ਗੁਰਦਾਸਪੁਰ, 6 ਜਨਵਰੀ (ਸਰਬਜੀਤ ਸਿੰਘ) – ਡਾ. ਨਿਧੀ ਕੁਮੁਦ ਬਾਮਬਾ, ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਗੁਰਦਾਸਪੁਰ ਵੱਲੋਂ ਅੱਜ ਤੋਂ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਵਿਖੇ ਅੰਗਰੇਜ਼ੀ ਅਤੇ ਪੰਜਾਬੀ ਦੀ ਮੁਫਤ ਟਾਈਪਿੰਗ ਕਲਾਸਾਂ ਦੀ ਸ਼ੁਰੂਆਤ ਕੀਤੀ ਗਈ ਹੈ। ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੁਆਰਾ ਬਾਰਵੀਂ ਅਤੇ ਗ੍ਰੈਜੁਏਸ਼ਨ ਦੇ ਆਧਾਰ ’ਤੇ ਕਲੈਰੀਕਲ ਪੋਸਟਾਂ, ਜਿਨ੍ਹਾਂ ਵਿੱਚ ਉਮੀਦਾਵਾਰਾਂ ਨੂੰ ਅੰਗਰੇਜ਼ੀ ਅਤੇ ਪੰਜਾਬੀ ਦੀ ਟਾਈਮਿੰਗ ਦਾ ਟੈਸਟ ਪਾਸ ਕਰਨਾ ਲਾਜ਼ਮੀ ਹੁੰਦਾ ਹੈ, ਦੀ ਤਿਆਰੀ ਲਈ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਗੁਰਦਾਸਪੁਰ ਵਲੋਂ ਅੰਗਰੇਜ਼ੀ ਅਤੇ ਪੰਜਾਬੀ ਦੀ ਮੁਫ਼ਤ ਟਾਈਪਿੰਗ ਸਿਖਾਉਣ ਦਾ ਇੱਕ ਨਿਵੇਕਲਾ ਉਪਰਾਲਾ ਕੀਤਾ ਗਿਆ ਹੈ।
ਇਸ ਸਬੰਧੀ ਵਧੇਰੇ ਜਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ੍ਰੀ ਪਰਸ਼ੋਤਮ ਸਿੰਘ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੇ ਤਹਿਤ 15 ਬੱਚਿਆਂ ਦੇ 3 ਬੈਂਚਾਂ ਨੂੰ ਰੋਜ਼ਗਾਰ ਦਫ਼ਤਰ ਦੇ ਸਟਾਫ ਦੁਆਰਾ ਰਾਵੀ ਫੋਂਟ ਵਿੱਚ ਪੰਜਾਬੀ ਅਤੇ ਅੰਗਰਜ਼ੀ ਦੀ ਟਾਈਪਿੰਗ ਦੀ ਮੁਹਾਰਤ ਦਿੱਤੀ ਜਾਵੇਗੀ। ਰੋਜ਼ਗਾਰ ਦਫ਼ਤਰ ਵਲੋਂ ਇਹਨਾਂ ਬੱਚਿਆਂ ਨੂੰ ਅੰਗਰੇਜ਼ੀ ਅਤੇ ਪੰਜਾਬੀ ਦੀ ਟਾਈਪਿੰਗ ਲਈ ਅੰਗਰੇਜ਼ੀ ਅਤੇ ਪੰਜਾਬ ਦੀਆਂ ਟਾਈਪਿੰਗ ਕਿਤਾਬਾਂ ਵੀ ਮੁਹੱਈਆ ਕਰਵਾਈਆਂ ਗਈਆਂ ਹਨ। ਇਸ ਟ੍ਰੇਨਿੰਗ ਦਾ ਕੁੱਲ ਸਮਾਂ 3 ਮਹੀਨੇ ਦਾ ਹੋਵੇਗਾ। ਟ੍ਰੇਨਿੰਗ ਮੁਕੰਮਲ ਹੋਣ ਤੋਂ ਬਾਅਦ ਉਮੀਦਵਾਰਾਂ ਦਾ ਟਾਈਪਿੰਗ ਟੈਸਟ ਲਿਆ ਜਾਵੇਗਾ ਅਤੇ ਇਸ ਟੈਸਟ ਵਿਚੋਂ ਪਹਿਲੇ 3 ਸਥਾਨਾਂ ਤੇ ਆਉਣ ਵਾਲੇ ਬੱਚਿਆਂ ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਵਿੱਚ ਇੰਟਰਨਸ਼ਿਪ ਕਰਨ ਦਾ ਮੌਕਾ ਦਿੱਤਾ ਜਾਵੇਗਾ। ਇਸਤੋਂ ਇਲਾਵਾ ਟਰੇਨਡ ਪ੍ਰਾਰਥੀਆਂ ਨੂੰ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਵਲੋਂ ਸਰਕਾਰੀ ਅਤੇ ਪ੍ਰਾਈਵੇਟ ਨੌਂਕਰੀ ਵਿੱਚ ਬਤੌਰ ਕਲਰਕ/ਡਾਟਾ ਐਂਟਰੀ ਦੀ ਆਸਾਮੀ ਲਈ ਰੋਜ਼ਗਾਰ ਦਿਵਾਉਣ ਵਿਚ ਯੋਗ ਅਗਵਾਈ ਅਤੇ ਪਹਿਲ ਦਿੱਤੀ ਜਾਵੇਗੀ। ਗ੍ਰੈਜੂਏਟ ਪ੍ਰਾਰਥੀ ਜਿਨ੍ਹਾਂ ਨੇ ਪੰਜਾਬ ਸਰਕਾਰ ਦੇ ਸਰਕਾਰੀ ਕਲੈਰੀਕਲ ਪੋਸਟ ਲਈ ਅਪਲਾਈ ਕੀਤਾ ਹੋਇਆ ਹੈ ਅਤੇ ਟਾਈਪਿੰਗ ਸਿੱਖਣ ਦੇ ਚਾਹਵਾਨ ਹਨ, ਉਹ ਨਿੱਜੀ ਤੌਰ ’ਤੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਿਖੇ ਸੰਪਰਕ ਕਰ ਸਕਦੇ ਹਨ।