ਐਸ ਕੇ ਐਮ ਗੈਰ ਸਿਆਸੀ ਨੇ ਭਾਰਤ – ਅਮਰੀਕਾ “ਮੁਕਤ ਵਪਾਰ ਸਮਝੌਤੇ” ਵਿੱਚੋਂ ਖੇਤੀ,ਪੋਲਟਰੀ,ਡੇਅਰੀ ਨੂੰ ਬਾਹਰ ਕੱਢਣ ਲਈ ਰਾਸ਼ਟਰਪਤੀ ਨੂੰ ਭੇਜਿਆ ਮੰਗ ਪੱਤਰ-ਸੁਖਦੇਵ ਸਿੰਘ ਭੋਜਰਾਜ

ਗੁਰਦਾਸਪੁਰ

ਰੋਸ ਵਜੋਂ ਸਾੜੇ ਅਮਰੀਕਨ ਉਤਪਾਦ


ਗੁਰਦਾਸਪੁਰ 2 ਅਪ੍ਰੈਲ (ਸਰਬਜੀਤ ਸਿੰਘ)– ਸੰਯੂਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਦੇ ਸੱਦੇ ਉੱਤੇ ਮੋਰਚੇ ਵਿੱਚ ਸ਼ਾਮਿਲ ਜਥੇਬੰਦੀਆਂ ਵੱਲੋਂ ਦੇਸ਼ ਦੇ ਰਾਸ਼ਟਰਪਤੀ ਦੇ ਨਾਮ ਬਹੁਤ ਜਰੂਰੀ ਮੰਗਾਂ ਸਬੰਧੀ ਮੰਗ ਪੱਤਰ ਸਹਾਇਕ ਕਮਿਸ਼ਨਰ ਕੁਲਦੀਪ ਚੰਦ ਨੂੰ ਸੌਪਿਆ ਗਿਆ। ਮੰਗ ਪੱਤਰ ਸੌਂਪਣ ਤੋਂ ਪਹਿਲਾਂ ਕਿਸਾਨਾਂ ਵੱਲੋਂ ਡਿਪਟੀ ਕਮਿਸ਼ਨਰ ਦਫਤਰ ਵਿੱਚ ਵਿਸ਼ਾਲ ਧਰਨਾ ਦਿੱਤਾ ਗਿਆ।

ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ, ਪਗੜੀ ਸੰਭਾਲ ਲਹਿਰ ਦੇ ਪ੍ਰਧਾਨ ਸਤਨਾਮ ਸਿੰਘ ਬਾਗੜੀਆ, ਭਾਰਤੀ ਕਿਸਾਨ ਯੂਨੀਅਨ ਮਾਝਾ ਦੇ ਪ੍ਰਧਾਨ ਬਾਬਾ ਰਜਿੰਦਰ ਸਿੰਘ ਜਫਰਵਾਲ, ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜਿਲ੍ਹਾ ਪ੍ਰਧਾਨ ਗੁਲਾਬ ਸਿੰਘ ਚੰਦੂ ਮਾਂਜਾ, ਲੋਕ ਇਨਸਾਫ ਮੋਰਚੇ ਦੇ ਪ੍ਰਧਾਨ ਸੋਨੂ ਔਲਖ, ਭਾਰਤੀ ਕਿਸਾਨ ਯੂਨੀਅਨ ਸਿਰਸਾ ਦੇ ਜਿਲ੍ਹਾ ਪ੍ਰਧਾਨ ਹਰਦੇਵ ਸਿੰਘ ਚਿੱਟੀ ਨੇ ਸੰਬੋਧਨ ਕਰਦਿਆਂ ਦੇਸ਼ ਦੇ ਰਾਸ਼ਟਰਪਤੀ ਮਾਨਯੋਗ ਮੈਡਮ ਦਰੋਪਤੀ ਮੁਰਮੂ ਜੀ ਤੋਂ ਮੰਗ ਕੀਤੀ ਕਿ ਕਣਕ ਅਤੇ ਸਰੋਂ ਦੀ ਫਸਲ ਉੱਤੇ ਐਮਐਸਪੀ ਯਕੀਨੀ ਬਣਾਈ ਜਾਵੇ,ਹਰਿਆਣੇ ਵਿੱਚ ਕਣਕ ਦੀ ਫਸਲ ਵੇਚਣ ਲਈ ਕਿਸਾਨਾਂ ਦੀ ਬਾਇਓਮੀਟਰਿਕ ਦੀ ਸ਼ਰਤ ਨੂੰ ਖਤਮ ਕੀਤਾ ਜਾਵੇ, ਭਾਰਤ ਅਮਰੀਕਾ ਸਮਝੌਤੇ ਵਿੱਚੋਂ ਖੇਤੀ, ਪੋਲਟਰੀ ਫਾਰਮ ਅਤੇ ਡੇਅਰੀ ਫਾਰਮ ਨੂੰ ਬਾਹਰ ਕੱਢਿਆ ਜਾਵੇ ਅਤੇ ਅਮਰੀਕਾ ਤੋਂ ਆਉਂਦੇ ਖਾਣ ਵਾਲੇ ਅਤੇ ਖੇਤੀ ਵਾਲੇ ਉਤਪਾਦ ਬੰਦ ਕੀਤੇ ਜਾਣ,ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਹੋਏ ਪਰਚੇ ਰੱਦ ਕੀਤੇ ਜਾਣ,ਆਲੂ ਉਤਪਾਦਕਾਂ ਦੇ ਆਰਥਿਕ ਨੁਕਸਾਨ ਨੂੰ ਮੁੱਖ ਰੱਖਦਿਆਂ ਵਿਸ਼ੇਸ਼ ਰਾਹਤ ਪੈਕਜ ਐਲਾਨ ਕੀਤਾ ਜਾਵੇ, ਬੇਮੌਸਮੀ ਬਾਰਿਸ਼ ਅਤੇ ਗੜੇਮਾਰੀ ਕਾਰਨ ਖਰਾਬ ਹੋਈਆਂ ਕਣਕ ਸਬਜ਼ੀਆਂ ਸਰੋਂ ਚਾਰਾ ਆਦਿ ਫਸਲਾਂ ਦੀ ਵਿਸ਼ੇਸ਼ ਗੁਰਦਾਵਰੀ ਕਰਵਾ ਕੇ ਹੋਏ ਨੁਕਸਾਨ ਦੀ ਪੂਰਤੀ ਕੀਤੀ ਜਾਵੇ।
ਕਿਸਾਨ ਆਗੂਆਂ ਨੇ ਸਥਾਨਿਕ ਕਚਿਹਰੀ ਚੌਂਕ ਵਿੱਚ ਖਾਣ ਪੀਣ ਵਾਲੇ,ਕਾਸਮੈਟਿਕ ਅਤੇ ਖੇਤੀ ਨਾਲ ਸੰਬੰਧਿਤ ਅਮਰੀਕਨ ਉਤਪਾਦ ਫੂਕ ਕੇ ਜਬਰਦਸਤ ਰੋਸ ਦਾ ਪ੍ਰਗਟਾਵਾ ਕੀਤਾ।ਇਸ ਮੌਕੇ ਕਵਲਜੀਤ ਸਿੰਘ ਖੁਸ਼ਹਾਲਪੁਰ,ਜਗੀਰ ਸਿੰਘ ਸਲਾਚ,ਐਡਵੋਕੇਟ ਪ੍ਰਭਜੋਤ ਸਿੰਘ ਕਾਹਲੋ,ਗੁਰਪ੍ਰੀਤ ਸਿੰਘ,ਸੇਵਾ ਸਿੰਘ,ਗੁਰਜੀਤ ਸਿੰਘ ਵਡਾਲਾ ਬਾਂਗਰ,ਬਿਸ਼ਨ ਸਿੰਘ ਕਾਹਲੋ,ਸ਼ਾਮਿਲ ਰਹੇ।

Leave a Reply

Your email address will not be published. Required fields are marked *