ਗੁਰਦਾਸਪੁਰ, 26 ਜੁਲਾਈ (ਸਰਬਜੀਤ ਸਿੰਘ)– ਗੁਰਦਾਸਪੁਰ ਪੁਲਸ ਨੇ ਧਾਰੀਵਾਲ ਦੇ ਕ੍ਰਿਸ਼ਨਾ ਮੰਦਿਰ ’ਚ 24 ਜੁਲਾਈ 2025 ਨੂੰ ਹੋਈ ਚੋਰੀ ਦੇ ਮਾਮਲੇ ਨੂੰ ਪੁਲਸ ਨੇ ਸਿਰਫ਼ 24 ਘੰਟਿਆਂ ’ਚ ਸੁਲਝਾ ਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਅਤੇ ਚੋਰੀ ਕੀਤੀ ਗਈ 17,85,000 ਰੁਪਏ ਦੀ ਪੂਰੀ ਰਕਮ ਬਰਾਮਦ ਕਰ ਲਈ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਐਸਐਸਪੀ ਆਈਪੀਐਸ ਅਦਿੱਤਯ ਨੇ ਦੱਸਿਆ ਕਿ 24 ਜੁਲਾਈ 2025 ਨੂੰ ਧਾਰੀਵਾਲ ਦੇ ਕ੍ਰਿਸ਼ਨਾ ਮੰਦਿਰ ’ਚ ਅਣਪਛਾਤੇ ਵਿਅਕਤੀ ਨੇ ਮੰਦਿਰ ਦੀ ਅਲਮਾਰੀ ’ਚੋਂ ਨਕਦੀ ਅਤੇ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਚੋਰੀ ਕਰ ਲਿਆ ਸੀ। ਇਸ ਘਟਨਾ ਨੇ ਸਥਾਨਕ ਲੋਕਾਂ ’ਚ ਸਨਸਨੀ ਫੈਲਾ ਦਿੱਤੀ ਸੀ। ਪੁਲਸ ਨੇ ਤੁਰੰਤ ਕਾਰਵਾਈ ਸ਼ੁਰੂ ਕਰਦੇ ਹੋਏ ਮੁਕੱਦਮਾ ਨੰਬਰ 109, ਜੁਰਮ 305, 331(3) BNS ਅਧੀਨ ਥਾਣਾ ਧਾਰੀਵਾਲ ’ਚ ਦਰਜ ਕੀਤਾ।ਉਨ੍ਹਾ ਦੱਸਿਆ ਕਿ ਮਾਨਯੋਗ ਡਾਇਰੈਕਟਰ ਜਨਰਲ ਪੰਜਾਬ ਪੁਲਸ ਗੋਰਵ ਯਾਦਵ, ਡਿਪਟੀ ਇੰਸਪੈਕਟਰ ਜਨਰਲ ਪੁਲਸ, ਬਾਰਡਰ ਰੇਂਜ, ਅੰਮ੍ਰਿਤਸਰ ਆਈ.ਪੀ.ਐਸ ਨਾਨਕ ਸਿੰਘ ਦੀ ਅਗਵਾਈ ’ਚ ਪੁਲਸ ਨੇ ਅਪਰਾਧੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਰਣਨੀਤੀ ਅਪਣਾਈ ਹੈ। ਐਸਐਸਪੀ ਅਦਿੱਤਯ ਨੇ ਦੱਸਿਆ ਕਿ ਧਾਰੀਵਾਲ ਅਤੇ ਸਪੈਸ਼ਲ ਬ੍ਰਾਂਚ ਦੀ ਇੱਕ ਵਿਸ਼ੇਸ਼ ਟੀਮ ਗਠਿਤ ਕੀਤੀ ਗਈ, ਜਿਸ ਨੇ ਅਤਿ-ਆਧੁਨਿਕ ਤਕਨੀਕ, ਜਿਵੇਂ ਕਿ CCTV ਫੁਟੇਜ ਵਿਸ਼ਲੇਸ਼ਣ, ਡਿਜੀਟਲ ਸਬੂਤ ਅਤੇ ਖੁਫੀਆ ਜਾਣਕਾਰੀ ਦੀ ਮਦਦ ਨਾਲ ਜਾਂਚ ਨੂੰ ਅੰਜਾਮ ਦਿੱਤਾ।
ਸੀਨੀਅਰ ਕਪਤਾਨ ਪੁਲਸ ਨੇ ਪ੍ਰੈਸ ਨੂੰ ਦੱਸਿਆ, “ਸਾਡੀ ਟੀਮ ਨੇ ਦਿਨ-ਰਾਤ ਇੱਕ ਕਰਕੇ, ਤਕਨੀਕੀ ਅਤੇ ਸਥਾਨਕ ਸੂਚਨਾਵਾਂ ਦੇ ਸੁਮੇਲ ਨਾਲ, ਮਾਮਲੇ ਨੂੰ ਸੁਲਝਾਉਣ ’ਚ ਸਫਲਤਾ ਹਾਸਲ ਕੀਤੀ।” ਪੁਲਸ ਨੇ ਸਥਾਨਕ ਲੋਕਾਂ ਦੀ ਸਹਾਇਤਾ ਅਤੇ ਤਕਨੀਕੀ ਸਾਧਨਾਂ ਦੀ ਸਹੀ ਵਰਤੋਂ ਕਰਕੇ ਸਬੂਤ ਇਕੱਠੇ ਕੀਤੇ, ਜਿਸ ਨਾਲ ਦੋਸ਼ੀ ਦੀ ਸਹੀ ਪਛਾਣ ਸੰਭਵ ਹੋ ਸਕੀ
ਜਾਂਚ ਦੌਰਾਨ ਪੁਲਸ ਨੇ ਦੋਸ਼ੀ ਉਜਿਤ ਉਰਫ ਅਜੀਤ, ਵਾਸੀ ਝੁੱਗੀਆਂ ਲੁਧਿਆਣਾ ਮੁਹੱਲਾ, ਧਾਰੀਵਾਲ ਨੂੰ ਗ੍ਰਿਫਤਾਰ ਕਰ ਲਿਆ। ਉਸ ਦੇ ਕਬਜ਼ੇ ’ਚੋਂ ਚੋਰੀ ਕੀਤੀ ਗਈ ਪੂਰੀ ਰਕਮ, ਯਾਨੀ 17,85,000 ਰੁਪਏ, ਸਫਲਤਾਪੂਰਵਕ ਬਰਾਮਦ ਕਰ ਲਈ ਗਈ। ਇਸ ਤੋਂ ਇਲਾਵਾ, ਜਾਂਚ ’ਚ ਇਹ ਵੀ ਸਾਹਮਣੇ ਆਇਆ ਕਿ ਦੋਸ਼ੀ ਦਾ ਅਪਰਾਧਿਕ ਇਤਿਹਾਸ ਰਿਹਾ ਹੈ, ਜਿਸ ’ਚ ਉਸ ਦੇ ਖਿਲਾਫ ਵੱਖ-ਵੱਖ ਥਾਣਿਆਂ ’ਚ ਚੋਰੀ ਦੇ ਤਿੰਨ ਮੁਕੱਦਮੇ ਪਹਿਲਾਂ ਹੀ ਦਰਜ ਹਨ।


