ਮੁੱਖ ਮੰਤਰੀ ਦੀ ਯਾਤਰਾ ਦੌਰਾਨ ਉਨ੍ਹਾਂ ਨੂੰ ਮੰਗ ਪੱਤਰ ਦੇਣ ਜਾ ਰਹੇ ਦਰਜਨਾਂ ਕਾਰਕੁਨਾਂ ਨੂੰ ਪੁਲਸ ਵਲੋਂ ਗ੍ਰਿਫਤਾਰ ਕਰਨ ਦੀ ਲਿਬਰੇਸ਼ਨ ਸਖ਼ਤ ਨਿੰਦਾ

ਮਾਲਵਾ

ਅਪਣੀ ਬੇਟੀ ਦੀ ਮੌਤ ਦੀ ਜਾਂਚ ਦੀ ਮੰਗ ਲਈ ਮੁੱਖ ਮੰਤਰੀ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੀ ਵੀਰਪਾਲ ਕੌਰ ਰੱਲਾ ਦਾ ਦੋਸ਼ – ਮੈਨੂੰ ਆਪ ਦੀਆਂ ਸਥਾਨਕ ਮਹਿਲਾ ਆਗੂਆਂ ਤੇ ਵਿਧਾਇਕ ਦੇ ਕਹਿਣ ‘ਤੇ ਪੁਲਸ ਨੇ ਚੁੱਕਿਆ

ਮਾਨਸਾ, ਗੁਰਦਾਸਪੁਰ, 8 ਮਈ (ਸਰਬਜੀਤ ਸਿੰਘ)– ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅਪਣੀ ਸ਼ੁਕਰਾਨਾ ਯਾਤਰਾ ਦੌਰਾਨ ਮਾਨਸਾ ਪਹੁੰਚਣ ਤੋਂ ਪਹਿਲਾਂ ਹੀ ਪੁਲਸ ਵਲੋਂ ਵੀਰਪਾਲ ਕੌਰ ਰੱਲਾ, ਸੀਪੀਐਫ ਪੈਨਸ਼ਨ ਯੂਨੀਅਨ ਦੇ ਆਗੂ ਧਰਮਿੰਦਰ ਹੀਰੇਵਾਲਾ, ਆਸ਼ਾ ਵਰਕਰ ਯੂਨੀਅਨ ਦੀਆਂ ਕਈ ਕਾਰਕੁਨਾਂ ਅਤੇ ਕੁਝ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਕੇ ਥਾਣਾ ਸਿਟੀ ਦੋ ਮਾਨਸਾ ਵਿੱਚ ਬੰਦ ਕਰਨ ਦੀ ਸੀਪੀਆਈ ਐਮ ਐਲ ਲਿਬਰੇਸ਼ਨ ਵਲੋਂ ਸਖ਼ਤ ਨਿੰਦਾ ਕੀਤੀ ਗਈ ਹੈ।
ਪਾਰਟੀ ਦੇ ਜਿਲ੍ਹਾ ਸਕੱਤਰ ਕਾਮਰੇਡ ਸੁਰਿੰਦਰ ਪਾਲ ਸ਼ਰਮਾ ਅਤੇ ਸੂਬਾਈ ਆਗੂ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਵਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਗੱਲ ਦੀ ਕੋਈ ਤੁੱਕ ਨਹੀਂ ਕਿ ਮੁੱਖ ਮੰਤਰੀ ਦੀ ਯਾਤਰਾ ਦੌਰਾਨ ਵੱਖ ਵੱਖ ਵਰਗਾਂ ਦੀਆਂ ਸਮਸਿਆਵਾਂ ਸੁਣਨ ਦੀ ਬਜਾਏ, ਉਨ੍ਹਾਂ ਨੂੰ ਪੁਲਸ ਤੋਂ ਚੁੱਕਵਾ ਕੇ ਥਾਣਿਆਂ ਵਿੱਚ ਬੰਦ ਕਰਵਾ ਦੇਵੇ। ਜੇਕਰ ਆਮ ਜਨਤਾ ਤੇ ਪੀੜਤ ਲੋਕਾਂ ਨੂੰ ਮਿਲਣਾ ਹੀ ਨਹੀਂ, ਤਾਂ ਲੋਕਾਂ ਦਾ ਪੈਸਾ ਫੂਕ ਕੇ ਇਹ ਯਾਤਰਾ ਕਰਨ ਦਾ ਮਨੋਰਥ ਹੀ ਕੀ ਹੈ? ਇੰਨਾਂ ਵਿਚੋਂ ਜਿਥੇ ਮੁਲਾਜ਼ਮ ਆਗੂ ਧਰਮਿੰਦਰ ਹੀਰੇਵਾਲਾ ਨੂੰ ਉਸ ਦੇ ਘਰੋਂ ਚੁੱਕਿਆ ਗਿਆ, ਉਥੇ ਬਾਕੀ ਸਾਰਿਆਂ ਨੂੰ ਮੁੱਖ ਮੰਤਰੀ ਨੂੰ ਮਿਲਣ ਲਈ ਇੱਕਠ ਵਾਲੀ ਜਗ੍ਹਾ ਅਰਵਿੰਦ ਨਗਰ ਦੇ ਨੇੜਿਓਂ ਗ੍ਰਿਫਤਾਰ ਕੀਤਾ ਗਿਆ। ਵੀਰਪਾਲ ਕੌਰ ਰੱਲਾ ਨੇ ਫੋਨ ‘ਤੇ ਦਸਿਆ ਕਿ ਉਹ ਇਕੱਲੀ ਹੀ ਅਪਣੀ ਬੇਟੀ ਐਡਵੋਕੇਟ ਦਿਲਜੋਤ ਸ਼ਰਮਾ ਦੀ ਜਨਵਰੀ 26 ਵਿੱਚ ਲੁਧਿਆਣਾ ਵਿਖੇ ਹੋਈ ਗੈਰ ਕੁਦਰਤੀ ਮੌਤ ਦੀ ਨਿਰਪੱਖ ਜਾਂਚ ਦੀ ਮੰਗ ਕਰਨ ਲਈ ਮੁੱਖ ਮੰਤਰੀ ਨੂੰ ਮਿਲ਼ਣਾ ਚਾਹੁੰਦੀ ਸੀ, ਪਰ ਆਮ ਆਦਮੀ ਪਾਰਟੀ ਦੀਆਂ ਮਾਨਸਾ ਦੀਆਂ ਕੁਝ ਸਥਾਨਕ ਔਰਤ ਵਰਕਰਾਂ ਤੇ ਸਥਾਨਕ ਵਿਧਾਇਕ ਦੇ ਕਹਿਣ ਤੇ ਪੁਲਸ ਨੇ ਉਸ ਨੂੰ ਜਬਰੀ ਚੁੱਕ ਕੇ ਗੱਡੀ ਵਿੱਚ ਸੁੱਟ ਲਿਆ ਅਤੇ ਮਾਨਸਾ ਕਚਿਹਰੀਆਂ ਵਾਲੇ ਥਾਣੇ ਵਿੱਚ ਲਿਜਾ ਕੇ ਬੰਦ ਕਰ ਦਿੱਤਾ।
ਲਿਬਰੇਸ਼ਨ ਆਗੂਆਂ ਨੇ ਬਿਆਨ ਵਿੱਚ ਕਿਹਾ ਹੈ ਕਿ ਇੰਨਾਂ ਸਾਰੇ ਫੜੇ ਕਾਰਕੁਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਭਗਵੰਤ ਮਾਨ ਨੂੰ ਇਸ ਧੱਕੇਸ਼ਾਹੀ ਦਾ ਮੂੰਹ ਤੋੜ ਜਵਾਬ ਪੰਜਾਬ ਦੀ ਜਨਤਾ ਆ ਰਹੀਆਂ ਵਿਧਾਨ ਸਭਾ ਚੋਣਾਂ ਦੌਰਾਨ ਦੇਵੇਗੀ।

Leave a Reply

Your email address will not be published. Required fields are marked *