ਕਮਿਊਨਿਟੀ ਹੈਲਥ ਅਫਸਰਾਂ ਨੇ ਲਗਾਇਆ ਐਮਡੀ ਐਨ ਐਚ ਐਮ ਦਫਤਰ ਚੰਡੀਗੜ੍ਹ ਵਿਖੇ ਧਰਨਾ

ਚੰਡੀਗੜ੍ਹ

ਚੰਡੀਗੜ੍ਹ, ਗੁਰਦਾਸਪੁਰ, 6 ਨਵੰਬਰ (ਸਰਬਜੀਤ ਸਿੰਘ)– ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਲਟਕਦੀਆਂ ਆ ਰਹੀਆਂ ਮੰਗਾਂ ਦੇ ਤਹਿਤ ਸੂਬਾ ਪੰਜਾਬ ਵਿੱਚ ਐਨ ਐਚ ਐਮ ਅਧੀਨ ਕੰਮ ਕਰਦੇ ਕਮਿਊਨਿਟੀ ਹੈਲਥ ਅਫਸਰਾਂ ਨੇ ਵੱਡੀ ਗਿਣਤੀ ਵਿੱਚ ਅੱਜ ਐਮਡੀ, ਐਨ ਐਚ ਐਮ ਦਫਤਰ , ਚੰਡੀਗੜ੍ਹ ਵਿਖੇ ਇਕੱਠ ਕੀਤਾ। ਉਹਨਾਂ ਦੇ ਮਨਾਂ ਵਿੱਚ ਭਾਰੀ ਰੋਸ ਵੇਖਣ ਨੂੰ ਮਿਲਿਆ । ਪੂਰੇ ਸੂਬੇ ਵਿੱਚੋਂ ਕਮਿਊਨਿਟੀ ਹੈਲਥ ਅਫਸਰ ਅੱਜ ਆਪਣੀ ਮੰਗਾਂ ਦੇ ਹੱਲ ਕਰਵਾਉਣ ਲਈ ਅਤੇ ਪਿਛਲੇ ਦੋ ਮਹੀਨੇ ਤੋਂ ਤਨਖਾਹ ਦਾ 40% ਹਿੱਸਾ ਜਾਰੀ ਕਰਵਾਉਣ ਲਈ ਕਮਿਊਨਿਟੀ ਹੈਲਥ ਅਫ਼ਸਰ ਐਸੋਸੀਏਸ਼ਨ ਪੰਜਾਬ ਦੇ ਝੰਡੇ ਅਧੀਨ ਇਕੱਠੇ ਹੋਏ । ਕਮਿਊਨਿਟੀ ਹੈਲਥ ਅਫਸਰ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਸੁਨੀਲ ਤਰਗੋਤਰਾ ਨੇ ਦੱਸਿਆ ਪਿਛਲੇ ਦੋ ਸਾਲਾਂ ਤੋਂ ਉਹਨਾਂ ਦੀਆਂ ਜਰੂਰੀ ਮੰਗਾਂ ਜਿਵੇਂ ਪੇਂਡੂ ਖੇਤਰ ਵਿੱਚ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਜ਼ਰੂਰੀ ਵਾ ਸਹੂਲਤਾਂ ਨਾ ਮਿਲਣ, ਦਵਾਈਆਂ ਤੇ ਬਾਕੀ ਸਾਜੋ ਸਮਾਨ ਦੀ ਘਾਟ, ਕੰਮ ਦੀ ਵੰਡ ਅਤੇ ਬਾਰ ਬਾਰ ਕੰਮ ਕਰਨ ਦੇ ਬਾਵਜੂਦ ਵੀ ਉਨਾਂ ਦੀ ਤਨਖਾਹ ਦੇ 40% ਹਿੱਸੇ ਨੂੰ ਰੋਕੇ ਜਾਂ ਕੱਟੇ ਜਾਣ ਆਦਿ ਮਸਲਿਆਂ ਨਾਲ ਉਹ ਜੂਝ ਰਹੇ ਹਨ । ਵਿਭਾਗ ਵੱਲੋਂ ਹਰ ਵਾਰ ਉਹਨਾਂ ਦੀਆਂ ਇਹਨਾਂ ਜਾਇਜ਼ ਮੰਗਾਂ ਨੂੰ ਅਣਸੁਣਿਆ ਕੀਤਾ ਜਾਂਦਾ ਹੈ ਜਿਸ ਦਾ ਖਾਮਿਆਜਾ ਸੂਬੇ ਦੇ ਕਮਿਊਨਟੀ ਹੈਲਥ ਅਫਸਰ ਜਾਂ ਪੇਂਡੂ ਖੇਤਰਾਂ ਵਿੱਚ ਸਹੂਲਤਾਂ ਲੈਣ ਵਾਲੇ ਮਰੀਜ਼ ਭੁਗਤਦੇ ਹਨ । ਇਹ ਸਭ ਤੋਂ ਤੰਗ ਹੋ ਕੇ ਉਨ੍ਹਾਂ ਨੂੰ ਸੰਘਰਸ਼ ਦਾ ਰਸਤਾ ਅਖ਼ਤਿਆਰ ਕਰਨਾ ਪੈਂਦਾ ਹੈ। ਅੱਜ ਮਾਣਯੋਗ ਐਮ ਡੀ ਐਨ ਐਚ ਐਮ, ਘਨਸ਼ਾਮ ਥੋਰੀ ਜੀ ਨਾਲ ਇਸ ਸਿਲਸਿਲੇ ਵਿੱਚ ਮੀਟਿੰਗ ਹੋਈ ਉਹਨਾਂ ਸਾਰੇ ਮਸਲਿਆਂ ਨੂੰ ਧਿਆਨ ਨਾਲ ਸੁਣਿਆ ਅਤੇ ਮੌਕੇ ਤੇ ਰੁਕੇ ਹੋਏ ਤਨਖਾਹ ਦੇ ਪੈਸੇ ਜਾਰੀ ਕਰਨ ਦੇ ਹੁਕਮ ਦਿੱਤੇ ।
ਬਾਕੀ ਮਸਲਿਆਂ ਜਿਵੇਂ ਕਿ 5 ਹਜਾਰ ਤਨਖਾਹ ਬਾਕੀ ਸੂਬਿਆਂ ਨਾਲੋਂ ਘੱਟ ਮਿਲਣਾ, ਲੋਇਲਟੀ ਬੋਨਸ, ਇਨਸੈਂਟਿਵ ਮਰਜ ਕਰਨ ਆਦਿ ਦੇ ਹੱਲ ਲਈ ਇਕ ਕਮੇਟੀ ਬਣਾ ਕੇ ਇਹਨਾਂ ਨੂੰ ਜਲਦ ਵਿਚਾਰਨ ਅਤੇ ਬਣਦੇ ਹੱਲ ਕਰਨ ਦਾ ਆਸ਼ਵਾਸਨ ਦਿੱਤਾ ਗਿਆ। ਕਮੇਟੀ ਮੈਂਬਰਾਂ ਨੇ ਦੱਸਿਆ ਉਹਨਾਂ ਨੂੰ ਉਮੀਦ ਹੈ ਕਿ ਇਸ ਵਾਰ ਮਸਲੇ ਹੱਲ ਹੋ ਜਾਣਗੇ ।ਜੇਕਰ ਹੱਲ ਨਹੀਂ ਕੀਤੇ ਜਾਂਦੇ ਤਾਂ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਉਹਨਾਂ ਵੱਲੋਂ ਵੱਡੀ ਗਿਣਤੀ ਚ ਇਕੱਠ ਕਰਕੇ ਸਰਕਾਰ ਤੇ ਵਿਭਾਗ ਖਿਲਾਫ ਰੈਲੀਆਂ ਕੀਤੀਆਂ ਜਾਣਗੀਆਂ ਜਿਸਦੀ ਨਿਰੋਲ ਜ਼ਿੰਮੇਵਾਰੀ ਵਿਭਾਗ ਤੇ ਸਰਕਾਰ ਦੀ ਹੋਵੇਗੀ। ਇਸ ਸਮੇਂ ਪੰਜਾਬ ਸਮੇਂ ਕਮੇਟੀ ਦੇ ਬਾਕੀ ਮੈਂਬਰ ਮਨਜੀਤ ਸਿੰਘ ਮੁਕਤਸਰ,ਨਰਿੰਦਰ ਸਿੰਘ ਫਿਰੋਜ਼ਪੁਰ ,ਦੀਪ ਸ਼ੀਖਾ ਮੋਹਾਲੀ, ਸਿਮਰਨਜੀਤ ਕੌਰ ਫ਼ਤਹਿਗੜ੍ਹ ਸਾਹਿਬ, ਸੰਦੀਪ ਸਿੰਘ ਫਰੀਦਕੋਟ, ਕੁਲਦੀਪ ਸਿੰਘ ਫਾਜ਼ਿਲਕਾ, ਬਲਕਰਨ ਸਿੰਘ ਮੁਕਤਸਰ ,ਸੰਜੀਵ ਕੁਮਾਰ ਮਾਨਸਾ, ਰਮਨਵੀਰ ਕੌਰ ਬਠਿੰਡਾ, ਰਵਿੰਦਰ ਸਿੰਘ ਗੁਰਦਾਸਪੁਰ, ਜਤਿੰਦਰ ਸਿੰਘ ਮਾਲੇਰਕੋਟਲਾ ,ਨਿਸ਼ਾ ਅਗਰਵਾਲ ਸੰਗਰੂਰ ਆਦਿ ਮੌਜੂਦ ਸਨ।

Leave a Reply

Your email address will not be published. Required fields are marked *