ਖੇਡਾਂ ਮਨੁੱਖੀ ਜੀਵਨ ਵਿੱਚ ਅਹਿਮ ਰੋਲ ਨਿਭਾਉਂਦੀਆਂ ਹਨ- ਡੀ.ਈ.ਓ. ਜਗਵਿੰਦਰ ਸਿੰਘ
ਗੁਰਦਾਸਪੁਰ 8 ਫਰਵਰੀ (ਸਰਬਜੀਤ ਸਿੰਘ) — ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀਆਂ ਜ਼ਿਲ੍ਹਾ ਪੱਧਰੀ ਖੇਡਾਂ ਸਥਾਨਕ ਸ਼ਹੀਦ ਲੈਫ਼ਟੀਨੈਂਟ ਨਵਦੀਪ ਸਿੰਘ ਸਟੇਡੀਅਮ ਸਰਕਾਰੀ ਕਾਲਜ ਵਿਖੇ ਕਰਵਾਈਆਂ ਗਈਆਂ , ਜਿਸ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ:/ਐਲੀ: ਗੁਰਦਾਸਪੁਰ ਜਗਵਿੰਦਰ ਸਿੰਘ ਵੱਲੋਂ ਮੁੱਖ ਮਹਿਮਾਨ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ: ਲਖਵਿੰਦਰ ਸਿੰਘ ਵੱਲੋਂ ਵਿਸ਼ੇਸ਼ ਤੌਰ ਤੇ ਸ਼ਾਮਲ ਹੋ ਕੇ ਭਾਗ ਲੈਣ ਵਾਲੇ ਬੱਚਿਆਂ ਦੀ ਹੌਸਲਾ ਅਫ਼ਜਾਈ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਡੀ.ਈ.ਓ. ਜਗਵਿੰਦਰ ਸਿੰਘ ਨੇ ਕਿਹਾ ਕਿ ਖੇਡਾਂ ਮਨੁੱਖੀ ਜੀਵਨ ਵਿੱਚ ਅਹਿਮ ਰੋਲ ਨਿਭਾਉਂਦੀਆਂ ਹਨ ਅਤੇ ਹਰ ਵਿਅਕਤੀ ਨੂੰ ਕਿਸੇ ਨਾ ਕਿਸੇ ਖੇਡ ਵਿੱਚ ਭਾਗ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੌਜਵਾਨ ਪੀੜੀ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਅਹਿਮ ਉਪਰਾਲੇ ਕਰ ਰਹੀ ਹੈ। ਇਸ ਮੌਕੇ ਡਿਪਟੀ ਡੀ.ਈ.ਓ. ਸ. ਲਖਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਜੇਤੂ ਰਹੇ ਵਿਦਿਆਰਥੀ ਕਪੂਰਥਲਾ ਵਿਖੇ 09 ਅਤੇ 10 ਫਰਵਰੀ ਨੂੰ ਹੋਣ ਵਾਲੀਆਂ ਰਾਜ ਪੱਧਰੀ ਖੇਡਾਂ ਵਿੱਚ ਭਾਗ ਲੈਣਗੇ। ਉਨ੍ਹਾਂ ਜੇਤੂ ਵਿਦਿਆਰਥੀਆਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਤੇ ਰਾਜ ਪੱਧਰੀ ਖੇਡਾਂ ਵਿੱਚ ਜਿੱਤ ਪ੍ਰਾਪਤ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਦੌਰਾਨ ਜ਼ਿਲ੍ਹਾ ਸ਼ਪੈਸ਼ਲ ਐਨੂਕੇਟਰ ਸਤਪਾਲ ਮਸੀਹ ਨੇ ਦੱਸਿਆ ਕਿ ਪੂਰੇ ਜ਼ਿਲ੍ਹੇ ਵਿੱਚੋਂ ਲਗਪਗ 181 ਬੱਚਿਆਂ ਵੱਲੋਂ 50, 100,200 ਮੀਟਰ ਦੌੜ , ਸ਼ਾਟ ਪੁੱਟ ਤੇ ਲੰਬੀ ਛਾਲ ( ਲਾਗ ਜੰਪ ) ਵਿੱਚ ਭਾਗ ਲਿਆ ਗਿਆ ਹੈ। ਇਸ ਮੌਕੇ ਜ਼ਿਲ੍ਹਾ ਸਪੋਰਟਸ ਅਫ਼ਸਰ ਮੈਡਮ ਅਨੀਤਾ , ਡੀ.ਈ.ਓ. ਦਫ਼ਤਰ ਤੋਂ ਅਨੂ ਅਰੋੜਾ , ਮਲਕਿੰਦਰ ਸਿੰਘ, ਸਤਨਾਮ ਸਿੰਘ ਸਮੇਤ ਆਈ.ਈ.ਆਰ.ਟੀ. ਤੇ ਆਈ.ਈ. ਏ. ਟੀ. ਸਟਾਫ ਹਾਜ਼ਰ ਸੀ।


