ਪੰਜਾਬ ਸਰਕਾਰ ਵੱਲੋਂ ਵੱਡੇ ਉਦਯੋਗਪਤੀਆਂ ਨੂੰ ਰਜਿਸਟ੍ਰੇਸ਼ਨ ਅਤੇ ਰਿਕਾਰਡ ਰੱਖਣ ਤੋਂ ਛੋਟ ਦੇਣ ਨਾਲ ਮਜ਼ਦੂਰ 100 ਸਾਲ ਪਿੱਛੇ ਦੀ ਸਥਿਤੀ ਵਿੱਚ ਚਲੇ ਜਾਣਗੇ-ਲਾਭ ਸਿੰਘ ਅਕਲੀਆ

ਮਾਲਵਾ

ਮਜ਼ਦੂਰਾਂ ਵੱਲੋਂ ਇਜ਼ਰਾਈਲ – ਫ਼ਲਸਤੀਨ ਵਿਚਕਾਰ ਜੰਗ ਦਾ ਵੀ ਵਿਰੋਧ ਕੀਤਾ
ਮੌੜ ਮੰਡੀ, ਗੁਰਦਾਸਪੁਰ, 14 ਜੂਨ (ਸਰਬਜੀਤ ਸਿੰਘ)– ਅੱਜ ਇੱਥੋਂ ਨੇੜਲੇ ਪਿੰਡ ਰਾਮਨਗਰ ਵਿਖੇ ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਦੀ ਅਗਵਾਈ ਹੇਠ ਮਨਰੇਗਾ ਮਜ਼ਦੂਰਾਂ ਦੀ ਭਰਵੀਂ ਮੀਟਿੰਗ ਕੀਤੀ ਗਈ।
ਸੀਪੀਆਈ (ਐਮ ਐਲ) ਰੈੱਡ ਸਟਾਰ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਅਤੇ ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਦੇ ਸੂਬਾਈ ਆਗੂ ਕਾਮਰੇਡ ਨਛੱਤਰ ਸਿੰਘ ਰਾਮਨਗਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਜ਼ਦੂਰਾਂ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਗ਼ਰੀਬੀ,ਮਹਿੰਗਾਈ ਅਤੇ ਬੇਰੁਜ਼ਗਾਰੀ ਸੜੱਪੇ ਮਾਰਕੇ ਵਧ ਰਹੀ ਹੈ। ਮਨਰੇਗਾ ਦਾ ਕਾਨੂੰਨ ਵੀ ਮਰਨ ਕਿਨਾਰੇ ਪਹੁੰਚ ਗਿਆ ਹੈ। ਆਪ ਪਾਰਟੀ ਦੇ ਵਰਕਰਾਂ ਵੱਲੋਂ ਮਨਰੇਗਾ ਦੇ ਕੰਮਾਂ ਵਿੱਚ ਸਿਆਸੀ ਦਖ਼ਲ ਅੰਦਾਜ਼ੀ ਕਰਕੇ ਮਨਮਰਜ਼ੀ ਦੇ ਨਾਲ ਮੇਟ ਬਦਲੇ ਜਾ ਰਹੇ ਹਨ ਅਤੇ ਮਨਰੇਗਾ ਵਿੱਚ ਵੱਡੇ ਪੱਧਰ ‘ਤੇ ਭ੍ਰਿਸ਼ਟਾਚਾਰ ਵਧ ਗਿਆ। ‌ਆਗੂਆਂ ਨੇ ਇਹ ਵੀ ਕਿਹਾ ਕਿ ਭਗਵੰਤ ਮਾਨ ਨੇ ਚੋਣਾਂ ਸਮੇਂ ਝੂਠ ਬੋਲਕੇ ਗ਼ਰੀਬ ਜਨਤਾ ਤੋਂ ਵੋਟਾਂ ਤਾਂ ਲੈਅ ਲਈਆਂ ਪਰ ਮਜ਼ਦੂਰਾਂ ਦੀ ਇੱਕ ਵੀ ਮੰਗ ਤੇ ਅਮਲ ਨਹੀਂ ਕੀਤਾ। ਮੋਦੀ ਵੱਲੋਂ ਕਿਰਤ ਕਾਨੂੰਨ ਖ਼ਤਮ ਕਰਕੇ ਜੋ ਚਾਰ ਲੇਬਰ ਕੋਡ ਪਾਸ ਕੀਤੇ ਗਏ ਹਨ , ਭਗਵੰਤ ਮਾਨ ਉਹਨਾਂ ਨੂੰ ਲਾਗੂ ਕਰਨ ਲਈ ਪੱਬਾਂ ਭਾਰ ਹੈ। ਪੰਜਾਬ ਵਿੱਚ ਅੱਠ ਘੰਟੇ ਦਿਹਾੜੀ ਦਾ ਨਿਯਮ ਖ਼ਤਮ ਕਰਕੇ 12 ਘੰਟੇ ਲਾਗੂ ਕਰਨ ਲਈ ਬਾਰ ਬਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਲੱਖਾਂ ਉਦਯੋਗਪਤੀਆਂ ਨੂੰ ਰਜਿਸਟ੍ਰੇਸ਼ਨ ਅਤੇ ਰਿਕਾਰਡ ਰੱਖਣ ਤੋਂ ਛੋਟ ਦੇਕੇ ਮਜ਼ਦੂਰਾਂ ਨੂੰ ਸੌ ਸਾਲ ਪਿੱਛੇ ਦੀ ਗ਼ੁਲਾਮੀ ਵੱਲ ਧੱਕਿਆ ਜਾ ਰਿਹਾ ਹੈ, ਜਿਸ ਨਾਲ ਮਜ਼ਦੂਰਾਂ ਦੀ ਲੁੱਟ ਹੋਰ ਵਧੇਗੀ। ਅੱਜ ਦੀ ਮੀਟਿੰਗ ਵਿੱਚ ਮਜ਼ਦੂਰਾਂ ਵੱਲੋਂ ਅਮਰੀਕਾ -ਇਜ਼ਰਾਈਲ ਗੱਠਜੋੜ ਵੱਲੋਂ ਫ਼ਲਸਤੀਨ ਦੀ ਜਨਤਾ ਦੀ ਕੀਤੀ ਜਾ ਰਹੀ ਨਸਲਕੁਸ਼ੀ ਦਾ ਵੀ ਜ਼ੋਰਦਾਰ ਵਿਰੋਧ ਕੀਤਾ ਅਤੇ ਫ਼ਲਸਤੀਨੀ ਲੋਕਾਂ ਦੇ ਨਾਲ ਇੱਕ ਜੁੱਟਤਾ ਦਾ ਪ੍ਰਗਟਾਵਾ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਇਸ ਨਿਹੱਕੀ ਜੰਗ ਵਿੱਚ 61700 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚ ਵੱਡੀ ਗਿਣਤੀ ਬੱਚੇ, ਔਰਤਾਂ ਸ਼ਾਮਲ ਹਨ। ਫ਼ਲਸਤੀਨ ਅਤੇ ਗਾਜ਼ਾ ਪੱਟੀ ਵਿੱਚ ਵੱਡੇ ਪੱਧਰ ‘ਤੇ ਕਾਲ਼ ਅਤੇ ਭੁਖਮਰੀ ਦੀ ਸਥਿੱਤੀ ਬਣ ਗਈ ਹੈ। ਇਹ ਜੰਗ ਤੁਰੰਤ ਬੰਦ ਹੋਣੀ ਚਾਹੀਦੀ ਹੈ।

Leave a Reply

Your email address will not be published. Required fields are marked *