ਲਿਬਰੇਸ਼ਨ ਵੱਲੋਂ ਰਣਜੀਤ ਸਿੰਘ ਨੂੰ ਝੂਠੇ ਪੁਲਸ ਮੁਕਾਬਲੇ ਵਿੱਚ ਕਤਲ ਕਰਨ ਦੀ ਸਖ਼ਤ ਨਿੰਦਾ

ਮਾਲਵਾ

ਦੋ ਪੁਲਸ ਮੁਲਾਜ਼ਮਾਂ ਦੇ ਕਤਲਾਂ ਅਤੇ ਇਸ ਅਖੌਤੀ ਪੁਲਿਸ ਮੁਕਾਬਲੇ ਦੀ ਜਾਂਚ ਹਾਈਕੋਰਟ ਦੇ ਸਿਟਿੰਗ ਜੱਜ ਤੋਂ ਕਰਵਾਏ ਜਾਣ ਦੀ ਮੰਗ

ਮਾਨਸਾ, ਗੁਰਦਾਸਪੁਰ, 27 ਫਰਵਰੀ (ਸਰਬਜੀਤ ਸਿੰਘ)– ਸੀਪੀਆਈ ਐਮ ਐਲ ਲਿਬਰੇਸ਼ਨ ਨੇ ਗੁਰਦਾਸਪੁਰ ਪੁਲਸ ਵਲੋਂ ਦੋਰਾਂਗਲਾ ਥਾਣੇ ਦੀ ਬਾਰਡਰ ਏਰੀਏ ਦੀ ਇਕ ਚੌਕੀ ਵਿੱਚ ਦੋ ਪੁਲਸ ਮੁਲਾਜ਼ਮਾਂ ਨੂੰ ਕਤਲ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤੇ ਇਕ ਨੌਜਵਾਨ ਨੂੰ ਝੂਠੇ ਪੁਲਸ ਮੁਕਾਬਲੇ ਵਿੱਚ ਮਾਰ ਦੇਣ ਦੀ ਸਖ਼ਤ ਨਿੰਦਾ ਕਰਦਿਆਂ ਇਸ ਪੂਰੇ ਕਾਂਡ ਦੀ ਜਾਂਚ ਹਾਈਕੋਰਟ ਦੇ ਸਿਟਿੰਗ ਜੱਜ ਤੋਂ ਕਰਵਾਏ ਜਾਣ ਦੀ ਮੰਗ ਕੀਤੀ ਹੈ।

ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਕੇਂਦਰੀ ਕੰਟਰੋਲ ਕਮਿਸ਼ਨ ਦੇ ਮੈਂਬਰ ਕਾਮਰੇਡ ਨਛੱਤਰ ਸਿੰਘ ਖੀਵਾ, ਸੂਬਾ ਸਟੈਂਡਿੰਗ ਕਮੇਟੀ ਮੈਂਬਰ ਰੁਲਦੂ ਸਿੰਘ ਮਾਨਸਾ, ਸੁਖਦਰਸ਼ਨ ਸਿੰਘ ਨੱਤ, ਜਸਬੀਰ ਕੌਰ ਨੱਤ ਅਤੇ ਕਾਮਰੇਡ ਗੁਰਨਾਮ ਸਿੰਘ ਭੀਖੀ ਵਲੋਂ ਮੀਟਿੰਗ ਤੋਂ ਬਾਅਦ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਪਾਰਟੀ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਆਦੀਆ ਦੀ ਪੁਲਸ ਚੌਂਕੀ ਵਿਖੇ ਨਿਯੁਕਤ ਦੋ ਪੁਲਿਸ ਮੁਲਾਜ਼ਮਾਂ ਦੇ ਕਤਲਾਂ ‘ਤੇ ਵੀ ਦੁੱਖ ਦਾ ਪ੍ਰਗਟਾਵਾ ਕਰਦੀ ਹੈ, ਹਾਲਾਂਕਿ ਬਾਰਡਰ ਦੇ ਇਸ ਪਿੰਡ ਦੇ ਬੱਸ ਸਟਾਪ ਵਜੋਂ ਬਣੇ ਬਿਨਾਂ ਦਰਵਾਜ਼ੇ ਬਾਰੀ ਵਾਲੇ ਇੱਕ ਆਰਜ਼ੀ ਜਿਹੇ ਅਸੁਰੱਖਿਅਤ ਕਮਰੇ ਵਿੱਚ ਸਿਰਫ਼ ਦੋ ਮੁਲਾਜ਼ਮਾਂ ਨੂੰ ਤਾਇਨਾਤ ਕਰਨ ਬਦਲੇ ਪੁਲਿਸ ਦੇ ਉਪਰਲੇ ਅਫਸਰਾਂ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਲਿਬਰੇਸ਼ਨ ਆਗੂ ਕਾਮਰੇਡ ਰਾਣਾ ਦਾ ਕਹਿਣਾ ਹੈ ਕਿ ਸਮੁੱਚੇ ਪਿੰਡ ਵਾਸੀਆਂ ਦੇ ਦਸਣ ਮੁਤਾਬਿਕ 19 ਸਾਲਾ ਰਣਜੀਤ ਸਿੰਘ ਨੂੰ ਪੁਲਿਸ ਵਲੋਂ ਦਿਨ ਦਿਹਾੜੇ ਘਰੋਂ ਲਿਜਾਣਾ ਪੁੱਛ ਗਿੱਛ ਦੇ ਨਾਂ ‘ਤੇ ਤਸ਼ੱਦਦ ਕਰਕੇ ਮਾਰ ਦਿੱਤਾ ਅਤੇ ਰਾਤ ਤਿੰਨ ਵਜੇ ਹਥਿਆਰ ਬਰਾਮਦਗੀ ਦੇ ਨਾਂ ‘ਤੇ ਉਸ ਨੂੰ ਥਾਣੇ ਵਿਚੋਂ ਲਿਆਇਆ ਗਿਆ, ਰਸਤੇ ਵਿੱਚ ਗੱਡੀ ਪਲਟਣ, ਗ੍ਰਿਫਤਾਰ ਲੜਕੇ ਦੇ ਭੱਜ ਜਾਣ ਅਤੇ ਦੋ ਘੰਟੇ ਬਾਅਦ ਪਿਸਤੌਲ ਸਮੇਤ ਮੋਟਰਸਾਈਕਲ ਉੱਤੇ ਜਾਂਦੇ ਨੂੰ ਰੋਕਣ ਤੇ ਨਾ ਰੁਕਣ ਕਾਰਨ ਗੋਲੀ ਮਾਰ ਦੇਣ ਵਰਗੀ ਹਾਲੀਵੁੱਡ ਫਿਲਮਾਂ ਵਰਗੀ ਕਾਲਪਨਿਕ ਕਹਾਣੀ ਮੀਡੀਏ ਅੱਗੇ ਪਰੋਸੀ ਹੈ, ਜੋ ਬਿਲਕੁਲ ਨਾ ਮੰਨਣ ਯੋਗ ਹੈ। ਇਸੇ ਲਈ ਅਪਣੇ ਇਸ ਝੂਠ ਨੂੰ ਛੁਪਾਉਣ ਲਈ ਪੁਲਿਸ ਪਿੰਡ ਦੇ ਗੁਰਦੁਆਰਾ ਸਾਹਿਬ ਸਮੇਤ ਸਾਰੇ ਘਰਾਂ ਦੇ ਸੀਸੀਟੀਵੀ ਕੈਮਰੇ ਜਾਂ ਉਨ੍ਹਾਂ ਦੇ ਡੀਵੀਆਰ ਜਬਰੀ ਲਾਹ ਕੇ ਲੈ ਗਈ ਹੈ। ਪਾਰਟੀ ਦਾ ਕਹਿਣਾ ਹੈ ਕਿ ਜੇਕਰ ਪੁਲਿਸ ਕੋਲ ਰਣਜੀਤ ਸਿੰਘ ਖ਼ਿਲਾਫ਼ ਪੁਲਿਸ ਮੁਲਾਜ਼ਮਾਂ ਦੇ ਕਤਲ ਵਿੱਚ ਸ਼ਾਮਲ ਹੋਣ ਦੇ ਸਬੂਤ ਵੀ ਸਨ, ਤਾਂ ਉਸ ਨੂੰ ਝੂਠੇ ਮੁਕਾਬਲੇ ਵਿੱਚ ਮਾਰ ਦੇਣ ਦੀ ਬਜਾਏ, ਪੁਲਿਸ ਨੇ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋਸ਼ ਸਾਬਤ ਕਰਨ ਦਾ ਕਾਨੂੰਨੀ ਰਸਤਾ ਅਖਤਿਆਰ ਕਿਉਂ ਨਹੀਂ ਕੀਤਾ?

ਉੱਘੇ ਕਿਸਾਨ ਆਗੂ ਕਾਮਰੇਡ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਕਿਸਾਨਾਂ ਦੇ ਸਮਰਥਨ ਨਾਲ ਸੱਤਾ ਵਿੱਚ ਆਈ ਭਗਵੰਤ ਮਾਨ ਸਰਕਾਰ ਨੇ ਕਿਸਾਨਾਂ, ਮਜ਼ਦੂਰਾਂ, ਬੇਰੁਜ਼ਗਾਰ ਨੌਜਵਾਨਾਂ ਦੀ ਆਵਾਜ਼ ਨੂੰ ਪੁਲਿਸ ਤਸ਼ੱਦਦ ਆਸਰੇ ਦਬਾਉਣ ਅਤੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਪੰਜਾਬੀ ਨੌਜਵਾਨਾਂ ਨੂੰ ਮਾਰਨ ਜਾਂ ਫ਼ੱਟੜ ਕਰਨ ਦਾ ਜੋ ਗੈਰ ਕਾਨੂੰਨੀ ਰਾਹ ਫੜਿਆ ਹੋਇਆ ਹੈ, ਉਹ ਇਸ ਪਾਰਟੀ ਦੇ ਕਫ਼ਨ ਵਿੱਚ ਕਿੱਲ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਰਣਜੀਤ ਸਿੰਘ ਮਾਰਨ ਵਾਲੇ ਪੁਲਿਸ ਅਧਿਕਾਰੀਆਂ ਖ਼ਿਲਾਫ਼ ਕਤਲ ਕੇਸ ਦਰਜ਼ ਨਾ ਕੀਤਾ ਗਿਆ, ਤਾਂ ਪੰਜਾਬ ਦੀਆਂ ਇਨਸਾਫਪਸੰਦ ਜਥੇਬੰਦੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਖ਼ਿਲਾਫ਼ ਅੰਦੋਲਨ ਛੇੜਨ ਲਈ ਮਜ਼ਬੂਰ ਹੋਣਗੀਆਂ।

Leave a Reply

Your email address will not be published. Required fields are marked *