ਗੁਰਦਾਸਪੁਰ, 28 ਦਸੰਬਰ (ਸਰਬਜੀਤ ਸਿੰਘ)– ਸੀਪੀ ਆਈ ਐਮ ਐਲ ਲਿਬਰੇਸ਼ਨ ਨੇ ਸਾਬਕਾ ਸਿੱਖ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦਾ ਅੰਤਿਮ ਸੰਸਕਾਰ, ਪ੍ਰੋਟੋਕਾਲ ਅਨੁਸਾਰ ਜਮੁਨਾ ਦੇ ਕਿਨਾਰੇ ਨਾ ਕਰਨ ਦੀ ਸਖਤ ਨਿਖੇਦੀ ਕੀਤੀ ਹੈ।
ਪ੍ਰੈਸ ਨਾਲ ਗੱਲਬਾਤ ਕਰਦਿਆਂ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਆਪਣੀ ਜਿੱਦ ਪਗਾਉਂਦਿਆਂ ਡਾਕਟਰ ਮਨਮੋਹਨ ਸਿੰਘ ਦਾ ਅੰਤਿਮ ਸੰਸਕਾਰ ਆਮ ਸ਼ਮਸ਼ਾਨ ਘਾਟ ਨਿਗਮ ਬੋਧ ਵਿਖੇ ਕੀਤਾ ਹੈ ।ਮੋਦੀ ਸਰਕਾਰ ਦੀ ਇਹ ਕਾਰਵਾਈ ਡਾਕਟਰ ਮਨਮੋਹਨ ਸਿੰਘ ਨੂੰ ਨੀਵਾਂ ਦਿਖਾਉਣ ਵਾਲੀ ਹੈ ਜਦੋਂ ਕਿ ਮੋਦੀ ਸਰਕਾਰ ਵੱਲੋਂ ਇਸ ਤਰ੍ਹਾਂ ਕਰਨ ਨਾਲ ਡਾਕਟਰ ਮਨਮੋਹਨ ਸਿੰਘ ਦਾ ਆਪਣੇ ਸਮੁੱਚੇ ਖੇਤਰ ਦਾ ਵਡਾ ਰੁਤਬਾ ਨੀਵਾਂ ਹੋਣ ਵਾਲਾ ਨਹੀਂ ਹੈ। ਉਹਨਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਨਿਰਸਮਾ ਰਾਉ ਨੂੰ ਛੱਡ ਕੇ ਜਵਾਹਰਲਾਲ ਨਹਿਰੂ ਤੋਂ ਲੈ ਕੇ ਹੁਣ ਤੱਕ ਦੇਸ਼ ਦੇ ਪ੍ਰਧਾਨ ਮੰਤਰੀ, ਉਪ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਉਪ ਰਾਸ਼ਟਰਪਤੀ, ਅਤੇ ਇਸ ਤਰ੍ਹਾਂ ਦੀਆਂ ਅਹਿਮ ਸ਼ਖਸੀਅਤਾਂ ਦੇ
ਅੰਤਮ ਸੰਸਕਾਰ ਯਮੁਨਾ ਕਿਨਾਰੇ ਹੁੰਦੇ ਰਹੇ ਹਨ ਅਤੇ ਉੱਥੇ ਹੀ ਉਹਨਾਂ ਦੇ ਸਮਾਰਕ ਬਣਦੇ ਰਹੇ ਹਨ। ਪਰ ਮੋਦੀ ਸਰਕਾਰ ਦੇ ਮੰਤਰੀ ਮੰਡਲ ਨੇ ਕਾਂਗਰਸ ਦੇ ਪ੍ਰਧਾਨ ਮਲਕਾ ਅਰਜਨ ਖੜਗੇ ਅਤੇ ਡਾਕਟਰ ਮਨਮੋਹਨ ਸਿੰਘ ਦੇ ਪਰਿਵਾਰ ਵੱਲੋਂ ਜਮਨਾ ਕਿਨਾਰੇ ਅੰਤਿਮ ਸੰਸਕਾਰ ਕਰਨ ਦੀਆਂ ਅਪੀਲਾਂ ਨੂੰ ਦਰ ਕਿਨਾਰ ਕਰਦਿਆਂ ਕਾਂਗਰਸ ਲੀਡਰਸ਼ਿਪ ਨੂੰ ਨਿਗਮ ਬੋਧ ਵਿਖੇ ਅੰਤਿਮ ਸਸਕਾਰ ਕਰਨ ਲਈ ਮਜਬੂਰ ਕੀਤਾ ਹੈ। ਬਖਤਪੁਰਾ ਨੇ ਕਿਹਾ ਕਿ ਬੇਸ਼ੱਕ ਉਹਨਾਂ ਦੀ ਪਾਰਟੀ ਮਨਮੋਹਨ ਦੀਆਂ ਆਰਥਿਕ ਨੀਤੀਆਂ ਦੇ ਨਾਲ ਅਸਹਿਮਤ ਰਹੀ ਹੈ ਪਰ ਇਹ ਸਵਾਲ ਸ਼ਿਸ਼ਟਾਚਾਰ, ਨੈਤਿਕਤਾ ਅਤੇ ਪਰੰਪਰਾਵਾਂ ਦਾ ਹੈ ਜਿਸ ਦੀ ਮੋਦੀ ਸਰਕਾਰ ਨੇ ਘੋਰ ਉਲੰਘਣਾ ਕੀਤੀ ਹੈ ਉਹਨਾਂ ਕਿਹਾ ਕਿ ਉਹਨਾਂ ਦੀ ਪਾਰਟੀ ਡਾਕਟਰ ਮਨਮੋਹਨ ਸਿੰਘ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਸਮਝਦੀ ਹੈ ਪਰ ਡਾਕਟਰ ਮਨਮੋਹਨ ਸਿੰਘ ਇੱਕ ਸਿੱਖ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਉਹਨਾਂ ਨਾਲ ਕੀਤੇ ਗਏ ਨੀਵੇਂ ਪੱਧਰ ਦੇ ਵਿਵਹਾਰ ਨੂੰ ਲਾਜਮੀ ਸਿੱਖ ਜਨਤਾ ਵੀ ਬੁਰਾ ਮਹਿਸੂਸ ਕਰੇਗੀ ਅਤੇ ਇਹ ਵੀ ਮਹਿਸੂਸ ਕੀਤਾ ਜਾਵੇਗਾ ਕਿ ਭਾਜਪਾ ਦੇਸ਼ ਦੀਆਂ ਸਭ ਘੱਟ ਗਿਣਤੀਆਂ ਨਾਲ ਸਿਆਸੀ ਵਿਤਕਰੇ ਭਰਿਆ ਵਿਵਾਹਰ ਕਰ ਰਹੀ ਹੈ।


