ਮਾਨਸਾ, ਗੁਰਦਾਸਪੁਰ, 18 ਮਾਰਚ (ਸਰਬਜੀਤ ਸਿੰਘ)– ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਕੱਲ ਅਪਣੀਆਂ ਮੰਗਾਂ ਉਠਾਉਣ ਲਈ ਪੰਜਾਬ ਵਿਧਾਨ ਸਭਾ ਵੱਲ ਵਿਖਾਵਾ ਕਰਨ ਜਾ ਰਹੇ ਪੰਜਾਬ ਦੇ ਖੇਤ ਮਜ਼ਦੂਰਾਂ ਉਤੇ ਮੋਹਾਲੀ ਵਿਖੇ ਪੰਜਾਬ ਪੁਲਿਸ ਵਲੋਂ ਕੀਤੇ ਲਾਠੀਚਾਰਜ ਦੀ ਸਖਤ ਨਿੰਦਾ ਕੀਤੀ ਹੈ।
ਸੁਖਦਰਸ਼ਨ ਸਿੰਘ ਨੱਤ , ਮੈਂਬਰ ਸੂਬਾ ਸਟੈਂਡਿੰਗ ਕਮੇਟੀ, ਸੀਪੀਆਈ (ਐਮ ਐਲ) ਪੰਜਾਬ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਭਗਵੰਤ ਮਾਨ ਸਰਕਾਰ ਸੂਬੇ ਦੇ ਖੇਤ ਮਜ਼ਦੂਰਾਂ ਅਤੇ ਪੇਂਡੂ ਗਰੀਬਾਂ ਨਾਲ ਮਤਰੇਈ ਮਾਂ ਵਰਗਾ ਸਲੂਕ ਕਰ ਰਹੀ ਹੈ। ਅੱਠ ਮਜ਼ਦੂਰ ਜਥੇਬੰਦੀਆਂ ਉਤੇ ਅਧਾਰਤ ਸਾਂਝੇ ਮਜ਼ਦੂਰ ਮੋਰਚੇ ਦੀ ਅਗਵਾਈ ਵਿਚ ਪੰਜਾਬ ਦੇ ਖੇਤ ਮਜ਼ਦੂਰ ਲੰਬੇ ਅਰਸੇ ਤੋਂ ਅਪਣੀਆਂ ਜਾਇਜ਼ ਮੰਗਾਂ ਮੰਨਵਾਉਣ ਲਈ ਸੰਘਰਸ਼ ਕਰ ਰਹੇ ਹਨ, ਪਰ ਮੁੱਖ ਮੰਤਰੀ ਉਨਾਂ ਦੀ ਸੁਣਵਾਈ ਲਈ ਵਾਰ ਵਾਰ ਮੀਟਿੰਗ ਰੱਖ ਕੇ ਮੁਲਤਵੀ ਕਰ ਰਹੇ ਹਨ। ਜਦੋਂ ਕਿ ਉਹ ਕਾਰਪੋਰੇਟ ਕੰਪਨੀਆਂ ਦੀਆਂ ਮਿੰਨਤਾਂ ਕਰਨ ਲਈ ਜਨਤਕ ਪੈਸਾ ਖਰਚ ਕਰਕੇ ਸੰਮੇਲਨ ਕਰ ਰਹੇ ਹਨ ਅਤੇ ਸਨਅਤਕਾਰਾਂ, ਕਿਸਾਨ ਜਥੇਬੰਦੀਆਂ ਤੇ ਹੋਰ ਵਰਗਾਂ ਨਾਲ ਕੀ ਵਾਰ ਮੀਟਿੰਗਾਂ ਕਰ ਚੁੱਕੇ ਹਨ। ਸਮਾਜ ਦੇ ਸਭ ਤੋਂ ਪੀੜਤ ਗਰੀਬਾਂ ਤੇ ਸਾਧਨਹੀਣ ਬੇਜ਼ਮੀਨੇ ਦਲਿਤਾਂ ਤੇ ਖੇਤ ਮਜ਼ਦੂਰਾਂ ਨਾਲ ਮਾਨ ਸਰਕਾਰ ਦਾ ਇਹ ਵਰਤਾਓ ਬੇਹੱਦ ਅਪਮਾਨਜਨਕ ਹੈ। ਸੀਪੀਆਈ (ਐਮ ਐਲ) ਖੇਤ ਮਜ਼ਦੂਰਾਂ ਦੇ ਹੱਕੀ ਅੰਦੋਲਨ ਦਾ ਪੂਰਨ ਸਮਰਥਨ ਕਰਦੀ ਹੈ ਅਤੇ ਸੂਬਾ ਸਰਕਾਰ ਤੋਂ ਮੰਗ ਕਰਦੀ ਹੈ ਕਿ ਉਹ ਤੁਰੰਤ ਮਜ਼ਦੂਰਾਂ ਦੀਆਂ ਸਮਸਿਆਵਾਂ ਸੁਣੇ ਅਤੇ ਉਨਾਂ ਦੀ ਮੰਗਾਂ ਨੂੰ ਪ੍ਰਵਾਨ ਕਰੇ। ਅਜਿਹਾ ਨਾ ਕਰਨ ਅਤੇ ਜਨਤਾ ਨਾਲ ਕੀਤੇ ਅਪਣੇ ਚੋਣ ਵਾਦਿਆਂ ਤੋਂ ਭਗੌੜੇ ਹੋਣ ਦੀ ਸੂਰਤ ਵਿਚ ਆਮ ਆਦਮੀ ਪਾਰਟੀ ਦੇ ਗੜ੍ਹ ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ‘ਚ ਹੋਈ ਹਾਰ ਵਾਂਗ ਆਪ ਨੂੰ ਵੱਡੇ ਸਿਆਸੀ ਖੋਰੇ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਪਵੇਗਾ ।