ਜ਼ਿਲ੍ਹਾ ਚੋਣ ਅਫ਼ਸਰ ਨੇ ਸਬੰਧਤ ਅਧਿਕਾਰੀਆਂ ਸਮੇਤ ਪੋਲਿੰਗ ਪਾਰਟੀਆਂ ਨੂੰ ਰਵਾਨਾ ਕਰਨ ਦਾ ਲਿਆ ਜਾਇਜ਼ਾ
1 ਲੱਖ 93 ਹਜ਼ਾਰ 376 ਵੋਟਰ ਕਰਨ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ, ਵੋਟਾਂ ਸਵੇਰੇ 7 ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ
ਗੁਰਦਾਸਪੁਰ, 19 ਨਵੰਬਰ (ਸਰਬਜੀਤ ਸਿੰਘ)– ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਉਮਾ ਸ਼ੰਕਰ ਗੁਪਤਾ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 10 ਡੇਰਾ ਬਾਬਾ ਨਾਨਕ ਦੀ ਜ਼ਿਮਨੀ ਚੋਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋੜੀਂਦੀਆਂ ਤਿਆਰੀਆਂ ਅਤੇ ਪ੍ਰਬੰਧ ਮੁਕੰਮਲ ਕੀਤੇ ਜਾ ਚੁੱਕੇ ਹਨ ਤਾਂ ਜੋ 20 ਨਵੰਬਰ ਨੂੰ ਅਮਨ-ਅਮਾਨ ਨਾਲ ਵੋਟਿੰਗ ਪ੍ਰਕਿਰਿਆ ਨੇਪਰੇ ਚਾੜ੍ਹੀ ਜਾ ਸਕੇ। ਵੋਟਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ।
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ, ਉਮਾ ਸ਼ੰਕਰ ਗੁਪਤਾ, ਸਥਾਨਕ ਸੁਖਜਿੰਦਰਾ ਗਰੁੱਪ ਆਫ ਇੰਸਟੀਚਿਊਟ ਵਿਖੇ ਪਹੁੰਚੇ ਅਤੇ ਪੋਲਿੰਗ ਪਾਰਟੀਆਂ ਨੂੰ ਰਵਾਨਾ ਕਰਨ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਸੁਰਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ), ਰਾਜਪਾਲ ਸਿੰਘ ਸੇਖੋਂ, ਐਸਡੀਐਮ ਡੇਰਾ ਬਾਬਾ ਨਾਨਕ ਤੇ ਮਨਜਿੰਦਰ ਸਿੰਘ ਚੋਣ ਤਹਿਸੀਲਦਾਰ ਵੀ ਮੋਜੂਦ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਆਜ਼ਾਦਾਨਾ ਢੰਗ ਨਾਲ ਵੋਟਿੰਗ ਕਰਵਾਉਣ ਲਈ ਵਚਨਬੱਧ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਵੋਟਾਂ ਵਾਲੇ ਦਿਨ ਪੋਲਿੰਗ ਸਟੇਸ਼ਨ ਦੇ 200 ਮੀਟਰ ਦੇ ਘੇਰੇ ਤੋਂ ਪਰੇ ਪੋਲਿੰਗ ਪਾਰਟੀਆਂ ਦੇ ਬੂਥ ਲਗਾਏ ਜਾ ਸਕਣਗੇ।
ਉਨ੍ਹਾਂ ਦੱਸਿਆ ਕਿ ਕੱਲ 20 ਨਵੰਬਰ ਬੁੱਧਵਾਰ ਨੂੰ ਜ਼ਿਲ੍ਹਾ ਗੁਰਦਾਸਪੁਰ ਵਿਖੇ ਸਥਿਤ ਸਰਕਾਰੀ ਦਫ਼ਤਰਾਂ/ਬੋਰਡਾਂ/ਕਾਰਪੋਰੇਸ਼ਨਾਂ/ਵਿਦਿਅਕ ਅਦਾਰਿਆਂ ਵਿਖੇ ਸਥਾਨਕ ਛੁੱਟੀ ਸਮੇਤ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ-1881 ਤਹਿਤ ਛੁੱਟੀ ਐਲਾਨੀ ਜਾ ਗਈ ਹੈ। ਇਸੇ ਤਰ੍ਹਾਂ 10 ਡੇਰਾ ਬਾਬਾ ਨਾਨਕ ਹਲਕੇ ਦੇ ਉਨ੍ਹਾਂ ਵੋਟਰਾਂ, ਜਿਹੜੇ ਪੰਜਾਬ ਦੀਆਂ ਰਜਿਟਰਡ ਫੈਕਟਰੀਆਂ, ਦੁਕਾਨਾਂ ਜਾਂ ਵਪਾਰਕ ਸੰਸਥਾਵਾਂ ਵਿਖੇ ਕੰਮ ਕਰ ਰਹੇ ਹਨ, ਨੂੰ ਵੀ ਵੋਟ ਪਾਉਣ ਲਈ ਕੰਮ ਤੋਂ ਛੋਟ ਰਹੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਵਿਚ ਕੁੱਲ ਵੋਟਰ 1 ਲੱਖ 93 ਹਜ਼ਾਰ 376 ਹਨ। ਜਿਨ੍ਹਾਂ ਵਿੱਚ 101825 ਮਰਦ, 91544 ਔਰਤਾਂ, 7 ਕਿੰਨਰ, 6974 ਨੌਜਵਾਨ (18-19), 1354 ਦਿਵਿਆਂਗ ਵੋਟਰ, 26 ਪ੍ਰਵਾਸੀ ਭਾਰਤੀ ਅਤੇ 2002 ਸੀਨੀਅਰ ਸਿਟੀਜਨ/85 ਪਲੱਸ ਵੋਟਰ ਹਨ। ਸਰਵਿਸ ਵੋਟਰਾਂ ਦੀ ਗਿਣਤੀ 2228 ਹੈ। ਹਲਕੇ ਵਿੱਚ 193 ਪੋਲਿੰਗ ਲੋਕੇਸ਼ਨਾਂ ਤੇ ਕੁਲ 241 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿਨ੍ਹਾਂ ਵਿੱਚ 97 ਪੋਲਿੰਗ ਸਟੇਸ਼ਨ ਵਲਨਰਏਬਲ/ਕਰਿਟੀਕਲ ਹਨ। ਇਸ ਤੋਂ ਇਲਾਵਾ ਮਾਈਕਰੋ ਆਬਜਰਵਰ ਵੀ ਤਾਇਨਾਤ ਕੀਤੇ ਗਏ ਹਨ। ਸਾਰੇ ਪੋਲਿੰਗ ਸਟੇਸ਼ਨਾਂ ਤੇ ਵੈੱਬ ਕਾਸਟਿੰਗ ਕਰਵਾਈ ਜਾਵੇਗੀ। ਪੋਲਿੰਗ ਸਟੇਸ਼ਨਾਂ ਵਿੱਚ ਵੋਟਰਾਂ ਦੀ ਸਹੂਲਤ ਵੀਲ ਚੇਅਰ, ਪੀਣ ਵਾਲਾ ਪਾਣੀ, ਰਿਂਮ, ਬਿਜਲੀ ਅਤੇ ਹੈਲਪ ਡੈਸਕ ਆਦਿ ਦੇ ਪਰਬੰਧ ਕੀਤੇ ਗਏ ਹਨ। ਜ਼ਿਮਨੀ ਚੋਣ ਡੇਰਾ ਬਾਬਾ ਨਾਨਕ ਲਈ ਲਗਭਗ 1300 ਪੋਲਿੰਗ ਸਟਾਫ ਤਾਇਨਾਤ ਕੀਤਾ ਗਿਆ ਹੈ।
ਗੁਰਦਾਸਪੁਰ ਅਤੇ ਬਟਾਲਾ ਪੁਲਸ ਵਲੋਂ ਸੁਰੱਖਿਆ ਦੇ ਪੁਖਤਾ ਇੰਤਜਾਮ ਕੀਤੇ ਗਏ ਹਨ ਅਤੇ ਕਰੀਬ 3062 ਪੁਲਸ ਕਰਮੀ/ਅਧਿਕਾਰੀ ਤਾਇਨਾਤ ਹਨ। ਬਟਾਲਾ ਪੁਲਸ ਵਲੋਂ 1682 ਅਤੇ ਗੁਰਦਾਸਪੁਰ ਪੁਲਸ ਵਲੋਂ 1380 ਪੁਲਸ ਕਰਮਚਾਰੀ/ਅਧਿਕਾਰੀ ਤਾਇਨਾਤ ਕੀਤੇ ਗਏ ਹਨ। ਇਸ ਤੋ ਇਲਾਵਾ 6 ਕੰਪਨੀਆਂ, ਜਿਸ ਵਿੱਚ 320 ਅਰਧ ਸੈਨਿਕ ਸੁਰੱਖਿਆ ਬਲ ਸ਼ਾਮਲ ਹਨ, ਤਾਇਨਾਤ ਕੀਤੇ ਗਏ ਹਨ। ਅਣਸੁਖਾਵੀਂ ਘਟਨਾ ਨੂੰ ਰੋਕਣ ਲਈ 56 ਟੀਮਾਂ ਰਿਜ਼ਰਵ ਰੱਖੀਆਂ ਗਈਆਂ ਹਨ, ਜਿਨ੍ਹਾਂ ਵਿੱਚ ਬਟਾਲਾ ਪੁਲਸ ਦੀਆਂ 31ਅਤੇ ਗੁਰਦਾਸਪੁਰ ਪੁਲਸ ਦੀਆਂ 25 ਟੀਮਾਂ ਸ਼ਾਮਲ ਹਨ। ਇਸ ਤੋਂ ਇਲਾਵਾ 49 ਪੈਟਰੋਲਿੰਗ ਪਾਰਟੀਆਂ, ਜਿਨ੍ਹਾਂ ਵਿੱਚ ਬਟਾਲਾ ਪੁਲਸ ਦੀਆਂ 24 ਅਤੇ ਗੁਰਦਾਸਪੁਰ ਪੁਲਸ ਦੀਆਂ 25 ਪਾਰਟੀਆਂ ਸ਼ਾਮਲ ਹਨ, ਤਾਇਨਾਤ ਕੀਤੀਆਂ ਗਈਆਂ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੁਖਜਿੰਦਰ ਗਰੁੱਪ ਆਫ ਇੰਸਟੀਚਿਊਟ ਗੁਰਦਾਸਪੁਰ ਵਿਖੇ 23 ਨਵੰਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ।