ਬਦੀ ਨੂੰ ਜਿੱਤਣ ਦਾ ਇੱਕ ਇਹ ਤਰੀਕਾ ਵੀ ਹੁੰਦੈ!

ਬਠਿੰਡਾ-ਮਾਨਸਾ

ਮਾਨਸਾ ਦੇ ਅਗਾਂਹਵਧੂ ਤੇ ਸਮਾਜ ਸੇਵੀਆਂ ਨੇ ਦੁਸਹਿਰੇ ਵਕਤ ਪਾਣੀ ਵਿੱਚ ਸੁੱਟਿਆ ਜਾਂਦਾ ਕੂੜਾ ਰੋਕਿਆ

ਪੁੰਗਰੇ ਜੌਂ, ਨਾਰੀਅਲ, ਕੱਪੜੇ ਅਤੇ ਪੂਜਾ ਅਰਚਨਾ ਦੇ ਹੋਰ ਸਮਾਨ ਦਾ ਸੂਏ ਦੇ ਪੁਲ ‘ਤੇ ਲੱਗਿਆ ਢੇਰ

ਮਾਨਸਾ, ਗੁਰਦਾਸਪੁਰ, 3 ਅਕਤੂਬਰ (ਸਰਬਜੀਤ ਸਿੰਘ)– ਮਾਨਸਾ ਦੇ ਅਗਾਂਹਵਧੂ  ਵਿਅਕਤੀਆਂ ਤੇ ਸਮਾਜ ਸੇਵੀਆਂ ਨੇ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਅਤੇ ਡਾਕਟਰ ਜਨਕ ਰਾਜ ਦੀ ਅਗਵਾਈ ਵਿੱਚ ਅੱਜ ਇੱਕ ਵਿਲੱਖਣ ਕਿਸਮ ਦੀ ਸਫਾਈ ਮੁਹਿੰਮ ਚਲਾਈ । ਇਸ ਦੌਰਾਨ ਸੈਂਟਰਲ ਪਾਰਕ ਸੰਘਰਸ਼ ਕਮੇਟੀ ਅਤੇ ਵਾਇਸ ਆਫ ਮਾਨਸਾ ਦੇ ਮੈਂਬਰ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਵਰਕਰ ਸੂਏ ਦੇ ਵਾਟਰ ਵਰਕਸ ਨੇੜਲੇ ਪੁਲ ਸਮੇਤ ਜਵਾਹਰਕੇ ਅਤੇ ਚਕੇਰੀਆਂ ਵਾਲੇ ਪੁਲ਼ ਉੱਪਰ ਖੜ੍ਹ ਗਏ। ਜਿਕਰਯੋਗ ਹੈ ਕਿ ਦੁਸਹਿਰੇ ਵਾਲੇ ਦਿਨ ਵੱਡੀ ਗਿਣਤੀ ਸ਼ਹਿਰ ਨਿਵਾਸੀ ਸਵੇਰ ਤੋ   ਲੈਕੇ ਹਨੇਰਾ ਹੋਣ ਤੱਕ  ਪਾਣੀ ਵਿੱਚ ਪੂਜਾ ਲਈ ਵਰਤਿਆ ਗਿਆ ਸਮਾਨ ਜਲ ਪਰਵਾਹ ਕਰਨ ਆਉਂਦੇ ਹਨ। ਅੱਜ ਜਦੋਂ ਵੀ ਸ਼ਹਿਰੀ ਸਮਾਨ ਨੂੰ ਸੂਏ ਦੇ ਪਾਣੀ ਵਿੱਚ ਸੁੱਟਣ ਦੇ ਇਰਾਦੇ ਨਾਲ ਆਇਆ ਤਾਂ ਪਹਿਲਾਂ ਤੋਂ ਹੀ ਮੌਜੂਦ ਸਮਾਜ ਸੇਵੀਆਂ ਨੇ ਨਿਮਰਤਾ ਨਾਲ ਅਪੀਲ ਕਰਦਿਆਂ ਉਸਨੂੰ ਰੋਕਿਆ। ਭਾਵੇਂ ਕੁੱਝ ਲੋਕਾਂ ਨੇ ਸਮਾਨ ਨੂੰ ਪਾਣੀ ਵਿੱਚ ਸੁੱਟਣ ਦੀ ਜਿੱਦ ਵੀ ਕੀਤੀ ਪਰ ਸਮਾਜ ਸੇਵੀਆਂ ਦੀ ਨਿਮਰਤਾ ਕਾਰਨ ਉਹ ਹਟ ਗਏ ਅਤੇ ਹੱਥਾਂ ਵਿੱਚ ਫੜੇ ਲਿਫਾਫੇ ਦੱਸੀਂ ਥਾਂ ਰੱਖ ਗਏ । ਡਾਕਟਰ ਜਨਕ ਰਾਜ, ਰਾਜਵਿੰਦਰ ਸਿੰਘ ਰਾਣਾ,ਸਮਸ਼ੇਰ ਸਿੰਘ, ਰਾਹੁਲ ਗੁਪਤਾ ਨੇ ਦੱਸਿਆ ਕਿ ਅਸੀਂ ਸਭਨੂੰ ਅਪੀਲ ਕਰਦੇ ਰਹੇ ਅਤੇ ਲੋਕ ਸੂਏ ਵਿੱਚ ਸੁੱਟਿਆ ਜਾਣ ਵਾਲੀ ਸਮਗਰੀ ਨੂੰ ਪੁਲ਼ ਉੱਪਰ ਸੜਕ ‘ਤੇ ਰੱਖਦੇ ਗਏ। ਸਮਾਜ ਸੇਵੀਆਂ ਨੇ ਦੱਸਿਆ ਕਿ ਦੋ ਕੁ ਘੰਟੇ ਵਿੱਚ ਹੀ ਤਿੰਨ ਟਰਾਲੀਆਂ ਬਰਾਬਰ ਸਮਾਨ ਦੇ ਭਰੇ ਲਿਫ਼ਾਫ਼ਿਆਂ ਦਾ ਢੇਰ ਲੱਗ ਗਿਆ। ਕਾਮਰੇਡ ਰਾਣੇ ਅਤੇ ਡਾਕਟਰ ਜਨਕ ਰਾਜ ਨੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਜੇਕਰ ਇਹ ਸਮਾਨ ਸੂਏ ਵਿੱਚ ਸੁੱਟਿਆ ਜਾਂਦਾ ਤਾਂ ਇਸਨੇ ਪੀਣ ਲਈ ਵਰਤੇ ਜਾਂਦੇ ਪਾਣੀ ਨੂੰ ਦੂਸ਼ਿਤ ਕਰ ਦੇਣਾ ਸੀ। ਉਨ੍ਹਾਂ ਕਿਹਾ ਜਿੱਥੇ ਇਹ ਕੂੜਾ ਪਾਣੀ ਨੂੰ ਗੰਦਾ ਕਰਦਾ ਉੱਥੇ ਪਾਣੀ ਦੇ ਵਹਾਅ ਨੂੰ ਵੀ ਰੋਕਦਾ। ਲਿਫਾਫਿਆਂ ਵਿੱਚ ਭਰੇ ਇਸ ਕੂੜੇ ਨੇ ਬਦਬੂ ਵੀ ਮਾਰਨੀ ਸੀ ਅਤੇ ਖੇਤਾਂ ਵਿੱਚ ਪੈਦਾ ਹੋਣ ਵਾਲੀਆਂ ਫਸਲਾਂ ਨੂੰ ਵੀ ਖਰਾਬ ਕਰਨਾ ਸੀ।ਉਨ੍ਹਾਂ ਦੱਸਿਆ ਹੁਣ ਅਸੀਂ ਇਸ ਸਮਾਨ ਨੂੰ ਖਾਦ ਵਜੋਂ ਖੇਤਾਂ ਵਿਚ ਪਾਇਆ ਜਾਵੇ।।  ਉਨ੍ਹਾਂ ਨਾਲ ਹੀ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪੁਰਾਣੀਆਂ ਧਾਰਮਿਕ ਮਨੌਤਾਂ ਦੀ ਪੜਤਾਲ ਕਰਨ ਕਿ ਇਸ ਤਰ੍ਹਾਂ ਕਿਉਂ ਕੀਤਾ ਜਾਂਦਾ ਸੀ। ਜਦੋਂ ਉਹ ਕਾਰਨ ਸਮਝ ਜਾਣਗੇ ਤਾਂ ਪਵਿੱਤਰ ਤਿਉਹਾਰਾਂ ਮੌਕੇ ਪਾਣੀ, ਹਵਾ ਤੇ ਧਰਤੀ ਵਰਗੀਆਂ ਅਮੁੱਲੀਆਂ ਕੁਦਰਤੀ ਦਾਤਾਂ ਨੂੰ ਗੰਦਾ ਕਰਨ ਤੋਂ ਹਟ ਜਾਣਗੇ। ਇਸ ਮੌਕੇ ਹੋਰਨਾਂ ਸਮੇਤ ਭੀਮ ਸਿੰਘ ਫੌਜੀ, ਸਾਮਲਾਲ ਦੂਲੋਵਾਲ, ਮੇਜ਼ਰ ਸਿੰਘ ਫੌਜੀ, ਠੇਕੇਦਾਰ ਹਰਮੇਲ ਸਿੰਘ, ਮੇਜ਼ਰ ਸਿੰਘ ਗੇਹਲੇ, ਹਰਮੀਤ ਸਿੰਘ ਜੇ ਈ  ਵਿਜੇ ਗਰਗ ,ਜਗਰੂਪ ਸਿੰਘ, ਤਰਸੇਮ  ਜੋਗਾ,ਬਿੰਦਰ ਪ੍ਰਵਾਨਾ ਵੀ ਸੇਵਾ ਨਿਭਾਉਂਦੇ ਰਹੇ। ਇਹ ਵੱਖਰੇ ਕਾਰਜ ਦੀ ਪੂਰੇ ਇਲਾਕੇ ਵਿੱਚ ਚਰਚਾ ਹੈ।

Leave a Reply

Your email address will not be published. Required fields are marked *