ਗੁਰਦਾਸਪੁਰ, 12 ਮਾਰਚ (ਸਰਬਜੀਤ ਸਿੰਘ)– ਗੁਰਦਾਸਪੁਰ ਵਿੱਚ ਇੱਕ ਸੁਨਿਆਰੇ ਦੇ ਘਰ ਹੋਈ ਡਕੈਤੀ ਦੇ ਸਬੰਧ ਵਿੱਚ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ 1.300 ਕਿਲੋਗ੍ਰਾਮ ਸੋਨਾ-ਚਾਂਦੀ ਦੇ ਗਹਿਣੇ ਅਤੇ 32 ਲੱਖ ਰੁਪਏ ਨਕਦੀ ਬਰਾਮਦ ਕੀਤੀ ਹੈ।
ਗੁਰਦਾਸਪੁਰ ਦੇ ਐਸਐਸਪੀ ਆਦਿਤਿਆ ਨੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਤੋਂ 1.300 ਕਿਲੋਗ੍ਰਾਮ ਚੋਰੀ ਹੋਏ ਸੋਨੇ-ਚਾਂਦੀ ਦੇ ਗਹਿਣੇ, 32 ਲੱਖ ਰੁਪਏ ਨਕਦੀ ਅਤੇ ਇੱਕ ਕਾਰ ਬਰਾਮਦ ਕੀਤੀ ਗਈ ਹੈ।
ਐਸਐਸਪੀ ਆਦਿਤਿਆ ਨੇ ਸਪੱਸ਼ਟ ਕੀਤਾ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਅਸਲ ਵਿੱਚ ਨਿਹੰਗ ਸਿੰਘ ਨਹੀਂ ਹਨ। ਉਨ੍ਹਾਂ ਨੇ ਡਕੈਤੀ ਨੂੰ ਅੰਜਾਮ ਦੇਣ ਲਈ ਨਿਹੰਗ ਸਿੰਘਾਂ ਦਾ ਭੇਸ ਧਾਰਿਆ ਸੀ। ਗ੍ਰਿਫ਼ਤਾਰ ਕੀਤੇ ਗਏ ਸਾਰੇ ਮੁਲਜ਼ਮ ਬਟਾਲਾ ਦੇ ਰਹਿਣ ਵਾਲੇ ਹਨ। ਇਨ੍ਹਾਂ ਦੀ ਪਛਾਣ ਰਾਜਬੀਰ ਸਿੰਘ ਉਰਫ ਰਾਜਾ, ਬਲਵਿੰਦਰ ਸਿੰਘ ਉਰਫ ਬੂਟਾ, ਸਿਮਰਨਜੀਤ ਸਿੰਘ ਸੀਮਾ ਅਤੇ ਕੁਲਬੀਰ ਸਿੰਘ ਵਜੋਂ ਹੋਈ ਹੈ। ਪੁਲਿਸ ਇਨ੍ਹਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰੇਗੀ, ਉਨ੍ਹਾਂ ਨੂੰ ਰਿਮਾਂਡ ‘ਤੇ ਲਵੇਗੀ ਅਤੇ ਹੋਰ ਪੁੱਛਗਿੱਛ ਕਰੇਗੀ।


