ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਆਪਣੇ ਪਿੰਡ ਸ਼ਾਹਪੁਰ ਜਾਜਨ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਸ਼ੁਰੂ ਕੀਤੀ ਮੈਗਾ ਦਾਖ਼ਲਾ ਮੁਹਿੰਮ

ਗੁਰਦਾਸਪੁਰ

ਪੰਜਾਬ ਸਰਕਾਰ ਨੇ ਸਿੱਖਿਆ ਕ੍ਰਾਂਤੀ ਰਾਹੀਂ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਪੱਧਰ ਉੱਚਾ ਚੁੱਕਿਆ – ਵਿਧਾਇਕ ਗੁਰਦੀਪ ਸਿੰਘ ਰੰਧਾਵਾ

ਮਾਪਿਆਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਦੀ ਕੀਤੀ ਅਪੀਲ

ਡੇਰਾ ਬਾਬਾ ਨਾਨਕ, ਗੁਰਦਾਸਪੁਰ, 13 ਦਸੰਬਰ (ਸਰਬਜੀਤ ਸਿੰਘ) – ਡੇਰਾ ਬਾਬਾ ਨਾਨਕ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵੱਲੋਂ ਅੱਜ ਆਪਣੇ ਪਿੰਡ ਸ਼ਾਹਪੁਰ ਜਾਜਨ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਤੋਂ ਮੈਗਾ ਦਾਖ਼ਲਾ ਮੁਹਿੰਮ 2025-26 ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਸਰਪੰਚ ਸ਼ਾਹਪੁਰ ਜਾਜਨ ਤਜਿੰਦਰ ਸਿੰਘ, ਸਕੂਲ ਵਿਕਾਸ ਕਮੇਟੀ ਦੇ ਚੇਅਰਮੈਨ ਅਤੇ ਮੈਂਬਰ, ਸੈਂਟਰ ਹੈੱਡ ਟੀਚਰ ਪਵਨ ਕੁਮਾਰ, ਬੀ.ਆਰ.ਸੀ. ਲਵਪ੍ਰੀਤ ਸਿੰਘ, ਹੈੱਡ ਟੀਚਰ ਅਮਰਬੀਰ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਪੱਡਾ, ਸੁਮਨ ਬਾਲਾ ਸਰਕਾਰੀ ਪ੍ਰਾਇਮਰੀ ਸਕੂਲ ਖੋਦੇ ਬੇਟ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਸ਼ਾਹਪੁਰ ਜਾਜਨ ਦਾ ਸਮੂਹ ਸਟਾਫ਼ ਹਾਜ਼ਰ ਸੀ।
ਦਾਖ਼ਲਾ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਪੱਧਰ ਚੁੱਕਣ ਲਈ ਪੂਰੀ ਸੁਹਿਰਦਤਾ ਨਾਲ ਉਪਰਾਲੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਆਈ ਇਸ ਸਿੱਖਿਆ ਕ੍ਰਾਂਤੀ ਸਦਕਾ ਹੁਣ ਸੂਬੇ ਦੇ ਸਰਕਾਰੀ ਸਕੂਲ ਪੜ੍ਹਾਈ ਪੱਖੋਂ ਦੇਸ਼ ਦੇ ਮੋਹਰੀ ਸੂਬਿਆਂ ਵਿੱਚ ਸ਼ੁਮਾਰ ਹੁੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਜਿੱਥੇ ਬੁਨਿਆਦੀ ਢਾਂਚੇ ਦਾ ਵਿਕਾਸ ਕੀਤਾ ਗਿਆ ਹੈ ਓਥੇ ਉੱਚ ਸਿੱਖਿਆ ਹਾਸਲ ਅਧਿਆਪਕ ਸੇਵਾ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਬਾਹਰਲੇ ਦੇਸ਼ਾਂ ਤੋਂ ਟਰੇਨਿੰਗ ਦਿਵਾਈ ਜਾ ਰਹੀ ਹੈ ਤਾਂ ਜੋ ਅਧਿਆਪਕ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਸਿੱਖਿਆ ਦੇ ਸਕਣ।
ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਅੱਜ ਡੇਰਾ ਬਾਬਾ ਨਾਨਕ ਬਲਾਕ ਲਈ ਮੈਗਾ ਦਾਖਲਾ ਮੁਹਿੰਮ 2025-26 ਦੀ ਸ਼ੁਰੂਆਤ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸ਼ਾਹਪੁਰ ਜਾਜਨ ਤੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਦਾਖ਼ਲਾ ਮੁਹਿੰਮ ਦੌਰਾਨ ਵਿਦਿਆਰਥੀਆਂ ਦੇ ਮਾਪਿਆਂ ਨੂੰ ਦੱਸਿਆ ਜਾਵੇਗਾ ਕਿ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਲਈ ਵਧੀਆ ਖੁੱਲ੍ਹੇ ਤੇ ਹਵਾਦਾਰ ਕਲਾਸ ਰੂਮ. ਸਾਫ਼-ਸੁਥਰਾ ਪਾਣੀ, ਬੱਚਿਆਂ ਦੀ ਪੜ੍ਹਾਈ ਲਈ ਪ੍ਰੋਜੈਕਟਰ ਅਤੇ ਐੱਲ.ਸੀ.ਡੀ., ਮਿਹਨਤੀ ਸਟਾਫ਼, ਮੁਫ਼ਤ ਕਿਤਾਬਾਂ, ਮੁਫ਼ਤ ਵਰਦੀਆਂ, ਬੂਟ ਅਤੇ ਪੌਸ਼ਟਿਕ ਦੁਪਹਿਰ ਦੇ ਖਾਣੇ ਦੀ ਸਹੂਲਤ ਉਪਲਬਧ ਹੈ। ਉਨ੍ਹਾਂ ਕਿਹਾ ਕਿ ਹੁਣ ਪੜ੍ਹਾਈ ਤੇ ਸਹੂਲਤਾਂ ਦੇ ਪੱਖ ਤੋਂ ਸਰਕਾਰੀ ਸਕੂਲ ਮਹਿੰਗੇ ਨਿੱਜੀ ਸਕੂਲਾਂ ਤੋਂ ਵੀ ਵਧੀਆ ਹਨ। ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਲਾਭ ਉਠਾਉਣ ਅਤੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਹੀ ਦਾਖਲ ਕਰਵਾਉਣ।

Leave a Reply

Your email address will not be published. Required fields are marked *