ਬਰਨਾਲਾ, ਗੁਰਦਾਸਪੁਰ, 30 ਦਸੰਬਰ (ਸਰਬਜੀਤ ਸਿੰਘ)– ਦੇਸ਼ ਦੀਆਂ ਵੱਖ ਵੱਖ ਖੱਬੇ ਪੱਖੀ ਪਾਰਟੀਆਂ ਦੇ ਸੱਦੇ ਤਹਿਤ ਕੇਂਦਰ ਦੀ ਮੋਦੀ ਸਰਕਾਰ ਅਤੇ ਆਰ ਐਸ ਐਸ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਰੋਸ਼ ਕੁੱਲ ਹਿੰਦ ਪੱਧਰ ਦੇ ਸੱਦੇ ਤਹਿਤ ਬਰਨਾਲਾ ਵਿਖੇ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਇਕੱਠ ਵਿੱਚ ਝੁੱਗੀ ਝੌਂਪੜੀ ਵਿੱਚ ਰਹਿ ਰਹੇ ਨੌਜਵਾਨ ਮੁੰਡੇ ਅਤੇ ਵੱਡੀ ਗਿਣਤੀ ਵਿੱਚ ਵੱਖ ਵੱਖ ਪਾਰਟੀਆਂ ਦੇ ਆਗੂ ਅਤੇ ਵਰਕਰ ਬਾਬਾ ਅਰਜਨ ਸਿੰਘ ਭਵਨ ਵਿਖੇ ਇਕੱਠੇ ਹੋਏ ਅਤੇ ਮੋਦੀ ਸਰਕਾਰ ਦੇ ਖ਼ਿਲਾਫ਼ ਜੰਮਕੇ ਨਾਹਰੇਬਾਜੀ ਕੀਤੀ ਗਈ। ਸੀ ਪੀ ਆਈ ਦੇ ਬਰਨਾਲਾ ਜ਼ਿਲ੍ਹਾ ਦੇ ਸਕੱਤਰ ਕਾਮਰੇਡ ਖੁਸ਼ੀਆ ਸਿੰਘ, ਸੀ ਪੀ ਆਈ (ਐਮ ਐਲ) ਰੈੱਡ ਸਟਾਰ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ , ਸੀ ਪੀ ਆਈ (ਐਮ) ਦੇ ਜ਼ਿਲ੍ਹਾ ਸਕੱਤਰੇਤ ਮੈਂਬਰ ਕਾਮਰੇਡ ਬਲਵੀਰ ਸਿੰਘ ਹੰਡਾਇਆ ਅਤੇ ਸਮਾਜ ਸੇਵੀ ਆਗੂ ਭਾਨ ਸਿੰਘ ਜੱਸੀ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਦਿਨੀਂ ਸੰਸਦ ਦੇ ਸਰਦ ਰੁੱਤ ਸ਼ੈਸ਼ਨ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਵਿਧਾਨ ਨਿਰਮਾਤਾ ਡਾ ਬੀ. ਆਰ. ਅੰਬੇਡਕਰ ਦੇ ਬਾਰੇ ਨਿੰਦਣਯੋਗ ਸ਼ਬਦਾਬਲੀ ਦੀ ਵਰਤੋਂ ਕੀਤੀ ਗਈ ਸੀ। ਜਿਸਦਾ ਪੂਰੇ ਦੇਸ਼ ਵਿੱਚ ਜਮਹੂਰੀਅਤ ਪਸੰਦ ਲੋਕਾਂ ਵੱਲੋਂ ਡਟਕੇ ਵਿਰੋਧ ਕੀਤਾ ਜਾ ਰਿਹਾ ਹੈ। ਆਗੂਆਂ ਨੇ ਇਹ ਵੀ ਕਿਹਾ ਕਿ ਮੋਦੀ ਸਰਕਾਰ ਵੱਲੋਂ ਇੱਕ ਹੋਰ ਨਵਾਂ ਬਿਲ ‘ਇੱਕ ਦੇਸ਼ – ਇੱਕ ਚੋਣ ‘ ਸੰਸਦ ਵਿੱਚ ਬਿਲ ਪਾਸ ਕੀਤਾ ਗਿਆ ਹੈ। ਆਗੂਆਂ ਨੇ ਕਿਹਾ ਕਿ ਸਾਰਾ ਕੁੱਝ ਦੇਸ਼ ਨੂੰ ਫਾਸ਼ੀਵਾਦੀ ਨੀਹਾਂ ਤੇ ਤੋਰਨ ਅਤੇ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੀਆਂ ਫਾਸ਼ੀਵਾਦੀ ਕੋਸ਼ਿਸ਼ਾਂ ਦਾ ਛਿੱਟਾ ਹੈ। ਅੱਜ ਭਾਰਤ ਸਰਕਾਰ ਅਤੇ ਆਰ ਐਸ ਐਸ ਦੀਆਂ ਨੀਤੀਆਂ ਦਾ ਡਟਕੇ ਵਿਰੋਧ ਕੀਤਾ ਜਾਣਾ ਬਣਦਾ ਹੈ। ਬਾਅਦ ਵਿੱਚ ਪ੍ਰਦਰਸ਼ਨਕਾਰੀਆਂ ਵੱਲੋਂ ਕਚਾਹਿਰੀ ਚੌਂਕ ਵਿੱਚ ਪਹੁੰਚ ਕੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਰਥੀ ਫੂਕੀ ਗਈ, ਪ੍ਰਦਰਸ਼ਨਕਾਰੀਆਂ ਵੱਲੋਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਅੱਜ ਦੇ ਰੋਸ਼ ਪ੍ਰਦਰਸਨ ਵਿੱਚ ਨਰੇਗਾ ਰੁਜ਼ਗਾਰ ਪ੍ਰਾਪਤ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਗਰਾਜ ਰਾਮਾ, ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਦੇ ਮੇਵਾ ਸਿੰਘ ਹੰਡਾਇਆ ਅਤੇ ਜਗਦੀਪ ਰਾਮਗੜ੍ਹ , ਜਗਤਾਰ ਸਿੰਘ ਚੀਮਾ ਜ਼ਿਲ੍ਹਾ ਕਮੇਟੀ ਮੈਂਬਰ ਸੀ ਪੀ ਆਈ (ਐਮ) ਆਦਿ ਆਗੂਆਂ ਨੇ ਸੰਬੋਧਨ ਕੀਤਾ।


