ਗੁਰਦਾਸਪੁਰ, 25 ਫਰਵਰੀ (ਸਰਬਜੀਤ ਸਿੰਘ)– ਅੱਜ ਜਨਗਣਨਾ 2027 ਦੇ ਸਬੰਧ ਵਿੱਚ ਜਿਲ੍ਹੇ ਦੇ ਸਮੂਹ ਚਾਰਜ ਅਫਸਰ ਅਤੇ ਜਨਗਣਨਾ ਸਟਾਫ ਨੂੰ ਦੋ ਦਿਨਾਂ ਸਿਖਲਾਈ ਦੇਣ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਸ਼੍ਰੀ ਆਦਿੱਤਿਆ ਉੱਪਲ, ਡਿਪਟੀ ਕਮਿਸ਼ਨਰ ਕਮ-ਪ੍ਰਿੰਸੀਪਲ ਜਨਗਣਨਾ ਅਫਸਰ ਗੁਰਦਾਸਪੁਰ ਵਿਸ਼ੇਸ ਤੌਰ ‘ਤੇ ਪਹੁੰਚੇ ਅਤੇ ਸਮੂਹ ਚਾਰਜ ਅਫਸਰ ਅਤੇ ਜਨਗਣਨਾ ਸਟਾਫ ਨੂੰ ਜਨਗਣਨਾ 2027 ਦੇ ਵੱਖ-ਵੱਖ ਪਹਿਲੂਆਂ ਸਬੰਧੀ ਗੰਭੀਰਤਾ ਨਾਲ ਸਿਖਲਾਈ ਲੈਣ ਲਈ ਕਿਹਾ। ਇਸ ਮੌਕੇ ਜਨਗਣਨਾ ਵਿਭਾਗ ਚੰਡੀਗੜ੍ਹ ਤੋਂ ਵਿਨੋਦ ਯਾਦਵ ਸਹਾਇਕ ਡਾਇਰੈਕਟਰ, ਸ਼੍ਰੀ ਰਾਜੇਸ਼ ਬਾਲੋਤਰਾ ਏ.ਆਰ.ਓ, ਅੰਕੁਰ ਸ਼ਰਮਾ ਇੰਨਵੈਸਟੀਗੇਟਰ ਗਰੇਡ-1 ਅਤੇ ਰਾਜੇਸ਼ ਸ਼ਰਮਾ ਉਪ ਅਰਥ ਤੇ ਅੰਕੜਾ ਸਲਾਹਕਾਰ -ਕਮ-ਐਡੀਸ਼ਨਲ ਜਨਗਣਨਾ ਅਫਸਰ ਗੁਰਦਾਸਪੁਰ ਹਾਜ਼ਰ ਸਨ।
ਇਸ ਮੌਕੇ ਵਿਨੋਦ ਯਾਦਵ ਸਹਾਇਕ ਡਾਇਰੈਕਟਰ ਅਤੇ ਅੰਕੁਰ ਸ਼ਰਮਾ ਇੰਨਵੈਸਟੀਗੇਟਰ ਵੱਲੋਂ ਪੰਚਾਇਤ ਭਵਨ ਗੁਰਦਾਸਪੁਰ ਵਿਖੇ ਸਿਖਲਾਈ ਦੌਰਾਨ ਜਨਗਣਨਾ ਸਬੰਧੀ ਵੱਖ-ਵੱਖ ਪਹਿਲੂਆਂ ਜਿਵੇਂ ਜਨਗਣਨਾ ਸਬੰਧੀ ਕਾਨੂੰਨੀ ਪਹਿਲੂ, ਫੰਡ ਮੈਨੇਜਮੈਂਟ, ਮੈਨ ਪਾਵਰ ਅਤੇ ਪਬਲੀਸਿਟੀ ਗਤੀਵਿਧੀਆਂ, ਐਚ,ਐਲ.ਓ ਸਡਿਊਲ, ਸੀ.ਐਮ.ਐਮ.ਐਸ ਮਾਡਿਊਲ ਆਦਿ ਸਬੰਧੀ ਜਾਣਕਾਰੀ ਦਿੱਤੀ ਗਈ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਜਨਗਣਨਾ ਦੋ ਪੜਾਵਾਂ ਵਿੱਚ ਕੀਤੀ ਜਾਵੇ ਗਈ। ਪਹਿਲਾ ਪੜਾਅ ਅਪ੍ਰੈਲ 2026 ਤੋਂ ਸਤੰਬਰ 2026 ਤੱਕ ਹੋਵੇਗਾ, ਜਿਸ ਵਿੱਚ ਘਰਾਂ ਦੀ ਸੂਚੀ ਅਤੇ ਰਿਹਾਇਸ਼ ਦੀ ਜਨਗਣਨਾ ਹੋਵੇਗੀ। ਦੂਸਰਾ ਪੜਾਅ ਫਰਵਰੀ 2027 ਨੂੰ ਹੋਵੇਗਾ, ਜਿਸ ਵਿੱਚ ਆਬਾਦੀ ਦੀ ਗਣਨਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਮੂਹ ਚਾਰਜ ਅਫਸਰ ਅਤੇ ਜਨਗਣਨਾ ਸਟਾਫ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ।


