ਨੌਜਵਾਨਾਂ ਨੂੰ ਰੁਜ਼ਗਾਰ ਅਧਿਕਾਰ ਅੰਦੋਲਨ ਦੇ ਨਾਲ ਜੋੜਿਆ ਜਾਵੇਗਾ- ਰਾਮਾਨੰਦੀ

ਬਠਿੰਡਾ-ਮਾਨਸਾ

ਫਲਸਤੀਨ ਤੇ ਗਾਜਾ ਵਿੱਚ ਬੇਕਸੂਰ ਲੋਕਾਂ ਨੂੰ ਮੌਤ ਵੰਡਦੀ ਇਸਰਾਇਲ ਸਰਕਾਰ ਦੀ ਜੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਇਸਰਾਇਲ ਖਿਲਾਫ 17 ਜੂਨ ਨੂੰ ਮਾਨਸਾ ਸ਼ਹਿਰ ਵਿੱਚ ਹੋ ਰਹੇ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਬਾਰੇ ਜਾਣਕਾਰੀ ਦਿੱਤੀ

ਮਾਨਸਾ, ਗੁਰਦਾਸਪੁਰ, 12 ਜੂਨ (ਸਰਬਜੀਤ ਸਿੰਘ)– ਅੱਜ ਦੇ ਅਤਿ ਅਧੁਨਿਕ ਯੁੱਗ ਵਿੱਚ ਨੌਜਵਾਨ ਮਹਿੰਗੀ ਤੇ ਕਿੱਤਾਮੁਖੀ ਪੜਾਈ ਕਰਨ ਦੇ ਬਾਵਜੂਦ ਵੀ ਬੇਰੁਜ਼ਗਾਰੀ ਹੰਢਾਉਣ ਲਈ ਮਜਬੂਰ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਏਥੇ ਬਾਬਾ ਬੂਝਾ ਸਿੰਘ ਭਵਨ ਵਿੱਚ ਪ੍ਰੈੱਸ ਨੂੰ ਸੰਬੋਧਨ ਕਰਦਿਆਂ ਰੁਜ਼ਗਾਰ ਅਧਿਕਾਰ ਅੰਦੋਲਨ ਮਾਲਵਾ ਜੋਨ ਦੇ ਕੋ-ਕਨਵੀਨਰ ਸੁਖਜੀਤ ਸਿੰਘ ਰਾਮਾਨੰਦੀ ਨੇ ਕੀਤਾ।ਉਨਾ ਕਿਹਾ ਕਿ ਪੰਜਾਬ ਸਰਕਾਰ ਜਿਥੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਕੇ ਗੁੰਮਰਾਹ ਕਰ ਰਹੀ ਹੈ ਉਥੇ ਕੇਂਦਰ ਦੀ ਬੀਜੇਪੀ ਸਰਕਾਰ ਹਿੰਦੂਤਵੀ ਫਾਸ਼ੀਵਾਦ ਦਾ ਏਜੰਡਾ ਲਾਗੂ ਕਰਨ ਵਿੱਚ ਮਸ਼ਰੂਫ ਹੈ। ਉਨਾਂ ਹੋਰ ਵੀ ਕਿਹਾ ਕਿ ਮੌਕੇ ਦੀਆਂ ਸਰਕਾਰਾਂ ਦੇ ਵਿਕਾਸ ਦੇ ਫੋਕੇ ਅਤੇ ਥੋਥੇ ਦਾਅਵਿਆਂ ਦੀ ਫੂਕ ਨਿਕਲ ਚੁੱਕੀ ਹੈ ਅਤੇ ਭਾਰਤ ਪਛੜਕੇ ਵਿਕਾਸਸ਼ੀਲ ਦੇਸ਼ਾਂ ਦੀ ਲਿਸਟ ਵਿੱਚੋਂ ਬਾਹਰ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਆਲਮੀ ਮੰਦੇ ਕਾਰਨ ਅਤੇ ਸੱਤਾ ਦਾ ਆਨੰਦ ਮਾਣ ਰਹੀਆਂ ਇਹ ਪਾਰਟੀਆਂ ਦੀ ਨਲਾਇਕੀ ਕਾਰਨ ਦੇਸ਼ ਵਿੱਚ ਬੇਰੁਜ਼ਗਾਰੀ ਇਸ ਕਦਰ ਵਧ ਗਈ ਹੈ ਕਿ ਦੇਸ਼ ਦੇ ਨੌਜਵਾਨ ਕਿੱਤਾਮੁਖੀ (ਪ੍ਰੋਫੈਸ਼ਨਲ) ਡਿਪਲੋਮੇ ਡਿਗਰੀਆਂ ਸਰਟੀਫਿਕੇਟ ਹਾਸਲ ਕਰਨ ਦੇ ਬਾਵਜੂਦ ਵੀ ਬੇਰੁਜ਼ਗਾਰ ਹਨ ਅਤੇ ਮਾਨਸਿਕ ਤਣਾਅ ਵਿੱਚੋਂ ਗੁਜਰ ਰਹੇ ਬੇਰੁਜ਼ਗਾਰਾਂ ਨੂੰ ਦੇਸ਼-ਵਿਦੇਸ਼ ਭੇਜਣ ਦੇ ਨਾਮ ਤੇ ਲੁੱਟਿਆ ਤੇ ਕੁੱਟਿਆ ਅਤੇ ਮਾਰਿਆ ਜਾ ਰਿਹਾ ਹੈ। ਉਨਾਂ ਕਿਹਾ ਕਿ ਅਸੀਂ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਪੰਜਾਬ ਇਨਕਲਾਬੀ ਨੌਜਵਾਨ ਸਭਾ ਤੇ ਹੋਰ ਭਰਾਤਰੀ ਜਥੇਬੰਦੀਆਂ ਵੱਲੋਂ ਰੁਜ਼ਗਾਰ ਅਧਿਕਾਰ ਕਾਨੂੰਨ ਬਣਵਾਉਣ ਲਈ ਇਕ ਅੰਦੋਲਨਕਾਰੀ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਤਹਿਤ ਪਿੰਡਾਂ,ਸ਼ਹਿਰਾਂ ਅਤੇ ਮੁਹੱਲਿਆਂ ਵਿੱਚ ਨੁੱਕੜ ਮੀਟਿੰਗਾਂ ਕਰਕੇ ਨੌਜਵਾਨਾਂ ਨੂੰ ਲਾਮਬੰਦ ਕੀਤਾ ਜਾਵੇਗਾ ਅਤੇ ਸਰਕਾਰ ਖਿਲਾਫ ਪ੍ਰਦਰਸ਼ਨ ਕੀਤੇ ਜਾਣਗੇ।ਉਹਨਾਂ ਦੱਸਿਆ ਕਿ 20 ਜੁਲਾਈ ਨੂੰ ਜਿਲਾ ਪੱਧਰੀ ਕਨਵੈਨਸ਼ਨ ਕੀਤੀ ਜਾਵੇਗੀ ਅਤੇ 28 ਸਤੰਬਰ ਨੂੰ ਜਿਲੇ ਦੇ ਹੈੱਡ ਕੁਆਰਟਰ ਮਾਨਸਾ ਸ਼ਹਿਰ ਵਿੱਚ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਵਾਲੇ ਦਿਨ ਮਾਰਚ ਕੀਤਾ ਜਾਵੇਗਾ ਅਤੇ ਇਨਾਂ ਸਾਰੇ ਪ੍ਰੋਗਰਾਮਾਂ ਵਿੱਚ ਸਰਕਾਰ ਪਾਸੋਂ ਰੁਜ਼ਗਾਰ ਅਧਿਕਾਰ ਗਰੰਟੀ ਐਕਟ ਬਣਵਾਉਣ ਲਈ ਮੰਗ ਕੀਤੀ ਜਾਵੇਗੀ।

ਇਸ ਪ੍ਰੈਸ ਕਾਨਫਰੰਸ ਦੌਰਾਨ ਉਨਾਂ ਨੇ ਕਿਹਾ ਕਿ ਅੱਜ ਵਿਸ਼ਵ ਸ਼ਰਮਾਏਦਾਰੀ ਵੱਲੋਂ ਲੋਕਾਂ ਨੂੰ ਯੋਗ ਪ੍ਰਬੰਧ ਦੇਣ ਦੀ ਬਜਾਏ ਯੰਗਾਂ ਯੁੱਧਾਂ ਵਿੱਚ ਧੱਕਿਆ ਜਾ ਰਿਹਾ ਅਤੇ ਸਿਸਟਮ ਨਾਕਾਮੀ ਦਾ ਸਿਹਰਾ ਯੰਗ ਸਿਰ ਮੜ੍ਹਿਆ ਜਾ ਰਿਹਾ ਹੈ। ਉਹਨਾਂ ਇਸਰਾਇਲ ਵੱਲੋਂ ਫਲਸਤੀਨ ਅਤੇ ਗਾਜਾ ਪੱਟੀ ਉੱਪਰ ਕੀਤੀ ਜਾ ਰਹੀ ਬੰਬਾਰੀ ਦੀ ਘੋਰ ਨਿੰਦਾ ਕੀਤੀ ਅਤੇ ਕਿਹਾ ਕਿ ਸਾਮਰਾਜਵਾਦ ਅਜਿਹੀਆਂ ਕਰੂਪ ਘਨੌਣੀਆਂ ਖੇਡਾਂ ਬੰਦ ਕਰੇ। ਇਸ ਸਮੇਂ ਉਨਾਂ ਨੇ ਗਾਜਾ ਤੇ ਫਲਸਤੀਨ ਨਾਲ ਹਮਦਰਦੀ ਰੱਖਣ ਵਾਲੇ ਨੌਜਵਾਨ ਨੂੰ 16 ਜੂਨ ਨੂੰ ਮਾਨਸਾ ਸ਼ਹਿਰ ਵਿੱਚ ਇਸਰਾਇਲ ਖਿਲਾਫ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਦੀ ਵੀ ਅਪੀਲ ਕੀਤੀ।

ਇਸ ਸਮੇਂ ਰੁਜ਼ਗਾਰ ਅਧਿਕਾਰ ਅੰਦੋਲਨ ਕਮੇਟੀ ਦੀ ਮੀਟਿੰਗ ਕੀਤੀ ਗਈ ਅਤੇ ਸਰਕੂਲਰ ਪੜਿਆ ਗਿਆ। ਪ੍ਰੈੱਸ ਨੂੰ ਸੰਬੋਧਨ ਕਰਦਿਆਂ ਉਹਨਾਂ ਨਾਲ ਅੰਗਰੇਜ ਸਿੰਘ ਨੰਗਲ ਖੁਰਦ,ਸੇਵਕ ਪੇਰੋਂ,ਬੀਰਬਲ ਸੀਂਗੋ,ਅਮਨਦੀਪ ਸਿੰਘ ਰਾਮਪੁਰ ਮੰਡੇਰ,ਦੀਪਕ ਗੋਇਲ ਮਾਨਸਾ ਅਤੇ ਕੁਲਦੀਪ ਘਰਾਂਗਣਾ ਆਦਿ ਆਗੂ ਹਾਜਰ ਸਨ।

Leave a Reply

Your email address will not be published. Required fields are marked *