ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਆਦਿਤਿਆ ਉੱਪਲ ਵਲੋਂ ਵੱਖ-ਵੱਖ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਮੀਟਿੰਗ

ਗੁਰਦਾਸਪੁਰ

ਡਿਪਟੀ ਕਮਿਸ਼ਨਰ ਵਲੋਂ ਰਾਜਨੀਤਿਕ ਪਾਰਟੀਆਂ ਨੂੰ ਬੂਥ ਲੈਵਲ ਏਜੰਟ ਨਿਯੁਕਤ ਕਰਨ ਦੀ ਅਪੀਲ

ਜ਼ਿਲ੍ਹੇ ‘ਚ ਪ੍ਰੀ-ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦਾ 85.02 ਫ਼ੀਸਦੀ ਮੈਪਿੰਗ ਦਾ ਕੰਮ ਮੁਕੰਮਲ-ਜ਼ਿਲ੍ਹਾ ਚੋਣ ਅਫ਼ਸਰ ਆਦਿਤਿਆ ਉੱਪਲ

ਗੁਰਦਾਸਪੁਰ, 18 ਮਈ (ਸਰਬਜੀਤ ਸਿੰਘ)– ਭਾਰਤੀ ਚੋਣ ਕਮਿਸ਼ਨ ਵਲੋਂ ਪੰਜਾਬ ਰਾਜ ਵਿਚ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਕਰਵਾਉਣ ਸਬੰਧੀ ਪੰਜਾਬ ਰਾਜ ਵਿਚ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਹੋਣੀ ਹੈ। 25 ਜੂਨ ਤੋਂ 24 ਜੁਲਾਈ ਤੱਕ ਘਰ-ਘਰ ਜਾ ਕੇ ਬੀ.ਐਲ.ਓਜ਼. ਸਪੈਸ਼ਲ ਇਟੈਂਸਿਵ ਰਿਵੀਜ਼ਨ ਸਬੰਧੀ ਫਾਰਮ ਭਰੇ ਜਾਣਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ- ਜ਼ਿਲ੍ਹਾ ਚੋਣ ਅਫ਼ਸਰ ਆਦਿਤਿਆ ਉੱਪਲ ਨੇ ਦਫਤਰ ਡਿਪਟੀ ਕਮਿਸ਼ਨਰ ਵਿਖੇ ਵੱਖ-ਵੱਖ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਵਿਸ਼ੇਸ਼ ਮੀਟਿੰਗ ਕਰਦਿਆਂ ਦਿੱਤੀ।

ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਪ੍ਰੀ-ਐਸ.ਆਈ.ਆਰ ਦੌਰਾਨ ਜ਼ਿਲ੍ਹੇ ਦਾ 85.02 ਫ਼ੀਸਦੀ ਮੈਪਿੰਗ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ। ਜ਼ਿਲ੍ਹੇ ਵਿਚ ਕੁੱਲ 1553 ਪੋਲਿੰਗ ਸਟੇਸ਼ਨਾਂ ਵਿਚ 1289140 ਵੋਟਰ ਹਨ, ਜਿਨ੍ਹਾਂ ‘ਚੋਂ 1095988 ਵੋਟਰ ਮੈਪ ਕੀਤੇ ਗਏ ਹਨ, ਜਦਕਿ 193152 ਵੋਟਰ ਅਨਮੈਪ ਹਨ। ਉਨ੍ਹਾਂ ਦੱਸਿਆ ਕਿ ਇਸ ਕਾਰਜ ਲਈ ਜ਼ਿਲ੍ਹੇ ਵਿਚ 1555 ਬੀ.ਐਲ.
ਓਜ਼, 161 ਸੁਪਰਵਾਈਜ਼ਰ ਸਮੇਤ ਪੂਰਾ ਚੋਣ ਅਮਲਾ ਲਗਾਇਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਬੀ ਐੱਲ ਓਜ਼ ਨੂੰ ਟ੍ਰੇਨਿੰਗ ਦੇਣ ਅਤੇ ਹੋਰ ਤਿਆਰੀਆਂ ਸਬੰਧੀ ਕੰਮ 15 ਜੂਨ ਤੋਂ 24 ਜੂਨ ਤੱਕ ਕੀਤਾ ਜਾਵੇਗਾ। ਪੋਲਿੰਗ ਸਟੇਸ਼ਨਾਂ ਨੂੰ ਰੈਸ਼ਨੇਲਾਈਜ਼ ਕਰਨ ਦਾ ਕਾਰਜ 24 ਜੁਲਾਈ 2026 ਤੱਕ ਕੀਤਾ ਜਾਵੇਗਾ ਇਸ ਸਬੰਧੀ ਜੇਕਰ ਰਾਜਸੀ ਪਾਰਟੀਆਂ ਦੇ ਕੋਈ ਵੀ ਸੁਝਾਅ ਹਨ ਤਾਂ ਸਬੰਧਿਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਦੇ ਦਫ਼ਤਰ ਵਿਖੇ ਦਿੱਤੇ ਜਾ ਸਕਦੇ ਹਨ। ਵੋਟਰ ਸੂਚੀ ਦਾ ਖਰੜਾ ਮਿਤੀ 31 ਜੁਲਾਈ ਨੂੰ ਪ੍ਰਕਾਸ਼ਿਤ ਕੀਤਾ ਜਾਵੇਗਾ। ਵੋਟਰ ਸੂਚੀਆਂ ਸਬੰਧੀ ਇਤਰਾਜ਼ ਅਤੇ ਦਾਅਵੇ 31 ਜੁਲਾਈ ਤੋਂ 30 ਅਗਸਤ 2026 ਤੱਕ ਪੇਸ਼ ਕੀਤੇ ਜਾ ਸਕਦੇ ਹਨ। ਦਾਅਵੇ ਅਤੇ ਇਤਰਾਜ਼ਾਂ ਦਾ ਨਿਪਟਾਰਾ 31 ਜੁਲਾਈ ਤੋਂ 28 ਸਤੰਬਰ ਤੱਕ ਕੀਤਾ ਜਾਵੇਗਾ। ਅੰਤਿਮ ਵੋਟਰ ਸੂਚੀ ਦੀ ਪ੍ਰਕਾਸ਼ਨਾ 1 ਅਕਤੂਬਰ 2026 ਨੂੰ ਕੀਤੀ ਜਾਵੇਗੀ।

ਉਨ੍ਹਾਂ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਕੀਤੀ ਕਿ ਆਪਣੇ ਬੂਥ ਲੈਵਲ ਏਜੰਟ ਨਿਯੁਕਤ ਕੀਤੇ ਜਾਣ ਅਤੇ ਸੂਚਨਾ ਸਬੰਧਿਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਦੇ ਦਫ਼ਤਰ ਵਿਖੇ ਜਮ੍ਹਾ ਕਰਵਾਈ ਜਾਵੇ। ਜ਼ਿਲ੍ਹਾ ਗੁਰਦਾਸਪੁਰ ਦਾ ਵੋਟਰ ਹੈਲਪਲਾਈਨ ਨੰਬਰ 1950 ਹੈ। ਇਸ ਨੰਬਰ ਤੇ ਚੋਣਾਂ ਜਾਂ ਐੱਸ. ਆਈ ਆਰ ਨਾਲ ਸਬੰਧਤ ਜਾਣਕਾਰੀ ਲਈ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਤਹਿਸੀਲਦਾਰ ਚੋਣਾਂ ਮਨਜਿੰਦਰ ਸਿੰਘ, ਆਮ ਆਦਮੀ ਪਾਰਟੀ ਤੋਂ ਧਰੁਵ ਬਹਿਲ, ਕਾਂਗਰਸ ਤੋਂ ਗੁਰਵਿੰਦਰ ਲਾਲ, ਭਾਜਪਾ ਤੋਂ ਰਾਜਨ ਗੋਇਲ, ਸ਼੍ਰੋਮਣੀ ਅਕਾਲੀ ਦਲ (ਬ) ਤੋਂ ਤੇਜਬੀਰ ਸਿੰਘ, ਸੰਯੁਕਤ ਸਮਾਜ ਪੀਰਟੀ (ਬੀਕੇਯੂ ਚੜੂਨੀ) ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰਤਾਪ ਸਿੰਘ ਅਤੇ ਸਾਡਾ ਪੰਜਾਬ ਸਾਝਾਂ ਪੰਜਾਬ ਪਾਰਟੀ ਤੋਂ ਸੁਖਦੇਵ ਸਿੰਘ, ਚੋਣ ਕਨੂੰਗੋ ਸੁਨੀਲ ਕੁਮਾਰ ਮੌਜੂਦ ਸਨ।

Leave a Reply

Your email address will not be published. Required fields are marked *