ਇਨਸਾਫ਼ ਨਾ ਮਿਲਣ ‘ਤੇ ਸਰਕਾਰ ਨੂੰ ਕਰਨਾ ਪਵੇਗਾ ਵਿਸ਼ਾਲ ਸਾਂਝੇ ਮਜ਼ਦੂਰ ਅੰਦੋਲਨ ਦਾ ਸਾਹਮਣਾ – ਲਿਬਰੇਸ਼ਨ
ਮਾਨਸਾ, ਗੁਰਦਾਸਪੁਰ, 7 ਅਪ੍ਰੈਲ (ਸਰਬਜੀਤ ਸਿੰਘ)– ਸੀਪੀਆਈ ਐਮ ਐਲ ਲਿਬਰੇਸ਼ਨ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਨੇ ਪੰਜਾਬ ਸਰਕਾਰ ਅਤੇ ਸੰਗਰੂਰ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪਿੰਡ ਬੇਨੜਾ ਦੇ ਸਰਪੰਚ ਅਤੇ ਲੋਕਲ ਗੁਰਦੁਆਰਾ ਸਾਹਿਬ ਦੇ ਮੋਹਰੀਆਂ ਵਲੋਂ ਪਿੰਡ ਦੇ ਬੇਜ਼ਮੀਨੇ ਦਲਿਤ ਭਾਈਚਾਰੇ ਦੀ ਰੂੜ੍ਹੀਆਂ ਤੇ ਪੱਥਵਾੜੇ ਵਾਲੀ ਜਗ੍ਹਾ ਉਤੇ ਕੀਤਾ ਨਾਜਾਇਜ਼ ਕਬਜ਼ਾ ਤੁਰੰਤ ਖ਼ਤਮ ਕਰਵਾਇਆ ਜਾਵੇ ਅਤੇ ਧੋਖੇ ਨਾਲ ਅਜਿਹਾ ਕਰਨ ਵਾਲੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ।
ਲਿਬਰੇਸ਼ਨ ਦੇ ਸੂਬਾਈ ਆਗੂ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਗੋਬਿੰਦ ਸਿੰਘ ਛਾਜਲੀ ਵਲੋਂ ਜਾਰੀ ਇਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਪਿੰਡ ਬੇਨੜਾ ਦੀ ਫਿਰਨੀ ਨਾਲ ਲੱਗਦੀ ਪੰਚਾਇਤੀ ਜ਼ਮੀਨ ਵਿਚੋਂ ਕਰੀਬ 80 ਕਰਮ ਲੰਬੀ ਅਤੇ 11 ਕਰਮ ਚੌੜੀ ਜਗ੍ਹਾ ਨੂੰ ਪਿੰਡ ਦੇ ਬੇਜ਼ਮੀਨੇ ਦਲਿਤ ਭਾਈਚਾਰੇ ਵਲੋਂ ਪਿਛਲੇ ਛੇ ਦਹਾਕਿਆਂ ਤੋਂ ਵੱਧ ਸਮੇਂ ਤੋਂ ਰੂੜ੍ਹੀਆਂ ਲਾਉਣ ਅਤੇ ਪਾਥੀਆਂ ਪੱਥਣ ਲਈ ਵਰਤਿਆ ਜਾ ਰਿਹਾ ਹੈ। ਇਸੇ ਸਾਲ ਮਾਰਚ ਮਹੀਨੇ ਵਿੱਚ ਪਿੰਡ ਦੇ ਸਰਪੰਚ ਨੇ ਦਲਿਤ ਭਾਈਚਾਰੇ ਨਾਲ ਗੱਲਬਾਤ ਕੀਤੀ ਕਿ ਜੇਕਰ ਤੁਹਾਡੀ ਸਹਿਮਤੀ ਹੋਵੇ ਤਾਂ ਤੁਹਾਨੂੰ ਰੂੜ੍ਹੀਆਂ ਲਾਉਣ ਲਈ ਹੋਰ ਰਾਖਵੀਂ ਜਗ੍ਹਾ ਦੇ ਦਿੱਤੀ ਜਾਵੇਗੀ ਅਤੇ ਇਸ ਜ਼ਮੀਨ ਉਤੇ ਪੰਚਾਇਤ ਵਲੋਂ ਤੁਹਾਡੇ ਲਈ ਪਾਰਕ ਅਤੇ ਕਮਿਊਨਟੀ ਸੈਂਟਰ ਬਣਾ ਦਿੱਤਾ ਜਾਵੇਗਾ। ਦਲਿਤ ਭਾਈਚਾਰੇ ਨੇ ਇਸ ਸਕੀਮ ਨੂੰ ਸਹਿਮਤੀ ਦੇ ਦਿੱਤੀ, ਪਰ ਬਾਅਦ ਵਿੱਚ ਅਕਾਲੀ ਦਲ ਸਮਰਥਕ ਸਰਪੰਚ ਨੇ ਦਲਿਤ ਵਰਗ ਨਾਲ ਧੋਖਾ ਕੀਤਾ। ਉਸ ਵਲੋਂ ਇਹ ਜਗ੍ਹਾ ਸਾਫ਼ ਕਰਵਾਉਣ ਅਤੇ ਕਰਾਹ ਲਗਵਾਉਣ ਤੋਂ ਬਾਅਦ ਉਲਟਾ ਬੁਰਜੀਆਂ ਲਗਵਾ ਕੇ ਨਾਲ ਲੱਗਦੀ ਗੁਰਦੁਆਰਾ ਸਾਹਿਬ ਦੀ ਜ਼ਮੀਨ ਵਿੱਚ ਮਿਲਾ ਦਿੱਤੀ। ਉਸੇ ਦਿਨ ਤੋਂ ਪਿੰਡ ਦਾ ਮਜ਼ਦੂਰ ਭਾਈਚਾਰਾ ਇਸ ਧੋਖੇ ਤੇ ਧੱਕੇਸ਼ਾਹੀ ਖ਼ਿਲਾਫ਼ ਅੰਦੋਲਨ ਕਰ ਰਿਹਾ ਹੈ। ਗੁਰਦੁਆਰਾ ਸਾਹਿਬ ਦੇ ਕੁਝ ਪ੍ਰਬੰਧਕਾਂ ਵਲੋਂ ਵੀ ਵਿਰੋਧ ਕਰ ਰਹੇ ਦਲਿਤ ਮਰਦ ਔਰਤਾਂ ਨੂੰ ਜਾਤੀ ਗਾਲਾਂ ਕੱਢੀਆਂ ਤੇ ਧਮਕੀਆਂ ਦਿੱਤੀਆਂ। ਭਾਵੇਂ ਪ੍ਰਸ਼ਾਸਨ ਵਲੋਂ ਵੀ ਤਹਿਸੀਲਦਾਰ, ਡੀਐਸਪੀ ਤੇ ਸਥਾਨਕ ਥਾਣੇਦਾਰ ਨੇ ਵੀ ਅੰਦੋਲਨਕਾਰੀਆਂ ਨਾਲ ਗੱਲਬਾਤ ਕਰਕੇ ਇਹ ਕਬਜ਼ਾ ਖ਼ਤਮ ਕਰਨ ਦਾ ਯਕੀਨ ਦਿਵਾਇਆ, ਪਰ ਦਲਿਤ ਔਰਤਾਂ ਤੇ ਮਰਦਾਂ ਵਲੋਂ ਭੁੱਖ ਹੜਤਾਲ ਤੇ ਧਰਨੇ ਦੇ ਰੂਪ ਵਿੱਚ ਅੰਦੋਲਨ ਚੱਲਦੇ ਨੂੰ ਇਕ ਹਫ਼ਤੇ ਤੋਂ ਵੱਧ ਦਿਨ ਬੀਤ ਜਾਣ ਦੇ ਬਾਵਜੂਦ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਚੇਤੇ ਰਹੇ ਕਿ ਇਹ ਪਿੰਡ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਧਾਨ ਸਭਾ ਹਲਕਾ ਧੂਰੀ ਵਿੱਚ ਪੈਂਦਾ ਹੈ ਅਤੇ ਸੰਸਦ ਮੈਂਬਰ ਹੁੰਦਿਆਂ ਉਨ੍ਹਾਂ ਇਸ ਪਿੰਡ ਨੂੰ ‘ਗੋਦ’ ਵੀ ਲਿਆ ਸੀ। ਹੈਰਾਨੀ ਦੀ ਗੱਲ ਹੈ ਕਿ ਇਕ ਪਾਸੇ ਮਾਨ ਸਰਕਾਰ ਪੰਚਾਇਤੀ ਜ਼ਮੀਨਾਂ ਉਤੋਂ ਨਾਜਾਇਜ਼ ਕਬਜ਼ੇ ਖ਼ਤਮ ਕਰਵਾਉਣ ਦੀ ਮੁਹਿੰਮ ਚਲਾ ਰਹੀ ਹੈ, ਜਦੋਂ ਕਿ ਮੁੱਖ ਮੰਤਰੀ ਦੇ ਅਪਣੇ ਹਲਕੇ ਦੇ ਇਸ ਪਿੰਡ ਵਿੱਚ ਸਰਪੰਚ ਪੰਚਾਇਤੀ ਜ਼ਮੀਨ ਉਤੇ ਖੁਦ ਨਵਾਂ ਪੱਕਾ ਕਬਜ਼ਾ ਕਰਵਾ ਰਿਹਾ ਹੈ, ਪਰ ਸਰਕਾਰ ਤੇ ਪ੍ਰਸ਼ਾਸਨ ਪੂਰੀ ਤਰਾਂ ਖਾਮੋਸ਼ ਹਨ।
ਲਿਬਰੇਸ਼ਨ ਆਗੂਆਂ ਨੇ ਸਰਕਾਰ ਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਇਸ ਨੂੰ ਮਹਿਜ਼ ਦੋ ਸਵਾ ਦੋ ਕਨਾਲ ਜ਼ਮੀਨ ਦਾ ਝਗੜਾ ਨਾ ਸਮਝਿਆ ਜਾਵੇ, ਇਹ ਹੰਕਾਰੇ ਜਾਤੀਵਾਦੀ ਪੇਂਡੂ ਚੌਧਰੀਆਂ ਵਲੋਂ ਦਲਿਤ ਗਰੀਬਾਂ ਦੇ ਮਾਨ ਸਨਮਾਨ ਨੂੰ ਕੁਚਲਣ ਦੀ ਇਕ ਜਾਤੀਵਾਦੀ ਸਾਜ਼ਿਸ਼ ਹੈ। ਇਸ ਨੂੰ ਕਿਸੇ ਵੀ ਕੀਮਤ ‘ਤੇ ਸਹਿਣ ਨਹੀਂ ਕੀਤਾ ਜਾਵੇਗਾ। ਉਂਝ ਵੀ ਇਹ ਕੋਈ ਇਕੱਲੀ ਕਹਿਰੀ ਘਟਨਾ ਨਹੀਂ, ਬਲਕਿ ਇਕ ਤੋਂ ਬਾਅਦ ਇਕ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਵਿੱਚ ਬੇਜ਼ਮੀਨੇ ਦਲਿਤਾਂ ਨੂੰ ਗਿਣੇ ਮਿਥੇ ਨਾਲ ਜਲੀਲ ਕੀਤਾ ਤੇ ਜਬਰ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਇਸ ਲਈ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਕਿ ਪਿੰਡ ਬੇਨੜਾ ਦੇ ਦਲਿਤ ਮਜ਼ਦੂਰਾਂ ਨੂੰ ਤੁਰੰਤ ਇਨਸਾਫ਼ ਨਾ ਮਿਲਣ ਦੀ ਸੂਰਤ ਵਿੱਚ ਸਾਰੀਆਂ ਮਜ਼ਦੂਰ ਹਿਤੈਸ਼ੀ ਧਿਰਾਂ ਇਸ ਮਾਮਲੇ ਨੂੰ ਲੈਕੇ ਸਾਂਝੇ ਸੰਘਰਸ਼ ਦਾ ਬਿਗਲ ਵਜਾਉਣ ਲਈ ਮਜ਼ਬੂਰ ਹੋਣਗੀਆਂ।



