ਵਿਦਿਆਰਥੀਆਂ ਦੇ ਰੌਸ਼ਨ ਭਵਿੱਖ ਲਈ ਜ਼ਿਲ੍ਹਾ ਗਾਈਡੈਂਸ ਕਾਉਂਸਲਰ ਦੀ ਪ੍ਰੇਰਣਾਦਾਇਕ ਪਹਿਲ

ਗੁਰਦਾਸਪੁਰ

ਕੈਰੀਅਰ ਮਾਰਗਦਰਸ਼ਨ ਕੈਂਪ ਰਾਹੀਂ ਨੌਜਵਾਨਾਂ ਨੂੰ ਦਿੱਤੀ ਸਫਲਤਾ ਵੱਲ ਨਵੀਂ ਦਿਸ਼ਾ

“ਸਪਨਿਆਂ ਨੂੰ ਸਾਕਾਰ ਕਰਨ ਲਈ ਸਹੀ ਮਾਰਗਦਰਸ਼ਨ, ਆਤਮਵਿਸ਼ਵਾਸ ਅਤੇ ਸਮੇਂ ਸਿਰ ਲਿਆ ਗਿਆ ਫੈਸਲਾ ਬਹੁਤ ਜ਼ਰੂਰੀ ਹੈ” — ਮੁਕੇਸ਼ ਵਰਮਾ

ਗੁਰਦਾਸਪੁਰ, 11 ਮਈ (ਸਰਬਜੀਤ ਸਿੰਘ)– ਸਹਾਇਕ ਡਾਇਰੈਕਟਰ ਐਸਸੀਆਰਟੀ ਪੰਜਾਬ ਸਰੂਤੀ ਸ਼ੁਕਲਾ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਗੁਰਦਾਸਪੁਰ ਪਰਮਜੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸੁਨਹਿਰੇ ਭਵਿੱਖ ਪ੍ਰਤੀ ਜਾਗਰੂਕ ਕਰਨ ਅਤੇ ਉਨ੍ਹਾਂ ਨੂੰ ਸਹੀ ਕਰੀਅਰ ਦੀ ਚੋਣ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਜ਼ਿਲ੍ਹਾ ਗਾਈਡੈਂਸ ਕਾਉਂਸਲਰ ਮੁਕੇਸ਼ ਵਰਮਾ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਿੱਬੜ ਅਤੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਦਾ ਵਿਸ਼ੇਸ਼ ਸਿੱਖਿਆਤਮਕ ਅਤੇ ਪ੍ਰੇਰਣਾਦਾਇਕ ਦੌਰਾ ਕੀਤਾ ਗਿਆ। ਇਸ ਮੌਕੇ ਗਾਈਡੈਂਸ ਕਾਉਂਸਲਰ ਹਰਦੀਪ ਸਿੰਘ ਸੈਣੀ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।

ਇਸ ਮੌਕੇ ਜ਼ਿਲ੍ਹਾ ਗਾਈਡੈਂਸ ਕਾਉਂਸਲਰ ਮੁਕੇਸ਼ ਵਰਮਾ ਨੇ ਵਿਦਿਆਰਥੀਆਂ ਨਾਲ ਖੁੱਲ੍ਹੇ ਦਿਲ ਨਾਲ ਸੰਵਾਦ ਕਰਦੇ ਹੋਏ ਬਾਰਹਵੀਂ ਜਮਾਤ ਤੋਂ ਬਾਅਦ ਉਪਲਬਧ ਵੱਖ-ਵੱਖ ਕੈਰੀਅਰ ਮੌਕਿਆਂ, ਪ੍ਰਤੀਯੋਗੀ ਪ੍ਰੀਖਿਆਵਾਂ, ਪ੍ਰੋਫੈਸ਼ਨਲ ਅਤੇ ਸਕਿੱਲ ਆਧਾਰਿਤ ਕੋਰਸਾਂ, ਤਕਨੀਕੀ ਸਿੱਖਿਆ ਅਤੇ ਰੋਜ਼ਗਾਰਮੁੱਖ ਖੇਤਰਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਮੇਂ ਦੇ ਬਦਲਦੇ ਰੁਝਾਨਾਂ ਅਨੁਸਾਰ ਆਪਣੇ ਆਪ ਨੂੰ ਤਿਆਰ ਕਰਨ ਅਤੇ ਆਪਣੀ ਰੁਚੀ ਅਤੇ ਯੋਗਤਾ ਦੇ ਅਨੁਸਾਰ ਕਰੀਅਰ ਚੁਣਨ ਲਈ ਪ੍ਰੇਰਿਤ ਕੀਤਾ।

ਉਨ੍ਹਾਂ ਅੱਗੇ ਕਿਹਾ ਕਿ ਅੱਜ ਦੇ ਮੁਕਾਬਲੇਭਰੇ ਯੁੱਗ ਵਿੱਚ ਸਿਰਫ਼ ਡਿਗਰੀ ਹਾਸਲ ਕਰਨਾ ਹੀ ਕਾਫ਼ੀ ਨਹੀਂ, ਸਗੋਂ ਵਿਦਿਆਰਥੀਆਂ ਵਿੱਚ ਹੁਨਰ, ਆਤਮਵਿਸ਼ਵਾਸ ਅਤੇ ਸਹੀ ਫੈਸਲੇ ਲੈਣ ਦੀ ਸਮਰੱਥਾ ਹੋਣਾ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਵਿਦਿਆਰਥੀ ਆਪਣੇ ਟੀਚੇ ਪ੍ਰਤੀ ਸਮਰਪਿਤ ਰਹਿੰਦੇ ਹਨ ਅਤੇ ਲਗਾਤਾਰ ਮਿਹਨਤ ਕਰਦੇ ਹਨ, ਸਫਲਤਾ ਖੁਦ ਉਨ੍ਹਾਂ ਦੇ ਕਦਮ ਚੁੰਮਦੀ ਹੈ।

ਇਸ ਮੌਕੇ ਸਕੂਲ ਵਿੱਚ ਸਥਾਪਿਤ “ਗਾਈਡੈਂਸ ਕਾਰਨਰ” ਦਾ ਨਿਰੀਖਣ ਵੀ ਕੀਤਾ ਗਿਆ। ਜ਼ਿਲ੍ਹਾ ਗਾਈਡੈਂਸ ਕਾਉਂਸਲਰ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਸੁਝਾਅ ਦਿੱਤਾ ਕਿ ਵਿਦਿਆਰਥੀਆਂ ਨੂੰ ਪ੍ਰਤੀਯੋਗੀ ਪ੍ਰੀਖਿਆਵਾਂ, ਉੱਚ ਸਿੱਖਿਆ ਸੰਸਥਾਵਾਂ, ਸਕਾਲਰਸ਼ਿਪ ਯੋਜਨਾਵਾਂ ਅਤੇ ਵੱਖ-ਵੱਖ ਵੋਕੇਸ਼ਨਲ ਕੋਰਸਾਂ ਸਬੰਧੀ ਨਵੀਂ ਅਤੇ ਅਪਡੇਟ ਜਾਣਕਾਰੀ ਨਿਯਮਿਤ ਤੌਰ ’ਤੇ ਮੁਹੱਈਆ ਕਰਵਾਈ ਜਾਵੇ, ਤਾਂ ਜੋ ਉਹ ਆਪਣੇ ਭਵਿੱਖ ਦੀ ਤਿਆਰੀ ਹੋਰ ਵਧੀਆ ਢੰਗ ਨਾਲ ਕਰ ਸਕਣ।

ਇਸ ਮੌਕੇ ਵਿਦਿਆਰਥੀਆਂ ਨੇ ਆਪਣੇ ਕਰੀਅਰ, ਉੱਚ ਸਿੱਖਿਆ, ਸਰਕਾਰੀ ਨੌਕਰੀਆਂ ਅਤੇ ਨਿੱਜੀ ਖੇਤਰ ਵਿੱਚ ਉਪਲਬਧ ਮੌਕਿਆਂ ਬਾਰੇ ਕਈ ਸਵਾਲ ਪੁੱਛੇ। ਜ਼ਿਲ੍ਹਾ ਗਾਈਡੈਂਸ ਕਾਉਂਸਲਰ ਮੁਕੇਸ਼ ਵਰਮਾ ਨੇ ਸਾਰੇ ਸਵਾਲਾਂ ਦੇ ਉੱਤਰ ਬਹੁਤ ਹੀ ਸੌਖੇ, ਸਪੱਸ਼ਟ ਅਤੇ ਪ੍ਰੇਰਣਾਦਾਇਕ ਢੰਗ ਨਾਲ ਦਿੱਤੇ, ਜਿਸ ਨਾਲ ਵਿਦਿਆਰਥੀਆਂ ਵਿੱਚ ਆਤਮਵਿਸ਼ਵਾਸ ਅਤੇ ਸਕਾਰਾਤਮਕ ਸੋਚ ਦਾ ਵਿਕਾਸ ਹੋਇਆ।

ਸਕੂਲ ਪ੍ਰਬੰਧਕਾਂ ਵੱਲੋਂ ਜ਼ਿਲ੍ਹਾ ਗਾਈਡੈਂਸ ਕਾਉਂਸਲਰ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਪ੍ਰਿੰਸੀਪਲ ਡਾ. ਸ਼ਾਲਿਨੀ ਦੱਤਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਮੇਂ ਸਿਰ ਮਿਲਿਆ ਸਹੀ ਮਾਰਗਦਰਸ਼ਨ ਵਿਦਿਆਰਥੀਆਂ ਦੇ ਜੀਵਨ ਦੀ ਦਿਸ਼ਾ ਬਦਲ ਸਕਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਨੁਸ਼ਾਸਨ, ਮਿਹਨਤ ਅਤੇ ਆਪਣੇ ਟੀਚੇ ਪ੍ਰਤੀ ਸਮਰਪਿਤ ਰਹਿਣ ਲਈ ਪ੍ਰੇਰਿਤ ਕੀਤਾ।

ਜ਼ਿਲ੍ਹਾ ਸਿੱਖਿਆ ਅਫਸਰ ਗੁਰਦਾਸਪੁਰ ਪਰਮਜੀਤ ਕੌਰ ਨੇ ਵੀ ਇਸ ਉਪਰਾਲੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਜਿਹੇ ਮਾਰਗਦਰਸ਼ਨ ਪ੍ਰੋਗਰਾਮ ਵਿਦਿਆਰਥੀਆਂ ਨੂੰ ਆਪਣੇ ਟੀਚਿਆਂ ਪ੍ਰਤੀ ਜਾਗਰੂਕ ਕਰਨ ਅਤੇ ਉਨ੍ਹਾਂ ਵਿੱਚ ਸਹੀ ਦਿਸ਼ਾ ਚੁਣਨ ਦੀ ਸਮਰੱਥਾ ਵਿਕਸਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਦੇ ਨਾਲ-ਨਾਲ ਕਰੀਅਰ ਕਾਉਂਸਲਿੰਗ ਵੀ ਅੱਜ ਦੇ ਸਮੇਂ ਦੀ ਮੁੱਖ ਲੋੜ ਬਣ ਚੁੱਕੀ ਹੈ।

ਦੌਰੇ ਦੇ ਸਮਾਪਤੀ ਸਮਾਗਮ ਦੌਰਾਨ ਪ੍ਰਿੰਸੀਪਲ ਡਾ. ਸ਼ਾਲਿਨੀ ਦੱਤਾ ਵੱਲੋਂ ਜ਼ਿਲ੍ਹਾ ਗਾਈਡੈਂਸ ਕਾਉਂਸਲਰ ਮੁਕੇਸ਼ ਵਰਮਾ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਾਈਸ ਪ੍ਰਿੰਸੀਪਲ ਪਰਮਿੰਦਰ ਕੌਰ, ਕਾਉਂਸਲਰ ਹਰਦੀਪ ਸਿੰਘ ਸੈਣੀ, ਹੈੱਡਮਾਸਟਰ ਪਰਮਜੀਤ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਿੱਬੜ ਤੋਂ ਗਾਈਡੈਂਸ ਅਧਿਆਪਕ ਵਿਨੋਦ ਸ਼ਰਮਾ ਇੰਚਾਰਜ, ਰੇਣੂ, ਕਮਲ ਜ਼ਿਲ੍ਹਾ ਕੋਆਰਡੀਨੇਟਰ ਈਕੋ ਕਲੱਬ ਅਤੇ ਹੋਰ ਅਧਿਆਪਕ ਤੇ ਸਟਾਫ ਮੈਂਬਰ ਵੀ ਹਾਜ਼ਰ ਸਨ।

Leave a Reply

Your email address will not be published. Required fields are marked *