ਗੁਰਦਾਸਪੁਰ ਵਿਖੇ ਪੰਜਾਬ ਰੋਡਵੇਜ਼ ਦਾ ਡਿਪੂ ਸਥਾਪਤ ਹੋਣ ਨਾਲ ਯਾਤਰੀਆਂ ਨੂੰ ਹੋਰ ਬਿਹਤਰ ਅਤੇ ਸੁਵਿਧਾਜਨਕ ਸੇਵਾਵਾਂ ਪ੍ਰਦਾਨ ਹੋਣਗੀਆਂ
ਗੁਰਦਾਸਪੁਰ, 13 ਫਰਵਰੀ (ਸਰਬਜੀਤ ਸਿੰਘ)- ਇੰਪਰੂਵਮੈਂਟ ਟਰੱਸਟ ਗੁਰਦਾਸਪੁਰ ਦੇ ਚੇਅਰਮੈਨ ਰਾਜੀਵ ਸ਼ਰਮਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਗੁਰਦਾਸਪੁਰ ਸ਼ਹਿਰ ਵਿੱਚ ਪੰਜਾਬ ਰੋਡਵੇਜ਼ ਦਾ ਬੱਸ ਡਿਪੂ ਮਨਜ਼ੂਰ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਟਰੈਫਿਕ ਦੀ ਸਮੱਸਿਆ ਨੂੰ ਧਿਆਨ ਵਿੱਚ ਰੱਖਦਿਆਂ ਇੰਪਰੂਵਮੈਂਟ ਟਰੱਸਟ ਵੱਲੋਂ ਨਵਾਂ ਬੱਸ ਸਟੈਂਡ ਤਿਆਰ ਕਰਵਾਇਆ ਗਿਆ ਸੀ, ਜੋ ਇਸ ਸਮੇਂ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ। ਇਸ ਬੱਸ ਸਟੈਂਡ ਤੋਂ ਪੰਜਾਬ ਦੇ ਮਹੱਤਵਪੂਰਨ ਸ਼ਹਿਰਾਂ ਤੋਂ ਇਲਾਵਾ ਦਿੱਲੀ, ਜੰਮੂ-ਕਸ਼ਮੀਰ ਅਤੇ ਕੱਟੜਾ ਵੱਲ ਵੀ ਬੱਸ ਸੇਵਾਵਾਂ ਚੱਲ ਰਹੀਆਂ ਹਨ। ਇਹ ਰੂਟ ਬਹੁਤ ਹੀ ਬਿਜ਼ੀ ਹਨ ਅਤੇ ਯਾਤਰੀਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।
ਚੇਅਰਮੈਨ ਰਾਜੀਵ ਸ਼ਰਮਾ ਨੇ ਕਿਹਾ ਕਿ ਗੁਰਦਾਸਪੁਰ ਦੇ ਨਿਵਾਸੀਆਂ ਦੀ ਲੰਬੇ ਸਮੇਂ ਤੋਂ ਮੰਗ ਹੈ ਕਿ ਇੱਥੇ ਪੰਜਾਬ ਰੋਡਵੇਜ਼ ਦਾ ਡਿਪੂ ਸਥਾਪਤ ਕੀਤਾ ਜਾਵੇ, ਤਾਂ ਜੋ ਲੰਮੇ ਰੂਟਾਂ ਲਈ ਹੋਰ ਬੱਸਾਂ ਚਲਾਈਆਂ ਜਾ ਸਕਣ ਅਤੇ ਯਾਤਰੀਆਂ ਨੂੰ ਬਿਹਤਰ ਅਤੇ ਸੁਵਿਧਾਜਨਕ ਸੇਵਾ ਪ੍ਰਦਾਨ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਡਿਪੂ ਦੀ ਸਥਾਪਨਾ ਨਾਲ ਸਰਕਾਰ ਦੀ ਆਮਦਨ ਵਿੱਚ ਵਾਧਾ ਹੋਵੇਗਾ ਅਤੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਵੀ ਉਪਲਬਧ ਹੋਣਗੇ। ਉਨ੍ਹਾਂ ਮੁੱਖ ਮੰਤਰੀ ਕੋਲ ਬੇਨਤੀ ਕੀਤੀ ਕਿ ਸਬੰਧਤ ਵਿਭਾਗ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕਰਕੇ ਗੁਰਦਾਸਪੁਰ ਦੇ ਨਵੇਂ ਬੱਸ ਸਟੈਂਡ ਵਿੱਚ ਪੰਜਾਬ ਰੋਡਵੇਜ਼ ਦਾ ਡਿਪੂ ਸਥਾਪਤ ਕਰਨ ਦੀ ਕਾਰਵਾਈ ਜਲਦ ਤੋਂ ਜਲਦ ਸ਼ੁਰੂ ਕਰਵਾਈ ਜਾਵੇ।


