੂਰ ਸੁੱਟ ਆਵਾ। ਬੱਸ ਜਿੰਨੀ ਕੂ ਉਮਰ ਸੀ ਓਨੀ ਕੂ ਪਲਾਨਿੰਗ, ਪਰ ਕਰ ਕੁਝ ਨਹੀ ਸਕਿਆ ਮਨ ਵਿੱਚ ਗ਼ੁੱਸਾ ਲੈ ਕੇ ਓਵੇਂ ਹੀ ਪੰਜਵੀਂ ਪਾਸ ਕੀਤੀ ਅਤੇ ਨਾਲ ਦੇ ਪਿੰਡ ਹੀਰਕੇ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਦਾਖਲਾ ਲੈ ਲਿਆ, ਉੱਥੇ ਮਾਸਟਰ ਆਪਦੇ ਸਕੂਟਰ ਮੋਟਰਸਾਈਕਲ ਧਵਾਈ ਜਾਂਦੇ, ਸਕੂਲ਼ ਦੇ ਦਰਖਤ ਕਰਵਾਈ ਜਾਂਦੇ, ਬੜਾ ਕੰਮ ਕਰਵਾਉਂਦੇ ਸੀ, ਔਖੇ ਸੌਖੇ 8ਵੀਂ ਪਾਸ ਕਰਕੇ ਝੰਡੂਕੇ ਪਿੰਡ ਦੇ ਸਰਕਾਰੀ ਸੀਨਅਰ ਸੈਕੰਡਰੀ ਸਕੂਲ ਵਿੱਚ ਦਾਖਲਾ ਲੈ ਲਿਆ ਅਤੇ 2006 ਵਿੱਚ 10ਵੀਂ ਪਾਸ ਕੀਤੀ।
10 ਵੀਂ ਪਾਸ ਕਰਨ ਤੋਂ ਬਾਅਦ ਤਲਵੰਡੀ ਸਾਬੋ ਵਾਲੇ ਮੇਰੇ ਮਾਸੀ ਮਾਸੜ ਕਹਿੰਦੇ ਸਾਡਾ ਇੱਕ ਜਾਣਕਾਰ ਆ ਓਹਨਾਂ ਦਾ ਤਲਵੰਡੀ ਸਾਬੋ ਕੋਲ਼ ਸ਼ੇਖਪੁਰਾ ਪਿੰਡ ਵਿੱਚ ਕਾਲਜ ਆ ਜਿੱਥੇ ਡਰਾਇੰਗ ਮਾਸਟਰ ਦਾ ਕੋਰਸ ( ਆਰਟ ਐਂਡ ਕਰਾਫਟ) ਕਰਵਾਉਂਦੇ ਆ ਪਰਿਵਾਰ ਨੇ ਉੱਥੇ ਪੜਨ ਲਾ ਦਿੱਤਾ।
2008 ਵਿੱਚ ਜਦ ਮੈਂ ਓਹ ਕੋਰਸ ਪਾਸ ਕਰਕੇ ਮੇਰੇ ਪਿੰਡ ਦੇ ਓਸੇ ਪ੍ਰਾਇਮਰੀ ਸਕੂਲ਼ ਵਿੱਚ ਗਿਆ ਜਿੱਥੇ ਮਨ ਵਿੱਚ ਗ਼ੁੱਸਾ ਲੈ ਕੇ ਨਿਕਲਿਆ ਸੀ, ਤੇ ਜਾਂਦੇ ਨੂੰ ਸਹਮਣੇ ਓਹੀ ਛੋਟਾ ਮਾਸਟਰ ਟੱਕਰ ਗਿਆ। ਕਹਿੰਦਾ “ਆ ਵੀ ਅਜਾਇਬ ਕੀ ਕਰਦਾ ਹੁੰਦਾ ਅੱਜ ਕੱਲ੍ਹ”?
ਮੈਂ ਕਿਹਾ “ਸਰ ਡਰਾਇੰਗ ਮਾਸਟਰ ਦਾ ਕੋਰਸ ਕਰਿਆ ਹੁਣੇ ਹੁਣੇ”। ਗੱਲ਼ ਸੁਣਦੇ ਸਾਰ ਮਾਸਟਰ ਨੇ ਜਵਾਕਾਂ ਨੂੰ ਕਿਹਾ “ਕੁਰਸੀ ਲੈਕੇ ਆਓ ਓਏ”। ਓਹਨਾਂ ਕੁਰਸੀ ਮੰਗਵਾਈ ਤੇ ਮੈਨੂੰ ਕਿਹਾ “ਬੈਠ ਮੇਰੇ ਬਰਾਬਰ”, ਨੇ ਨਾਲ ਓਹਨਾਂ ਨੂੰ ਵੀ ਯਾਦ ਆ ਗਿਆ ਜੋ ਵੀ ਓਹਨਾਂ ਨੇ ਤੀਜੀ ਜਮਾਤ ਵਿੱਚ ਮੇਰੇ ਨਾਲ ਕਰਿਆ ਸੀ। ਮਾਸਟਰ ਆਖਣ ਲੱਗਿਆ “ਯਰ ਮੈਂ ਉਈ ਕੁਟਦਾ ਰਹਾ, ਸਾਰੀ ਜਮਾਤ ਵਿਚੋਂ ਤੂੰ ਹੀ ਕੁਝ ਬਣੇਗਾ ਪੱਕਾ”। ਇਹ ਸੁਣਦੇ ਸਰ ਮੇਰੇ ਵੀ ਅੱਖਾਂ ਵਿਚੋਂ ਹੰਝੂ ਨਿੱਕਲ ਆਏ ਜੋ ਸਾਰਾ ਗ਼ੁੱਸਾ ਰੋੜ੍ਹ ਕੇ ਲੈ ਗਏ। ਹੁਣ ਗੱਲ ਇਹ ਆ ਵੀ ਕੋਰਸ ਬੇਸ਼ੱਕ ਛੋਟਾ ਜਿਹਾ ਕਰਿਆ ਸੀ, ਜਿਸ ਨਾਲ ਨੌਕਰੀ ਤਾਂ ਨਹੀਂ ਮਿਲੀ ਅਤੇ ਅੱਜ ਵੀ ਕੋਈ ਵੱਡਾ ਵਿਦਵਾਨ ਜਾਂ ਕੋਈ ਅਫ਼ਸਰ ਨਹੀਂ ਬਣਿਆ ਰੋਟੀ ਜੋਗਾ ਹੀ ਹੋਇਆ ਪਰ ਯਰ ਮਾਸਟਰ ਨੂੰ ਜਦ ਅਹਿਸਾਸ ਹੋਇਆ ਤਾਂ ਓਹਨੇ ਗਲਤੀ ਲਈ ਮਾਫ਼ੀ ਮੰਗੀ, ਮੇਰਾ ਮਨ ਵੀ ਮਾਸਟਰ ਦੀ ਇਜੱਤ ਕਰਨ ਲੱਗਿਆ।