ਪਹਿਲਗਾਮ ਤ੍ਰਾਸਦੀ ਦੀ ਆੜ ’ਚ ਜਨਤਾ ਦੇ ਸਵਾਲ ਪੁੱਛਣ ਦੇ ਅਧਿਕਾਰ ਦੀ ਉਲੰਘਣਾ ਬੰਦ ਕਰੋ
ਮਾਨਸਾ, ਗੁਰਦਾਸਪੁਰ 30 ਅਪ੍ਰੈਲ 2025 (ਸਰਬਜੀਤ ਸਿੰਘ)– ਸੀਪੀਆਈ (ਐਮ ਐਲ) ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਰਾਜਵਿੰਦਰ ਰਾਣਾ , ਕਾਮਰੇਡ ਨਛੱਤਰ ਸਿੰਘ ਖੀਵਾ , ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭਜਨ ਸਿੰਘ ਘੁੰਮਣ, ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਲੋਕ ਗਾਇਕਾ ਨੇਹਾ ਸਿੰਘ ਰਾਠੌਰ ਅਤੇ ਪ੍ਰੋਫੈਸਰ ਮਾਦਰੀ ਕਾਕੋਟੀ (ਡਾ. ਮੇਡਿਊਸਾ) ’ਤੇ ਰਾਜਧ੍ਰੋਹ ਦੀਆਂ ਧਾਰਾਵਾਂ ’ਚ ਦਰਜ ਐਫਆਈਆਰ ਪੱਖਪਾਤੀ ਅਤੇ ਬਦਨੀਅਤੀ ਤੋਂ ਪ੍ਰੇਰਿਤ ਹੈ, ਜਿਸ ਨੂੰ ਤੁਰੰਤ ਰੱਦ ਕਰ ਦਿੱਤਾ ਜਾਣਾ ਚਾਹੀਦਾ ਹੈ। ਇਹ ਮਾਮਲਾ ਸਿੱਧੇ ਤੌਰ ’ਤੇ ਕਾਨੂੰਨ ਦੀ ਦੁਰਵਰਤੋਂ ਅਤੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ’ਤੇ ਹਮਲਾ ਹੈ, ਜੋ ਸੰਵਿਧਾਨਕ ਮੁੱਲਾਂ ਪ੍ਰਤੀ ਬੀਜੇਪੀ ਦੀ ਅਵੱਗਿਆ ਨੂੰ ਦਰਸਾਉਂਦਾ ਹੈ। ਸੱਤਾਧਾਰੀ ਪਾਰਟੀ ਦੇ ਨੇਤਾ ਅਕਸਰ ਸੰਵਿਧਾਨ ਅਤੇ ਲੋਕਤੰਤਰੀ ਮੁੱਲਾਂ ਦਾ ਅਪਮਾਨ ਕਰਦੇ ਰਹਿੰਦੇ ਹਨ। ਪਹਿਲਗਾਮ ’ਚ 22 ਅਪ੍ਰੈਲ ਦੇ ਅੱਤਵਾਦੀ ਹਮਲੇ ਨੇ ਕੌਮੀ ਸੁਰੱਖਿਆ ਦੇ ਮਾਮਲੇ ’ਚ ਸਰਕਾਰ ਦੀ ਨਾਕਾਮੀ ਨੂੰ ਉਜਾਗਰ ਕੀਤਾ ਹੈ। ਸਰਕਾਰ ਨੇ ਸਰਬ ਪਾਰਟੀ ਮੀਟਿੰਗ ਵਿੱਚ ਖੁਦ ਵੀ ਇਸ ਤੱਥ ਨੂੰ ਸਵੀਕਾਰ ਕੀਤਾ ਹੈ, ਪਰ ਹੁਣ ਤੱਕ ਕਿਸੇ ਨੂੰ ਇਸ ਦਾ ਜ਼ਿੰਮੇਵਾਰ ਨਹੀਂ ਠਹਿਰਾਇਆ ਗਿਆ। ਸਰਕਾਰ ਤੋਂ ਸਵਾਲ ਪੁੱਛਣਾ ਉਪਰੋਕਤ ਦੋਵਾਂ ਕਾਰਕੁਨਾਂ ਦਾ ਸੰਵਿਧਾਨਕ ਅਧਿਕਾਰ ਹੈ। ਉਹ ਆਪਣੀ ਕਲਾ, ਲਿਖਤ ਅਤੇ ਬਿਆਨਾਂ ਰਾਹੀਂ ਪੂਰੇ ਹੌਂਸਲੇ ਨਾਲ ਨਿਆਂ ਅਤੇ ਜਨ ਸੁਰੱਖਿਆ ਦੇ ਹਿੱਤ ’ਚ ਸਰਕਾਰ ਦੀਆਂ ਕਮੀਆਂ ਨੂੰ ਉਜਾਗਰ ਕਰਕੇ ਲੋਕਤੰਤਰੀ ਕਦਰਾਂ ਨੂੰ ਮਜ਼ਬੂਤ ਕਰ ਰਹੀਆਂ ਹਨ, ਪਰ ਚਿੰਤਾ ਦੀ ਗੱਲ ਹੈ ਕਿ ਸੱਤਾ ਸੰਸਥਾਵਾਂ ਉਠ ਰਹੇ ਸਵਾਲਾਂ ਦਾ ਜਵਾਬ ਦੇਣ ਦੀ ਬਜਾਏ ਆਪਣੀ ਆਲੋਚਨਾ ਕੀਤੇ ਜਾਣ ਨੂੰ ਹੀ ਅਪਰਾਧ ਐਲਾਨ ਰਹੀਆਂ ਹਨ। ਦੂਜੇ ਪਾਸੇ, ਸਰਕਾਰ ਜੰਗ ਛੇੜਨ ਦੇ ਹੱਕ ਵਿੱਚ ਜਨੂੰਨੀ ਮਾਹੌਲ ਬਣਾ ਕੇ ਆਪਣੀਆਂ ਅਸਫਲਤਾਵਾਂ ਤੋਂ ਜਨਤਾ ਦਾ ਧਿਆਨ ਭਟਕਾਉਣ ਅਤੇ ਮੁਸਲਿਮ ਵਿਰੋਧੀ ਜਨੂੰਨ ਨੂੰ ਭੜਕਾਉਣ ’ਚ ਲੱਗੀ ਹੋਈ ਹੈ। ਇਸ ਦੀ ਆੜ ’ਚ ਵਿਰੋਧ ਦੀਆਂ ਲੋਕਤੰਤਰੀ ਆਵਾਜ਼ਾਂ ਨੂੰ ਦਬਾਇਆ ਜਾ ਰਿਹਾ ਹੈ। ਦਮਨ ਦਾ ਇਹ ਚੱਕਰ ਸਰਗਰਮ ਕਾਰਕੁਨਾਂ ਦੇ ਉਤਪੀੜਨ, ਕਸ਼ਮੀਰੀਆਂ ਅਤੇ ਮੁਸਲਮਾਨਾਂ ਵਿਰੁੱਧ ਨਫ਼ਰਤ ਭੜਕਾਉਣ ਅਤੇ ਕਾਨੂੰਨ ਦੇ ਰਾਜ ਵਿਰੁੱਧ ਜਾ ਕੇ ਘਰਾਂ ’ਤੇ ਬੁਲਡੋਜ਼ਰ ਚਲਾਉਣ ਦੇ ਰੂਪ ’ਚ ਜਾਰੀ ਹੈ। ਸੀਪੀਆਈ (ਐਮ ਐਲ) ਲਿਬਰੇਸ਼ਨ ਸਾਰੇ ਜਮਹੂਰੀਅਤ ਪਸੰਦ ਨਾਗਰਿਕਾਂ ਨੂੰ ਅਪੀਲ ਕਰਦੀ ਹੈ ਕਿ ਉਹ ਨੇਹਾ ਸਿੰਘ ਰਾਠੌਰ, ਡਾ. ਮਾਦਰੀ ਕਾਕੋਟੀ ਅਤੇ ਸਰਕਾਰ ਤੋਂ ਸਵਾਲ ਪੁੱਛਣ ਵਾਲੇ ਸਾਰੇ ਨਿਆਂਪਸੰਦ ਲੋਕਾਂ ਦੇ ਸਮਰਥਨ ’ਚ ਅੱਗੇ ਆਉਣ, ਆਪਣੇ ਸੰਵਿਧਾਨਕ ਅਧਿਕਾਰਾਂ ਅਤੇ ਲੋਕਤੰਤਰ ਦੀ ਰਾਖੀ ਕਰਨ।


