ਗੁਰਦਾਸਪੁਰ ਦੇ ਦੋ ਵਿਦਿਆਰਥੀਆਂ ਨੂੰ ਮਿਲਿਆ ਸ਼੍ਰੋਮਣੀ ਬਾਲ ਲੇਖਕ ਐਵਾਰਡ
ਬਟਾਲਾ, ਗੁਰਦਾਸਪੁਰ, 18 ਨਵੰਬਰ (ਸਰਬਜੀਤ ਸਿੰਘ )–ਸ਼੍ਰੀ ਸੁੱਖੀ ਬਾਠ ਸੰਸਥਾਕ ਪੰਜਾਬ ਭਵਨ ਸਰੀ ਕਨੇਡਾ ਵੱਲੋਂ ਅਕਾਲ ਅਕੈਡਮੀ ਮਸਤੂਆਣਾ ਸਾਹਿਬ ਸੰਗਰੂਰ ਵਿਖੇ `ਨਵੀਆਂ ਕਲਮਾਂ ਨਵੀਂ ਉਡਾਣ’ ਪ੍ਰੋਜੈਕਟ ਤਹਿਤ ਕਰਵਾਈ ਦੋ ਰੋਜ਼ਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਵਿਦਿਆਰਥੀਆਂ ਵੱਲੋਂ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਸਨਮਾਨ ਚਿੰਨ੍ਹ, ਪ੍ਰਸ਼ੰਸਾ ਪੱਤਰ ਤੇ ਨਗਦ ਰਾਸ਼ੀ ਪ੍ਰਾਪਤ ਕੀਤੀ। ਇਸ ਮੌਕੇ ਜਾਣਕਾਰੀ ਦਿੰਦੇ ਹੋਏ `ਨਵੀਆਂ ਕਲਮਾਂ ਨਵੀਂ ਉਡਾਣ’ ਪ੍ਰੋਜੈਕਟ ਗੁਰਦਾਸਪੁਰ ਟੀਮ ਦੇ ਇੰਚਾਰਜ ਸਤਿੰਦਰ ਕੌਰ ਕਾਹਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਸਕੂਲਾਂ ਦੇ ਜ਼ਿਲ੍ਹਾ ਜੇਤੂ ਵਿਦਿਆਰਥੀਆਂ ਵੱਲੋਂ ਅਕਾਲ ਕਾਲਜ ਮਸਤੂਆਣਾ ਸਾਹਿਬ ਵਿਖੇ ਕਰਵਾਏ ਵੱਖ-ਵੱਖ ਵਿੱਦਿਅਕ ਮੁਕਾਬਲਿਆਂ ਵਿੱਚ ਭਾਗ ਲੈਦੇ ਹੋਏ ਕਹਾਣੀ ਵਿੱਚੋਂ ਪਹਿਲਾਂ ਸਥਾਨ ਪ੍ਰਾਪਤ ਕਰਕੇ 11000/- ਰੁਪਏ ਦੀ ਨਗਦ ਰਾਸ਼ੀ ਤੇ ਲੇਖ ਲਿਖਣ ਵਿੱਚ ਦੂਸਰਾ ਸਥਾਨ ਪ੍ਰਾਪਤ ਕਰਕੇ 7100/- ਰੁਪਏ ਦੀ ਰਾਸ਼ੀ ਪ੍ਰਾਪਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜੇਤੂ ਵਿਦਿਆਰਥੀਆਂ ਨੂੰ ਸ਼੍ਰੀ ਸੁੱਖੀ ਬਾਠ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਸ਼੍ਰੀ ਸੁੱਖੀ ਬਾਠ ਵੱਲੋਂ ਵਿਦਿਆਰਥੀਆਂ ਨੂੰ ਭਵਿੱਖ ਲਈ ਸ਼ੁਭਇੱਛਾਵਾਂ ਦਿੰਦੇ ਹੋਏ ਕਿਹਾ ਕਿ ਉਹ ਭਵਿੱਖ ਵਿੱਚ ਵੀ ਬਾਲ ਲੇਖਕਾਂ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕਰਦੇ ਰਹਿਣਗੇ। ਇਸ ਮੌਕੇ ਗੁਰਦਾਸਪੁਰ ਟੀਮ ਮੈਂਬਰ ਰਣਜੀਤ ਕੌਰ ਬਾਜਵਾ, ਨਵਜੋਤ ਕੌਰ ਬਾਜਵਾ, ਕਮਲਜੀਤ ਕੌਰ, ਗਗਨਦੀਪ ਸਿੰਘ ਤੇ ਸੁਖਵਿੰਦਰ ਕੌਰ ਵੀ ਹਾਜ਼ਰ ਸਨ।