ਗੁਰਦਾਸਪੁਰ, 25 ਫਰਵਰੀ (ਸਰਬਜੀਤ ਸਿੰਘ)– ਜ਼ਿਲ੍ਹੇ ਗੁਰਦਾਸਪੁਰ ਦੇ ਪਿੰਡ ਆਦੀਆਂ ਸਥਿਤ ਪੁਲਸ ਚੈੱਕ ਪੋਸਟ ‘ਤੇ ਤਾਇਨਾਤ ਦੋ ਪੁਲਸ ਮੁਲਾਜ਼ਮਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਦੇ ਮਾਸਟਰਮਾਈਂਡ ਰਣਜੀਤ ਸਿੰਘ (ਨਿਵਾਸੀ ਆਦੀਆਂ) ਨੂੰ ਬੁੱਧਵਾਰ ਸਵੇਰੇ ਪੁਲਸ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ। ਇਹ ਮੁਕਾਬਲਾ ਸਵੇਰੇ ਕਰੀਬ 6 ਵਜੇ ਹੋਇਆ। ਪੁੱਛਗਿੱਛ ਦੌਰਾਨ ਪੁਲਸ ਦੇ ਹੱਥ ਕਈ ਅਹਿਮ ਜਾਣਕਾਰੀਆਂ ਲੱਗੀਆਂ ਹਨ। ਮਾਸਟਰਮਾਈਂਡ ਅਤੇ ਸ਼ੂਟਰਾਂ ਨੂੰ ਪਾਕਿਸਤਾਨੀ ਖੁਫੀਆ ਏਜੰਸੀ (ISI) ਨੇ ਪੈਸਿਆਂ ਦਾ ਲਾਲਚ ਦਿੱਤਾ ਸੀ। ਇੰਨਾ ਹੀ ਨਹੀਂ, ਮਹਿਜ਼ ਕੁਝ ਪੈਸੇ ਐਡਵਾਂਸ ਮਿਲਦੇ ਹੀ ਮੁਲਜ਼ਮਾਂ ਨੇ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਇਹ ਜਾਣਕਾਰੀ ਡੀਆਈਜੀ ਬਾਰਡਰ ਰੇਂਜ ਸੰਦੀਪ ਗੋਇਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਸਾਂਝੀ ਕੀਤੀ।
ਡੀਆਈਜੀ ਸੰਦੀਪ ਗੋਇਲ ਨੇ ਦੱਸਿਆ ਕਿ ਮੁਲਜ਼ਮਾਂ ਨੇ ਆਈਐਸਆਈ ਦੇ ਇਸ਼ਾਰੇ ‘ਤੇ ਪੈਸਿਆਂ ਦੇ ਲਾਲਚ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਮੁਲਜ਼ਮ ਦਿਲਾਵਰ ਸਿੰਘ ਨੂੰ ਗੋਲੀ ਚਲਾਉਣ ਵਾਲਿਆਂ ਦੀ ਮਦਦ ਕਰਨ ਲਈ 20 ਹਜ਼ਾਰ ਰੁਪਏ ਦਿੱਤੇ ਜਾਣੇ ਸਨ, ਜਿਸ ਵਿੱਚੋਂ ਉਸ ਨੂੰ ਹਾਲੇ 3 ਹਜ਼ਾਰ ਰੁਪਏ ਹੀ ਮਿਲੇ ਸਨ।
ਉਨ੍ਹਾਂ ਦੱਸਿਆ ਕਿ ਰਣਜੀਤ ਸਿੰਘ ਅਤੇ ਇੰਦਰਜੀਤ ਸਿੰਘ ਨੂੰ 2 ਤੋਂ 3 ਲੱਖ ਰੁਪਏ ਦਿੱਤੇ ਜਾਣੇ ਸਨ। ਗੁੰਮਰਾਹ ਹੋਏ ਮੁਲਜ਼ਮਾਂ ਨੇ ਪੈਸਿਆਂ ਲਈ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਇੰਦਰਜੀਤ ਸਿੰਘ ਖ਼ਿਲਾਫ਼ ਪਹਿਲਾਂ ਹੀ ਐਨਡੀਪੀਐਸ ਐਕਟ ਦੇ ਤਿੰਨ ਮਾਮਲੇ ਦਰਜ ਹਨ। ਵਾਰਦਾਤ ਵਿੱਚ ਦਿਲਾਵਰ ਦੇ ਮੋਟਰਸਾਈਕਲ ਦੀ ਵਰਤੋਂ ਕੀਤੀ ਗਈ ਸੀ। ਇੰਦਰਜੀਤ ਅਤੇ ਰਣਜੀਤ ਇਸ ਵਾਰਦਾਤ ਦੇ ਮੁੱਖ ਮਾਸਟਰਮਾਈਂਡ ਸਨ। ਜ਼ਖ਼ਮੀ ਹਾਲਤ ਵਿੱਚ ਰਣਜੀਤ ਸਿੰਘ ਨੂੰ ਤੁਰੰਤ ਨੇੜਲੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪੁਲਸ ਨੇ ਮੰਗਲਵਾਰ ਨੂੰ ਹੀ ਇਸ ਕੇਸ ਦੇ ਮੁਲਜ਼ਮ ਦਿਲਾਵਰ ਸਿੰਘ (ਨਿਵਾਸੀ ਆਲੀਨੰਗਲ) ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਦਿਲਾਵਰ ਸਿੰਘ ਦੀ ਪੁੱਛਗਿੱਛ ਦੌਰਾਨ ਹੀ ਰਣਜੀਤ ਸਿੰਘ ਅਤੇ ਉਸ ਦੇ ਦੂਜੇ ਸਾਥੀ ਇੰਦਰਜੀਤ ਸਿੰਘ (ਨਿਵਾਸੀ ਆਦੀਆਂ) ਬਾਰੇ ਅਹਿਮ ਸੁਰਾਗ ਮਿਲੇ ਸਨ। ਇਸ ਮੌਕੇ ਐਸਐਸਪੀ ਆਦਿੱਤਿਆ, ਐਸਪੀ ਜੁਗਰਾਜ ਸਿੰਘ ਤੇ ਹੋਰ ਵੀ ਪੁਲਸ ਅਧਿਕਾਰੀ ਮੌਜੂਦ ਸਨ।


