ਡਿਪਟੀ ਕਮਿਸ਼ਨਰ, ਉਮਾ ਸ਼ੰਕਰ ਗੁਪਤਾ ਨੇ ਪਿੰਡ ਚਿਤੌੜਗੜ੍ਹ ਤੋਂ ਜਿਲ੍ਹੇ ਵਿੱਚ ਇੰਨ ਸੀਟੂ ਵਿਧੀ ਨਾਲ ਕਣਕ ਦੀ ਬਿਜਾਈ ਦੀ ਕਰਵਾਈ ਸ਼ੁਰੂਆਤ

ਗੁਰਦਾਸਪੁਰ

ਗੁਰਦਾਸਪੁਰ, 3 ਨਵੰਬਰ (ਸਰਬਜੀਤ ਸਿੰਘ )– ਅੱਜ ਡਿਪਟੀ ਕਮਿਸ਼ਨਰ ਉਮਾ ਸ਼ੰਕਰ ਗੁਪਤਾ ਵਲੋਂ ਖੁਦ ਸੁਪਰਸੀਡਰ ਰਾਹੀਂ ਬਲਾਕ ਫਤਿਹਗੜ੍ਹ ਚੂੜੀਆਂ ਦੇ ਪਿੰਡ ਚਿਤੌੜਗੜ੍ਹ (ਪਿੰਡੀ) ਵਿਖੇ ਕਿਸਾਨ ਜੋਗਾ ਸਿੰਘ ਪੁੱਤਰ ਲਖਬੀਰ ਸਿੰਘ ਅਤੇ ਦਿਲਾਵਰ ਸਿੰਘ ਪੁੱਤਰ ਪਰਮਜੀਤ ਸਿੰਘ ਦੇ ਖੇਤ ਵਿੱਚ ਇੰਨ ਸੀਟੂ ਵਿਧੀ ਨਾਲ ਝੋਨੇ ਦੀ ਫਸਲ ਦੀ ਰਹਿੰਦ-ਖੂੰਹਦ ਨੂੰ ਪੈਲੀ ਵਿੱਚ ਹੀ ਵਹਾ ਕੇ ਕਣਕ ਦੀ ਬਿਜਾਈ ਦੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਸੁਰਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ, ਵੀਰਪਾਲ ਕੋਰ, ਐਸ.ਡੀ.ਐਮ ਫਤਿਹਗੜ੍ਹ ਚੂੜੀਆਂ ਅਤੇ ਨਾਇਬ ਤਹਿਸੀਲਦਾਰ ਕਮਲਪ੍ਰੀਤ ਸਿੰਘ ਵੀ ਮੌਜੂਦ ਸਨ।ਅੱਜ ਡਿਪਟੀ ਕਮਿਸ਼ਨਰ ਵਲੋਂ ਪਿੰਡ ਠੱਠਾ, ਪਿੰਡੀ, ਮਾਨ ਖਹਿਰਾ ਭਾਲੋਵਾਲੀ ਤੇ ਚਿਤੌੜਗੜ੍ਹ ਪਿੰਡਾਂ ਦਾ ਦੌਰਾ ਕਰਕੇ ਇੰਨ ਸੀਟੂ ਤਰੀਕੇ ਨਾਲ ਕਣਕ ਦੀ ਬਿਜਾਈ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਅਗਾਂਹਵਧੂ ਕਿਸਾਨ ਜੋਗਾ ਸਿੰਘ ਤੇ ਦਿਲਾਵਰ ਸਿੰਘ ਵਲੋਂ ਇੰਨ ਸੀਟੂ ਤਰੀਕੇ ਨਾਲ ਕਣਕ ਦੀ ਬਿਜਾਈ ਕਰਨ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਕਿਸਾਨਾਂ ਵਲੋਂ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾ ਕੇ ਪੈਲੀ ਵਿੱਚ ਹੀ ਵਹਾ ਕੇ ਕਣਕ ਬੀਜੀ ਜਾ ਰਹੀ ਹੈ, ਜੋ ਹੋਰਨਾਂ ਕਿਸਾਨਾਂ ਲਈ ਵੱਡੀ ਮਿਸਾਲ ਹੈ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਉਹ ਖੁਦ ਪਿਛਲੇ ਕਰੀਬ ਡੇਢ ਮਹੀਨੇ ਤੋਂ ਜਿਲ੍ਹੇ ਦੇ ਵੱਖ ਵੱਖ ਪਿੰਡਾਂ ਵਿੱਚ ਕਿਸਾਨਾਂ ਨੂੰ ਮਿਲ ਕੇ ਪਰਾਲੀ ਨਾ ਸਾੜਨ ਦੀ ਅਪੀਲ ਕਰ ਰਹੇ ਹਨ। ਕਿਸਾਨਾਂ ਨੂੰ ਇੰਨ ਸੀਟੂ ਤਰੀਕੇ ਨਾਲ ਫਸਲ ਦੀ ਰਹਿੰਦ-ਖੂੰਹਦ ਨੂੰ ਪੈਲੀ ਵਿੱਚ ਵਹਾ ਕੇ ਕਣਕ ਬੀਜਣ ਜਾਂ ਐਕਸ ਸੀਟੂ ਤਰੀਕੇ ਨਾਲ ਪਰਾਲੀ ਪ੍ਰਬੰਧਨ (ਗੱਠਾਂ ਬਣਾਉਣ) ਲਈ ਖੇਤੀ ਮਸ਼ੀਨਰੀ ਦੀ ਵਰਤੋਂ ਕਰਨੀ ਦੀ ਅਪੀਲ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਮੇਂ ਦੀ ਨਜ਼ਾਕਤ ਨੂੰ ਪਛਾਣਦਿਆਂ ਉਨਾਂ ਨੂੰ ਆਧੁਨਿਕ ਤਰੀਕੇ ਨਾਲ ਖੇਤੀ ਕਰਨੀ ਚਾਹੀਦੀ ਹੈ ਤੇ ਦਿਨੋਂ ਦਿਨ ਹੋ ਰਹੇ ਵਾਤਾਵਰਣ ਨੂੰ ਪਲੀਤ ਹੋਣ ਤੋਂ ਬਚਾਉਣ ਲਈ ਪਰਾਲੀ ਦੇ ਨਾੜ ਨੂੰ ਅੱਗ ਲਗਾਉਣ ਤੋ ਗੁਰੇਜ ਕਰਨਾ ਚਾਹੀਦਾ ਹੈ। ਨਾੜ ਨੂੰ ਅੱਗ ਨਾ ਲਗਾਉਣ ‘ਤੇ ਜਿਥੇ ਮਿੱਤਰ ਕੀੜੇ ਫਸਲ ਲਈ ਸਹਾਈ ਹੁੰਦੇ ਹਨ, ਉਥੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਬਣੀ ਰਹਿੰਦੀ ਹੈ।ਵਧੀਕ ਡਿਪਟੀ ਕਮਿਸ਼ਨਰ, ਸੁਰਿੰਦਰ ਸਿੰਘ ਵਲੋਂ ਵੱਖ-ਵੱਖ ਪਿੰਡਾਂ ਦਾ ਦੌਰਾ :ਇਸੇ ਤਰ੍ਹਾਂ ਅੱਜ ਵਧੀਕ ਡਿਪਟੀ ਕਮਿਸ਼ਨਰ (ਜ), ਸੁਰਿੰਦਰ ਸਿੰਘ ਨੇ ਪਿੰਡ ਡਾਲੇਚੱਕ, ਕਾਲਾ ਅਫਗਾਨਾ, ਮੁਰੀਦਕੇ, ਲੋਧੀਨੰਗਲ ਤੇ ਬੇਰੀਆਵਾਲ ਵਿਖੇ ਐਕਸ ਸੀਟੂ ਰਾਹੀਂ ਪਰਾਲੀ ਪ੍ਰਬੰਧਨ ਅਤੇ ਇੰਨ ਸੀਟੂ ਤਰੀਕੇ ਨਾਲ ਕਣਕ ਦੀ ਬਿਜਾਈ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਫਸਲ ਦੀ ਰਹਿੰਦ-ਖੂੰਹਦ ਨੂੰ ਪੈਲੀ ਵਿੱਚ ਵਾਹੁਣ ਜਾਂ ਪਰਾਲੀ ਪ੍ਰਬੰਧਨ ਲਈ ਖੇਤੀ ਮਸ਼ੀਨਰੀ ਦੀ ਵਰਤੋਂ ਕਰਨ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਖੇਤੀਬਾੜੀ ਵਿਭਾਗ ਵਲੋਂ ਪਿੰਡਾਂ ਵਿਚ ਕਿਸਾਨਾਂ ਨੂੰ ਇੰਨ ਸੀਟੂ ਵਿਧੀ ਨਾਲ ਕਣਕ ਦੀ ਬਿਜਾਈ ਕਰਨ ਤੇ ਖੇਤੀ ਦੀਆਂ ਨਵੀਆਂ ਤਕਨੀਕਾਂ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਪਿੰਡਾਂ ਵਿਚ ਕਿਸਾਨਾਂ ਨੂੰ ਇੰਨ ਸੀਟੂ ਅਤੇ ਐਕਸ ਸੀਟੂ ਵਿਧੀ ਬਾਰੇ ਵੱਧ ਤੋਂ ਵੱਧ ਪ੍ਰੇਰਿਤ ਕਰਨ। ਪਰਾਲੀ ਦੇ ਨਾੜ ਨੂੰ ਖੇਤਾਂ ਵਿਚ ਵਾਹ ਕੇ ਕਣਕ ਦੀ ਬਿਜਾਈ ਕਰਦੇ ਹਨ ਅਗਾਂਹਵਧੂ ਕਿਸਾਨ ਜੋਗਾ ਸਿੰਘ ਤੇ ਦਿਲਾਵਰ ਸਿੰਘ :ਅਗਾਂਹਵਧੂ ਕਿਸਾਨਾਂ ਜੋਗਾ ਸਿੰਘ ਤੇ ਦਿਲਾਵਰ ਸਿੰਘ ਨੇ ਦੱਸਿਆ ਕਿ ਉਹ ਕਰਮਵਾਰ ਸਾਢੇ 4 ਏਕੜ ਅਤੇ 5 ਏਕੜ ਵਿਚ ਇੰਨ ਸੀਟੂ ਤਰੀਕੇ ਨਾਲ ਕਣਕ ਦੀ ਬਿਜਾਈ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਕਣਕ ਦੀ ਇੰਨ ਸੀਟੂ ਤਰੀਕੇ ਨਾਲ ਬਿਜਾਈ ਕਰਨ ਨਾਲ ਕੀਮਤੀ ਪਾਣੀ ਦੀ ਬਚਤ ਕੀਤੀ ਜਾ ਸਕਦੀ ਹੈ ਅਤੇ ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਉਹ ਪਿਛਲੇ ਦੋ ਸਾਲਾਂ ਤੋਂ ਪਰਾਲੀ ਦੇ ਨਾੜ ਨੂੰ ਅੱਗ ਨਹੀਂ ਲਗਾ ਰਹੇ ਤੇ ਫਸਲ ਦੀ ਬਿਜਾਈ ਖੇਤੀਬਾੜੀ ਦੀਆਂ ਸ਼ਿਫਾਰਿਸਾਂ ਤੇ ਸੁਪਰਸੀਡਰ ਨਾਲ ਕਰਦੇ ਹਨ, ਜਿਸ ਨਾਲ ਜਿਥੇ ਉਹ ਧਰਤੀ ਦੀ ਉਪਜਾਊ ਸ਼ਕਤੀ ਬਰਕਰਾਰ ਰੱਖਣ ਵਿਚ ਸਫਲ ਹੋਏ ਹਨ, ਉਸ ਦੇ ਨਾਲ-ਨਾਲ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਵਿਚ ਵੀ ਯੋਗਦਾਨ ਪਾ ਰਹੇ ਹਨ।

Leave a Reply

Your email address will not be published. Required fields are marked *