ਗੁਰਦਾਸਪੁਰ ਪੁਲਸ ਨੇ 25 ਲੱਖ ਰੁਪਏ ਦੀ ਕੀਮਤ ਵਾਲੇ 110 ਗੁੰਮ ਹੋਏ ਮੋਬਾਈਲ ਫੋਨ ਬਰਾਮਦ ਕਰਕੇ ਅਸਲ ਮਾਲਕਾਂ ਨੂੰ ਸੌਂਪੇ
ਗੁਰਦਾਸਪੁਰ,15 ਅਪ੍ਰੈਲ (ਸਰਬਜੀਤ ਸਿੰਘ)— ਐੱਸ ਐੱਸ ਪੀ ਗੁਰਦਾਸਪੁਰ ਆਦਿੱਤਿਆ ਦੀ ਅਗਵਾਈ ਵਿੱਚ ਗੁਰਦਾਸਪੁਰ ਪੁਲਸ ਨੇ ਗੁੰਮ ਹੋਏ ਮੋਬਾਈਲਾਂ ਨੂੰ ਟਰੇਸ ਕਰਕੇ ਮੁੜ ਅਸਲ ਮਾਲਕਾਂ ਨੂੰ ਸੌਂਪੇ ਹਨ।
ਅੱਜ ਪੁਲਸ ਲਾਇਨ ਗੁਰਦਾਸਪੁਰ ਵਿਖੇ ਕਰਵਾਏ ਸਮਾਗਮ ਦੌਰਾਨ ਐੱਸ ਐੱਸ ਪੀ ਆਦਿੱਤਿਆ ਵਲੋਂ ਅਸਲ ਮਾਲਕਾਂ ਨੂੰ ਉਨ੍ਹਾਂ ਦੇ ਗੁੰਮ ਹੋਏ ਮੋਬਾਈਲ ਫੋਨ ਦੁਬਾਰਾ ਫਿਰ ਉਨ੍ਹਾਂ ਦੇ ਹੱਥਾਂ ਵਿੱਚ ਸੌਂਪੇ ਗਏ। ਇਸ ਮੌਕੇ ਉਲੰਪੀਅਨ ਜੁਗਰਾਜ ਸਿੰਘ ਐੱਸ ਪੀ (ਐੱਚ) ਗੁਰਦਾਸਪੁਰ ਵੀ ਮੌਜੂਦ ਸਨ। ਜਿਨ੍ਹਾਂ ਲੋਕਾਂ ਦੇ ਮੋਬਾਈਲ ਫੋਨ ਗੁੰਮ ਹੋਏ ਸਨ, ਅੱਜ ਦੁਬਾਰਾ ਉਹੀ ਮੋਬਾਇਲ ਫੋਨ ਉਨ੍ਹਾਂ ਦੇ ਹੱਥਾਂ ਵਿੱਚ ਸਨ ਤਾਂ ਉਹ ਬੇਹੱਦ ਖੁਸ਼ ਦਿਖਾਈ ਦਿੱਤੇ ਅਤੇ ਉਨ੍ਹਾਂ ਦੀਆਂ ਅੱਖਾਂ ਵਿੱਚ ਗੁਰਦਾਸਪੁਰ ਪੁਲਸ ਪ੍ਰਤੀ ਧੰਨਵਾਦ ਸਪੱਸ਼ਟ ਝਲਕ ਰਿਹਾ ਸੀ।
ਐੱਸ ਐੱਸ ਪੀ ਗਰਦਾਸਪੁਰ ਨੇ ਦੱਸਿਆ ਕਿ ਗੁਰਦਾਸਪੁਰ ਪੁਲਸ ਨੇ ਇੱਕ ਵਿਸ਼ੇਸ਼ ਮੁਹਿੰਮ ਤਹਿਤ ਸਾਈਬਰ ਕ੍ਰਾਈਮ ਪੁਲਸ ਸਟੇਸ਼ਨ ਗੁਰਦਾਸਪੁਰ ਅਤੇ ਟੈਕਨੀਕਲ ਸੈੱਲ ਦੇ ਯਤਨਾਂ ਨਾਲ 110 ਗੁੰਮ ਹੋਏ ਮੋਬਾਈਲ ਫੋਨ ਬਰਾਮਦ ਕੀਤੇ।ਸੀਈਆਈਆਰ ਹੈਲਪਲਾਈਨ ਪੋਰਟਲ ਦੀ ਮਦਦ ਨਾਲ, ਟੀਮ ਨੇ ਮੋਬਾਈਲ ਫੋਨਾਂ ਦਾ ਸਫਲਤਾਪੂਰਵਕ ਪਤਾ ਲਗਾਇਆ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਵਾਪਸ ਕਰ ਦਿੱਤਾ। ਬਰਾਮਦ ਕੀਤੇ ਗਏ ਫੋਨਾਂ ਦੀ ਕੁੱਲ ਕੀਮਤ ਲਗਭਗ 25 ਲੱਖ ਰੁਪਏ ਹੈ।ਇਹ ਰਿਕਵਰੀ ਪੁਲਸ ਟੀਮਾਂ ਦੁਆਰਾ ਆਈ.ਐੱਮ.ਈ.ਆਈ ਨੰਬਰਾਂ ਦੀ ਨਿਰੰਤਰ ਟਰੈਕਿੰਗ, ਤਕਨੀਕੀ ਵਿਸ਼ਲੇਸ਼ਣ ਅਤੇ ਫੀਲਡ ਵੈਰੀਫਿਕੇਸ਼ਨ ਰਾਹੀਂ ਕੀਤੀ ਗਈ।ਇਸ ਮੌਕੇ ਲਾਭਪਾਤਰੀਆਂ ਇੱਕ ਵਾਰ ਫਿਰ ਗੁਰਦਾਸਪੁਰ ਪੁਲਸ ਦਾ ਉਨ੍ਹਾਂ ਦੀ ਤੁਰੰਤ ਕਾਰਵਾਈ ਅਤੇ ਸਹਾਇਤਾ ਲਈ ਧੰਨਵਾਦ ਕੀਤਾ।ਗੁਰਦਾਸਪੁਰ ਪੁਲਸ ਜਨਤਾ ਨੂੰ ਗੁੰਮ ਹੋਏ ਜਾਂ ਚੋਰੀ ਹੋਏ ਮੋਬਾਈਲ ਫੋਨਾਂ ਦੀ ਰਿਪੋਰਟ ਤੁਰੰਤ ਸੀਈਆਈਆਰ ਪੋਰਟਲ ਜਾਂ ਨੇੜਲੇ ਪੁਲਸ ਸਟੇਸ਼ਨ ‘ਤੇ ਕਰਨ ਦੀ ਅਪੀਲ ਕੀਤੀ ਹੈ। ਗੁਰਦਾਸਪੁਰ ਪੁਲਸ ਦਾ ਹੋਕਾ-ਤੁਹਾਡਾ ਗੁੰਮ ਹੋਇਆ ਮੋਬਾਈਲ ਹੁਣ ਮਿਲ ਸਕਦਾ ਹੈ।


