ਭਾਰਤ ਅਤੇ ਪਾਕਿਸਤਾਨ ਦਰਮਿਆਨ ਜੰਗਬੰਦੀ ਤੁਰੰਤ ਲਾਗੂ ਕਰੋ – ਕਾਮਰੇਡ ਲਾਭ ਸਿੰਘ ਅਕਲੀਆ

ਸੰਗਰੂਰ-ਬਰਨਾਲਾ

ਬਰਨਾਲਾ, ਗੁਰਦਾਸਪੁਰ, 11 ਮਈ (ਸਰਬਜੀਤ ਸਿੰਘ)–   ਪਿਛਲੇ ਕਈ ਦਿਨਾਂ ਤੋਂ ਭਾਰਤ – ਪਾਕਿਸਤਾਨ ਦਰਮਿਆਨ ਚੱਲ ਰਹੀ ਨਫ਼ਰਤੀ ਜੰਗ ਦਾ ਅੱਜ  ਦੋਵਾਂ ਦੇਸ਼ਾਂ ਵੱਲੋਂ ਜੰਗਬੰਦੀ ਦਾ ਐਲਾਨ ਕੀਤਾ ਜਾਣਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਸੀਪੀਆਈ (ਐਮ ਐਲ) ਰੈੱਡ ਸਟਾਰ ਦੀ ਪੰਜਾਬ  ਇਕਾਈ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਵੱਲੋਂ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਦੇ ਇਸ ਫ਼ੈਸਲੇ ਦੀ ਭਰਪੂਰ ਪ੍ਰਸੰਸਾ ਕੀਤੀ ਗਈ ਹੈ। ਪਾਰਟੀ ਨੇ  ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਿਹਾ ਕਿ   22 ਅਪ੍ਰੈਲ ਨੂੰ ਕਸ਼ਮੀਰ ਦੇ ਪਹਿਲਗਾਮ ਸੈਲਾਨੀ ਖਿੱਤੇ ਵਿੱਚ   ਫਿਰਕੂ ਜਨੂੰਨ ਵਿੱਚ ਅੰਨ੍ਹੇ ਦਹਿਸ਼ਤਗਰਦਾਂ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾਕੇ  26 ਭਾਰਤੀ ਸੈਲਾਨੀਆਂ ਦਾ ਕਤਲ ਕਰ ਦਿੱਤਾ ਗਿਆ ਸੀ, ਜਿਸ ਨੇ ਭਾਰਤ ਦੀ ਸਮੁੱਚੀ ਜਨਤਾ ਨੂੰ  ਝੰਜੋੜ ਕੇ ਰੱਖ ਦਿੱਤਾ। ਭਾਰਤ ਸਰਕਾਰ ਵੱਲੋਂ ਇਸ ਦਹਿਸ਼ਤੀ ਹਮਲੇ ਦਾ ਬਦਲਾ ਲੈਣ ਲਈ ਪਾਕਿਸਤਾਨ ਦੇ  ਕਈ ਅਹਿਮ ਟਿਕਾਣਿਆਂ ਉੱਪਰ ਫ਼ੌਜੀ ਹਵਾਈ ਹਮਲੇ ਕੀਤੇ ਗਏ, ਮੀਡੀਆ ਰਿਪੋਰਟਾਂ  ਅਨੁਸਾਰ ਜਿਸ ਨਾਲ ਪਾਕਿਸਤਾਨ ਦਾ ਕਾਫੀ  ਜਾਨੀ – ਮਾਲੀ ਨੁਕਸਾਨ ਵੀ ਹੋਇਆ।  ਦੋਵਾਂ ਮੁਲਕਾਂ ਵਿਚਕਾਰ  ਨਫ਼ਰਤ ਲਗਾਤਾਰ ਵਧਦੀ ਗਈ ਅਤੇ  ਸਮੁੱਚਾ ਸਰਹੱਦੀ ਖਿੱਤਾ ਜੰਗ ਦੀ ਲਪੇਟ ਵਿੱਚ ਆ ਗਿਆ।  ਪਾਰਟੀ ਆਗੂ ਨੇ ਕਿਹਾ ਕਿ ਜੰਗ ਕਿਸੇ ਵੀ ਮਸਲੇ ਦਾ ਹੱਲ ਨਹੀਂ, ਸਗੋਂ ਜੰਗਾਂ ਤਾਂ ਸਮੁੱਚੀ ਜਨਤਾ ਦੇ ਦੁੱਖਾਂ ਵਿੱਚ ਅਥਾਹ ਵਾਧਾ ਕਰਦੀਆਂ ਹਨ।  ਜਨਤਾ ਦੀ ਇੱਕ – ਜੁੱਟਤਾ ਅਤੇ ਸਮਾਜਿਕ ਸਦਭਾਵਨਾ ਹੀ ਅੱਤਵਾਦ ਵਰਗੀਆਂ ਘਟਨਾਵਾਂ ਨੂੰ ਠੱਲ੍ਹ ਪਾ ਸਕਦੀ ਹੈ। ਆਗੂ ਨੇ ਇਹ ਵੀ ਕਿਹਾ ਕਿ ਯੁੱਧ ਵਿੱਚ ਤਾਂ ਫਿਰਕੂ ਦਹਿਸ਼ਤਗਰਦਾਂ ਦੀ ਬਜਾਏ ਆਮ ਨਾਗਰਿਕ ਮਾਰੇ ਜਾਂਦੇ ਹਨ। ਆਗੂ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੀਆਂ ਦਲਾਲ ਹਾਕਮ ਜਮਾਤਾਂ ਅਮਰੀਕੀ ਸਾਮਰਾਜਵਾਦ ਦੇ ਮੁੱਖ ਸਰਗਣੇ ਡੋਨਾਲਡ ਟਰੰਪ ਦੇ ਇਸ਼ਾਰਿਆਂ ਤੇ ਕੰਮ ਕਰ ਰਹੀਆਂ ਹਨ। ਸਾਮਰਾਜਵਾਦੀ ਮੁਲਕਾਂ ਦੇ ਵੱਡੇ ਕਾਰਪੋਰੇਟ ਘਰਾਣੇ ਆਪਣੇ ਮੁਨਾਫ਼ੇ ਦੀ ਹੋੜ ਲਈ ਗ਼ਰੀਬ ਅਤੇ ਵਿਕਾਸਸ਼ੀਲ ਮੁਲਕਾਂ ਨੂੰ ਆਪਣੇ ਜੰਗੀ ਹਥਿਆਰ ਵੇਚਕੇ ਮਾਲੋਮਾਲ ਹੋ ਰਹੇ ਹਨ। ਇਹਨਾਂ ਦੇ ਇਸ਼ਾਰਿਆਂ ਤੇ ਹੀ  ਭਾਰਤ ਅਤੇ ਪਾਕਿਸਤਾਨ  ਵਿਕਸਿਤ ਪ੍ਰਮਾਣੂ ਹਥਿਆਰਾਂ ਦੇ ਵੱਡੇ ਭੰਡਾਰ ਜਮ੍ਹਾਂ ਕਰੀ ਬੈਠੇ ਹਨ, ਜੀਹਦੇ ਕਰਕੇ ਦੋਵਾਂ ਮੁਲਕਾਂ ਵੱਲੋਂ ਇਸ ਭਰਾ ਮਾਰੂ ਜੰਗ ਵਿੱਚ ਆਪਣੇ – 2 ‘ਪ੍ਰਮਾਣੂ ਬੰਬਾਂ ਦੀ ਵਰਤੋਂ  ਕਰਨ ਦਾ ਖ਼ਦਸ਼ਾ ਮੰਡਰਾ ਰਿਹਾ ਹੈ।  ਇਸ ਯੁੱਧ ਦਾ ‘ਸ਼ੀਸ਼ ਯੁੱਧ’ ਵਿੱਚ ਤਬਦੀਲ ਹੋਣਾ ਆਵਾਮ ਦੇ ਲਈ ਸ਼ੁਭ ਸੰਕੇਤ ਹੈ। ਆਗੂ ਨੇ ਕਿਹਾ ਕਿ  ਦੋਵੇਂ ਦੇਸ਼ਾਂ  ਦੀ ਆਮ ਜਨਤਾ ਪਹਿਲਾਂ ਹੀ ਆਰਥਿਕ  ਸੰਕਟ ਨਾਲ ਜੂਝ ਰਹੀ ਹੈ, ਭਾਰਤ ਤਾਂ ਪਹਿਲਾਂ ਹੀ ਆਪਣੇ ਅੱਸੀ ਕਰੋੜ ਲੋਕਾਂ ਨੂੰ ਪੰਜ ਕਿਲੋ ਅਨਾਜ ਦੇ ਕੇ ਡੰਗ ਟਪਾਈ ਕਰਦਾ ਆ ਰਿਹਾ ਹੈ। ਦੋਵਾਂ ਮੁਲਕਾਂ ਵਿੱਚ ਗ਼ਰੀਬੀ, ਮਹਿੰਗਾਈ ਅਤੇ ਬੇਰੁਜ਼ਗਾਰੀ ਸਿਖਰਾਂ ਛੋਹ ਰਹੀ ਹੈ। ਅਜਿਹੀ ਸਥਿੱਤੀ ਵਿੱਚ ਸਾਮਰਾਜਵਾਦੀ ਤਾਕਤਾਂ ਅਤੇ ਬਹੁਤ ਕੌਮੀ ਕੰਪਨੀਆਂ ‘ਤੋਂ ਅਰਬਾਂ ਡਾਲਰ ਦੇ ਹਥਿਆਰ ਖਰੀਦ ਕੇ ਦੋਵੇਂ ਦੇਸ਼ ਨੂੰ ਆਰਥਿਕ ਤੌਰ ‘ਤੇ  ਕਮਜ਼ੋਰ ਕੀਤਾ ਜਾਵੇਗਾ।  ਦੇਸ਼ ਦੀ ਵੰਡ ਤੋਂ ਬਾਅਦ ਹੁਣ ਤੱਕ ਜਿਹੜੇ ਮਸਲੇ ਦੋਵਾਂ ਮੁਲਕਾਂ ਦੇ ਲਈ ਗਲ਼ੇ ਦੀ ਹੱਡੀ ਬਣੇ ਹੋਏ ਹਨ, ਉਹਨਾਂ ਨੂੰ ਸਮਾਜਿਕ ਅਤੇ ਭਾਈਚਾਰਕ ਵਿਚਾਰ ਵਟਾਂਦਰੇ ਨਾਲ਼  ਹੀ ਹੱਲ ਕੀਤਾ ਜਾ ਸਕਦਾ ਹੈ। ਦੋਵੇਂ ਦੇਸ਼ਾਂ ਵੱਲੋਂ ਪਹਿਲਾਂ ਲੜੀਆਂ ਗਈਆਂ ਜੰਗਾਂ ਨੇ ਕਦੇ ਵੀ ਮਸਲੇ ਦਾ ਹੱਲ ਨਹੀਂ ਕੀਤਾ, ਬਲਕਿ ਦੋਵੇਂ ਪਾਸੀਂ ਹਜ਼ਾਰਾਂ ਮਾਵਾਂ ਦੇ ਪੁੱਤ ਸ਼ਹੀਦ ਹੋ ਚੁੱਕੇ ਹਨ।

Leave a Reply

Your email address will not be published. Required fields are marked *