ਗੁਰਦਾਸਪੁਰ 13 ਮਾਰਚ (ਸਰਬਜੀਤ ਸਿੰਘ)– ਕਿਸਾਨ ਤੇ ਜਵਾਨ ਭਲਾਈ ਯੂਨੀਅਨ ਦਾ ਵਫ਼ਦ ਸੂਬਾ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਦਿਤਿਆ ਉਪਲ ਜੀ ਨੂੰ ਮਿਲਿਆ,ਵਫਦ ਨੇ ਕਲਾਨੌਰ,ਫਤੂਪੁਰ,ਗਵਾਰੇ, ਕਿਲ੍ਹਾ ਨੱਥੂ ਸਿੰਘ,ਚਿਕੜੀ ਮਾਨੇਪੁਰ ਆਦਿ ਪਿੰਡਾਂ ਦੇ ਕਿਸਾਨਾਂ ਦੀ ਸੂਚੀ ਵਾਲਾ ਇਕ ਮੰਗ ਪੱਤਰ ਸੌਂਪਦਿਆਂ ਹੋਇਆਂ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ ਕਿ ਸਾਲ 2025 ਵਿੱਚ ਆਏ ਹੜਾਂ ਦੌਰਾਨ ਜਿਲ੍ਹਾ ਗੁਰਦਾਸਪੁਰ ਦੇ ਕਿਸਾਨਾਂ ਦੀ ਝੋਨੇ ਅਤੇ ਬਾਸਮਤੀ ਹੇਠ ਬਹੁਤ ਵੱਡੇ ਰਕਬੇ ਦਾ 100 ਫੀਸਦੀ ਨੁਕਸਾਨ ਹੋਇਆ। ਸਰਕਾਰ ਵੱਲੋਂ ਐਲਾਨੀ ਗਈ 20 ਹਜਾਰ ਰੁਪਏ ਦੀ ਨਾ ਮਾਤਰ ਰਾਸ਼ੀ ਲੈਣ ਤੋਂ ਵੀ ਬਹੁਤ ਕਿਸਾਨ ਵਾਂਝੇ ਰਹਿ ਗਏ ਹਨ। ਇਹ ਕਿਸਾਨ ਲਗਾਤਾਰ ਆਪਣੇ ਸਰਕਲ ਦੇ ਪਟਵਾਰੀ ਅਤੇ ਆਪਣੇ ਤਹਿਸੀਲਦਾਰ ਨਾਲ ਸੰਪਰਕ ਕਰ ਚੁੱਕੇ ਹਨ ਪਰ ਨਿਰਾਸ਼ਾ ਤੋਂ ਸਿਵਾਏ ਇਹਨਾਂ ਦੇ ਪੱਲੇ ਕੁਝ ਨਹੀਂ ਪਿਆ। ਬਹੁਤ ਸਾਰੇ ਕਿਸਾਨ ਤਾਂ ਇਸ ਖੱਜਲ ਖ਼ੁਆਰੀ ਅਤੇ ਮੁਲਾਜ਼ਮਾ ਅਤੇ ਅਧਿਕਾਰੀਆਂ ਦੇ ਰਵਈਏ ਤੋਂ ਪਰੇਸ਼ਾਨ ਹੋ ਕੇ ਥੱਕ ਹਾਰ ਕੇ ਘਰੇ ਬੈਠ ਗਏ ਹਨ ਅਤੇ ਕੁਝ ਕਿਸਾਨਾਂ ਨੇ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਨਾਲ ਸੰਪਰਕ ਕੀਤਾ ਹੈ। ਇਸ ਲਈ ਅਸੀਂ ਮੰਗ ਕਰਦੇ ਹਾਂ ਕਿ ਆਪ ਜੀ ਜਾਂਚ ਕਰਵਾ ਕੇ ਇਹਨਾਂ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਜਲਦੀ ਦੀਵਾਓਗੇ।
ਕਿਸਾਨ ਆਗੂ ਭੋਜਰਾਜ ਨੇ ਕਿਹਾ ਕਿ ਅਸੀਂ ਇਹ ਵੀ ਮੰਗ ਕਰਦੇ ਹਾਂ ਜਿਹੜੇ ਮੁਲਾਜ਼ਮਾਂ ਨੇ ਇਹਨਾਂ ਕਿਸਾਨਾਂ ਨੂੰ ਮੁਆਵਜ਼ੇ ਤੋਂ ਵਾਂਝੇ ਰੱਖਿਆ ਉਹਨਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜ਼ੋ ਅਗਾਂਹ ਤੋਂ ਕਿਸਾਨਾਂ ਨੂੰ ਆਪਣਾ ਬਣਦਾ ਹੱਕ ਲੈਣ ਲਈ ਖੱਜਲ ਨਾਂ ਹੋਣਾਂ ਪਵੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਵਡਾਲਾ ਬਾਂਗਰ,ਇਕਾਈ ਪ੍ਰਧਾਨ ਗੁਰਜਿੰਦਰ ਸਿੰਘ ਗਵਾਰੇ,ਇਕਾਈ ਪ੍ਰਧਾਨ ਟਹਿਲ ਸਿੰਘ ਮਾਨੇਪੁਰ,ਸਤਨਾਮ ਸਿੰਘ ਕਲਾਨੌਰ,ਗੁਰਦੇਵ ਸਿੰਘ,ਬਲਵੰਤ ਸਿੰਘ,ਗੁਰਪ੍ਰੀਤ ਸਿੰਘ,ਪ੍ਰਿੰਸ ਮਸੀਹ ਆਦਿ ਕਿਸਾਨ ਸ਼ਾਮਿਲ ਰਹੇ।


