ਚੰਡੀਗੜ੍ਹ, ਗੁਰਦਾਸਪੁਰ, 7 ਮਈ (ਸਰਬਜੀਤ ਸਿੰਘ)– ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀਰਵਾਰ ਨੂੰ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਰੀਬੀ ਸਾਥੀਆਂ ‘ਤੇ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਕੀਤੀਆਂ ਗਈਆਂ ਛਾਪੇਮਾਰੀਆਂ ਨੇ ਉਹਨਾਂ ਦੋਸ਼ਾਂ ਨੂੰ ਸਹੀ ਸਾਬਤ ਕਰ ਦਿੱਤਾ ਹੈ ਜੋ ਉਹ ਪਿਛਲੇ ਚਾਰ ਸਾਲਾਂ ਤੋਂ ਪੰਜਾਬ ਵਿੱਚ ਵੱਡੇ ਪੱਧਰ ‘ਤੇ ਹੋ ਰਹੇ ਭ੍ਰਿਸ਼ਟਾਚਾਰ ਅਤੇ ਅਧਿਕਾਰਾਂ ਦੇ ਦੁਰਵਰਤੋਂ ਬਾਰੇ ਲਗਾਤਾਰ ਲਗਾਉਂਦੇ ਆ ਰਹੇ ਹਨ।
ਬਾਜਵਾ ਨੇ ਕਿਹਾ ਕਿ ਛਾਪਿਆਂ ਦੌਰਾਨ ਸਾਹਮਣੇ ਆਈਆਂ ਹੈਰਾਨੀਜਨਕ ਤਸਵੀਰਾਂ, ਜਿਨ੍ਹਾਂ ਵਿੱਚ ਬਹੁ-ਮੰਜ਼ਿਲਾ ਇਮਾਰਤ ਵਿਚੋਂ ਨਕਦੀ ਨਾਲ ਭਰੇ ਬੈਗ ਸੁੱਟੇ ਜਾਂਦੇ ਹੋਏ ਦਿਖਾਈ ਦਿੱਤੇ, ਨੇ ਉਸ ਆਮ ਆਦਮੀ ਪਾਰਟੀ ਦਾ ਅਸਲੀ ਚਿਹਰਾ ਬੇਨਕਾਬ ਕਰ ਦਿੱਤਾ ਹੈ ਜੋ ਆਪਣੇ ਆਪ ਨੂੰ “ਕੱਟਰ ਇਮਾਨਦਾਰ” ਪਾਰਟੀ ਦੱਸਦੀ ਹੈ।
“ਪੰਜਾਬ ਵਿੱਚ ਅਸੀਂ ਪਹਿਲਾਂ ਕਦੇ ਅਜਿਹੇ ਦ੍ਰਿਸ਼ ਨਹੀਂ ਵੇਖੇ। ਇਹ ਸਰਕਾਰ ਘੱਟ ਅਤੇ ਕੋਈ ਅਪਰਾਧਕ ਫਿਲਮ ਵੱਧ ਲੱਗ ਰਹੀ ਸੀ। ਇਹ ਆਮ ਆਦਮੀ ਪਾਰਟੀ ਦਾ ਅਸਲੀ ਚਿਹਰਾ ਹੈ, ਜੋ ਦਰਅਸਲ ‘ਅਰਬਪਤੀ ਆਦਮੀ ਪਾਰਟੀ’ ਬਣ ਚੁੱਕੀ ਹੈ,” ਬਾਜਵਾ ਨੇ ਕਿਹਾ।
ਵਿਰੋਧੀ ਧਿਰ ਦੇ ਨੇਤਾ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਨੇ ਵੱਖ-ਵੱਖ ਤਰੀਕਿਆਂ ਰਾਹੀਂ ਪੰਜਾਬ ਵਿੱਚੋਂ 30,000 ਕਰੋੜ ਰੁਪਏ ਤੋਂ ਵੱਧ ਦੀ ਲੁੱਟ ਕੀਤੀ ਹੈ ਅਤੇ ਕਿਹਾ ਕਿ ਮੌਜੂਦਾ ਸਰਕਾਰ ਦੌਰਾਨ ਹੋਈ ਇਹ ਲੁੱਟ ਪੰਜਾਬ ਦੇ ਇਤਿਹਾਸ ਵਿੱਚ ਬੇਮਿਸਾਲ ਹੈ।
ਬਾਜਵਾ ਨੇ ਮੰਗ ਕੀਤੀ ਕਿ ਐਨਫੋਰਸਮੈਂਟ ਡਾਇਰੈਕਟੋਰੇਟ ਪੈਸੇ ਦੀ ਪੂਰੀ ਲੜੀ ਦੀ ਜਾਂਚ ਕਰੇ ਅਤੇ ਉਹਨਾਂ ਰਿਪੋਰਟਾਂ ਦੀ ਵੀ ਤਫ਼ਤੀਸ਼ ਕਰੇ ਜਿਨ੍ਹਾਂ ਮੁਤਾਬਕ ਵੱਡੀ ਮਾਤਰਾ ਵਿੱਚ ਰਕਮ ਆਸਟ੍ਰੇਲੀਆ, ਨਿਊਜ਼ੀਲੈਂਡ, ਯੂਰਪੀ ਦੇਸ਼ਾਂ, ਅਮਰੀਕਾ ਅਤੇ ਕੈਨੇਡਾ ਭੇਜੀ ਗਈ ਹੈ।
ਉਨ੍ਹਾਂ ਅੱਗੇ ਕਿਹਾ ਕਿ ਜੇ ਭਾਜਪਾ ਅਗਵਾਈ ਵਾਲੀ ਕੇਂਦਰ ਸਰਕਾਰ ਪੰਜਾਬ ਦੇ ਲੋਕਾਂ ਸਾਹਮਣੇ ਪੂਰਾ ਸੱਚ ਨਹੀਂ ਲਿਆਉਂਦੀ ਤਾਂ ਇਸ ਨਾਲ ਲੋਕਾਂ ਵਿੱਚ ਇਹ ਧਾਰਣਾ ਹੋਰ ਮਜ਼ਬੂਤ ਹੋਵੇਗੀ ਕਿ ਭਾਜਪਾ ਅਤੇ ਆਮ ਆਦਮੀ ਪਾਰਟੀ “ਇੱਕੇ ਸਿੱਕੇ ਦੇ ਦੋ ਪਾਸੇ” ਹਨ ਅਤੇ ਸਿਰਫ਼ ਰਾਜਨੀਤਿਕ ਕਹਾਣੀਆਂ ਘੜਨ ਵਿੱਚ ਲੱਗੀਆਂ ਹੋਈਆਂ ਹਨ, ਨਾ ਕਿ ਜਵਾਬਦੇਹੀ ਯਕੀਨੀ ਬਣਾਉਣ ਵਿੱਚ।
ਪੰਜਾਬ ਵਿੱਚ ਹਾਲ ਹੀ ਵਿੱਚ ਹੋਈਆਂ ਧਮਾਕੇ ਦੀਆਂ ਘਟਨਾਵਾਂ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਆ ਰਹੇ ਵਿਰੋਧਾਭਾਸੀ ਬਿਆਨਾਂ ‘ਤੇ ਗੰਭੀਰ ਚਿੰਤਾ ਜਤਾਉਂਦਿਆਂ ਬਾਜਵਾ ਨੇ ਕਿਹਾ ਕਿ ਇਹ ਬਹੁਤ ਚਿੰਤਾਜਨਕ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਧਮਾਕਿਆਂ ਵਿੱਚ ਭਾਜਪਾ ਦੀ ਭੂਮਿਕਾ ਦਾ ਦੋਸ਼ ਲਾਇਆ ਹੈ, ਜਦਕਿ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇਨ੍ਹਾਂ ਘਟਨਾਵਾਂ ਲਈ ਪਾਕਿਸਤਾਨ ਦੀ ਆਈਐਸਆਈ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਬਾਜਵਾ ਨੇ ਸਵਾਲ ਕੀਤਾ, “ਜੇ ਦੋਵੇਂ ਬਿਆਨਾਂ ਨੂੰ ਇਕੱਠੇ ਪੜ੍ਹਿਆ ਜਾਵੇ ਤਾਂ ਕੀ ਪੰਜਾਬ ਸਰਕਾਰ ਇਹ ਸੰਕੇਤ ਦੇ ਰਹੀ ਹੈ ਕਿ ਭਾਜਪਾ ਅਤੇ ਪਾਕਿਸਤਾਨ ਦੀ ਆਈਐਸਆਈ ਇਕੱਠੇ ਕੰਮ ਕਰ ਰਹੇ ਹਨ? ਕੀ ਪੰਜਾਬ ਸਰਕਾਰ ਅਧਿਕਾਰਕ ਤੌਰ ‘ਤੇ ਇੰਨੇ ਗੰਭੀਰ ਦੋਸ਼ ਦੀ ਪੁਸ਼ਟੀ ਕਰ ਰਹੀ ਹੈ?”
ਉਨ੍ਹਾਂ ਕਿਹਾ ਕਿ ਰਾਸ਼ਟਰੀ ਸੁਰੱਖਿਆ ਅਤੇ ਲੋਕ ਸੁਰੱਖਿਆ ਨਾਲ ਜੁੜੇ ਮਾਮਲਿਆਂ ਨੂੰ ਵਿਰੋਧਾਭਾਸੀ ਰਾਜਨੀਤਿਕ ਬਿਆਨਾਂ ਅਤੇ ਸਨਸਨੀਖੇਜ਼ੀ ਰਾਹੀਂ ਨਹੀਂ ਨਿਪਟਾਇਆ ਜਾ ਸਕਦਾ।
ਬਾਜਵਾ ਨੇ ਮੁੱਖ ਮੰਤਰੀ ਮਾਨ ਨੂੰ ਚੁਣੌਤੀ ਦਿੱਤੀ ਕਿ ਜੇ ਉਹ ਸੱਚਮੁੱਚ ਮੰਨਦੇ ਹਨ ਕਿ ਭਾਜਪਾ ਆਗੂ ਧਮਾਕਿਆਂ ਵਿੱਚ ਸ਼ਾਮਲ ਹਨ ਤਾਂ ਤੁਰੰਤ ਐਫਆਈਆਰ ਦਰਜ ਕਰਵਾ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰਨ। “ਜੇ ਉਹ ਆਪਣੇ ਦੋਸ਼ਾਂ ਨੂੰ ਸਬੂਤਾਂ ਨਾਲ ਸਾਬਤ ਨਹੀਂ ਕਰ ਸਕਦੇ ਤਾਂ ਭਾਜਪਾ ਨੂੰ ਮੁੱਖ ਮੰਤਰੀ ਖ਼ਿਲਾਫ਼ ਲੋਕਾਂ ਵਿੱਚ ਡਰ, ਘਬਰਾਹਟ ਅਤੇ ਉਲਝਣ ਫੈਲਾਉਣ ਲਈ ਕਾਨੂੰਨੀ ਕਾਰਵਾਈ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ,” ਉਨ੍ਹਾਂ ਕਿਹਾ।
ਕਾਂਗਰਸੀ ਆਗੂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਰਾਜਨੀਤਿਕ ਨਾਟਕ ਅਤੇ ਕਹਾਣੀਬਾਜ਼ੀ ਦੀ ਬਜਾਏ ਸੱਚਾਈ, ਪਾਰਦਰਸ਼ਤਾ ਅਤੇ ਜਵਾਬਦੇਹੀ ਦੀ ਲੋੜ ਹੈ।
ਉਨ੍ਹਾਂ ਭਾਜਪਾ ਅਤੇ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਸੰਵੇਦਨਸ਼ੀਲ ਸੁਰੱਖਿਆ ਮਾਮਲਿਆਂ ਦਾ ਰਾਜਨੀਤੀਕਰਨ ਬੰਦ ਕੀਤਾ ਜਾਵੇ ਅਤੇ ਸੂਬੇ ਵਿੱਚ ਹੋਈਆਂ ਸਾਰੀਆਂ ਧਮਾਕੇ ਦੀਆਂ ਘਟਨਾਵਾਂ ਦੀ ਨਿਰਪੱਖ, ਪਾਰਦਰਸ਼ੀ ਅਤੇ ਪੇਸ਼ੇਵਰ ਜਾਂਚ ਯਕੀਨੀ ਬਣਾਈ ਜਾਵੇ।


