ਬਰਨਾਲਾ, ਗੁਰਦਾਸਪੁਰ, 25 ਨਵੰਬਰ (ਸਰਬਜੀਤ ਸਿੰਘ)– ਅਕਾਲੀ -ਭਾਜਪਾ ਚੋਣ ਗੱਠਜੋੜ ਪੰਜਾਬ ਦੇ ਮੱਥੇ ‘ਤੇ ਇੱਕ ਹੋਰ ਨਵਾਂ ਕਲੰਕ ਸਾਬਿਤ ਹੋਵੇਗਾ, ਜੋ ਪੰਜਾਬ ਦੀ ਪਹਿਲਾਂ ਹੀ ਬਿਗੜ ਚੁੱਕੀ ਆਰਥਿਕ ਹਾਲਤ ਨੂੰ ਹੋਰਵੀ ਬਦ ਤੋਂ ਬਦਤਰ ਬਣਾ ਦੇਵੇਗਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸੀਪੀਆਈ (ਐੱਮ ਐੱਲ) ਰੈੱਡ ਸਟਾਰ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਨੇ ਕਿਹਾ, ਕਿ ਪੰਜਾਬ ਵਿੱਚ ਭਾਜਪਾ ਦਾ ਰਾਜਨੀਤਕ ਮਨੋਰਥ ਸਿਰਫ਼ ਸਤ੍ਹਾ ਪ੍ਰਾਪਤ ਕਰਨਾ ਹੀ ਨਹੀਂ, ਬਲਕਿ ਪੂਰੇ ਦੇਸ਼ ਨੂੰ ਆਪਣੇ ਕਲਾਵੇ ਵਿੱਚ ਲੈਕੇ ‘ਹਿੰਦੂ ਰਾਸ਼ਟਰ’ ਸਥਾਪਤ ਕਰਨ ਲਈ ਅੱਗੇ ਵਧਣਾ ਹੈ। ਜਿਸ ਵਿੱਚ ਭਾਰਤੀ ਸੰਵਿਧਾਨ ਨੂੰ ਖ਼ਤਮ ਕਰਕੇ ਅਣਮਨੁੱਖੀ ਮਨੂੰਸਮ੍ਰਿਤੀ ਦੇ ਅਧਾਰਤ ਫਾਸ਼ੀਵਾਦੀ ਰਾਜ ਸਥਾਪਿਤ ਕੀਤਾ ਜਾਵੇਗਾ।
ਭਾਜਪਾ ਦੇ ‘ਹਿੰਦੂ ਰਾਸ਼ਟਰ’ ਵਿੱਚ ਘੱਟ ਗਿਣਤੀਆਂ, ਦਲਿਤਾਂ, ਆਦਿਵਾਸੀਆਂ, ਔਰਤਾਂ ਅਤੇ ਗ਼ਰੀਬ ਮਿਹਨਤਕਸ਼ ਤਬਕਿਆਂ ਨੂੰ ਮਨੁੱਖਤਾ ਦਾ ਨਹੀਂ, ਬਲਕਿ ਗ਼ੁਲਾਮਾਂ ਦਾ ਦਰਜ਼ਾ ਦਿੱਤਾ ਜਾਵੇਗਾ। ਇਸੇ ਕਰਕੇ ਭਾਜਪਾ -ਆਰਐੱਸਐੱਸ, ਅਕਾਲੀ ਦਲ ਨੂੰ ਆਪਣੇ ਫਾਸ਼ੀਵਾਦੀ ਕਹਾੜੇ ਦਾ ਦਸਤਾ ਬਣਾਕੇ ਵਰਤਣਾ ਚਹੁੰਦੀ ਹੈ। ਆਗੂ ਨੇ ਕਿਹਾ, ਕਿ ਮੋਦੀ ਦੇ ਰਾਜ ਵਿੱਚ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਆਦਿਵਾਸੀਆਂ ਅਤੇ ਤਮਾਮ ਦੱਬੇ ਕੁੱਚਲੇ ਵਰਗਾਂ ਦੇ ਖ਼ਿਲਾਫ਼ ਅਨੇਕਾਂ ਕਾਨੂੰਨ ਬਣਾਏ ਗਏ ਹਨ ਅਤੇ ਭਾਰਤ ਦੇ ਸੰਘੀ ਢਾਂਚੇ ਨੂੰ ਤਬਾਹ ਕਰਕੇ ਕੇਂਦਰੀਕਰਣ ਕੀਤਾ ਜਾ ਰਿਹਾ ਹੈ। ਲੋਕ ਵਿਰੋਧੀ ਕਾਨੂੰਨਾ ਦੇ ਰਾਹੀਂ ਸਾਮਰਾਜਵਾਦੀ ਬਹੁ ਕੌਮੀ ਕੰਪਨੀਆਂ ਅਤੇ ਅੰਬਾਨੀ ਅਡਾਨੀ ਵਰਗੇ ਮਹਾਂਭਰਿਸਟ ਕਾਰਪੋਰੇਟ ਘਰਾਣਿਆਂ ਨੂੰ ਮਾਲੋਮਾਲ ਕੀਤਾ ਜਾ ਰਿਹਾ ਹੈ। ਪਬਲਿਕ ਸੈਕਟਰ ਦੇ ਪ੍ਰਮੁੱਖ ਅਦਾਰਿਆਂ ਨੂੰ ਕਾਰਪੋਰੇਟ ਘਰਾਣਿਆਂ ਨੂੰ ਕੌਡੀਆਂ ਦੇ ਭਾਅ ਵੇਚਿਆ ਜਾ ਰਿਹਾ ਹੈ। ਸੰਘ ਪ੍ਰੀਵਾਰ ਅਨੰਤ ਕਾਲ ਤੱਕ ਸੱਤਾ ਦਾ ਸੁੱਖ ਭੋਗਣ ਦੇ ਸੁਪਨੇ ਲੈ ਰਿਹਾ ਹੈ। ਜਦੋਂ ‘ਤੋਂ ਅਕਾਲੀ ਦਲ ਰਾਜਸੀ ਸੱਤਾ ਤੋਂ ਬਾਹਰ ਹੋ ਗਿਆ, ਓਦੋਂ ਤੋਂ ਹੀ ਉਸਦੀ ਨੀਂਦ ਹਰਾਮ ਹੋਈ ਪਈ ਸੀ। ਅੱਜ ਅਕਾਲੀ ਲੀਡਰਸ਼ਿਪ ਭਾਜਪਾ ਦੀ ਪੌੜੀ ਤੇ ਚੜ੍ਹਕੇ ਵਿਧਾਨ ਸਭਾ ਵਿੱਚ ਦਖ਼ਲ ਹੋਣਾ ਚਹੁੰਦੀ ਹੈ। ਆਗੂ ਨੇ ਇਹ ਵੀ ਕਿਹਾ, ਕਿ ਪੰਜਾਬ ਪਹਿਲਾਂ ਹੀ ਭਗਵੰਤ ਮਾਨ ਸਰਕਾਰ ਦੀਆਂ ਨਲਾਇਕੀਆਂ ਕਾਰਨ ਕਰਜ਼ੇ ਵਿੱਚ ਵਿੰਨਿਆ ਪਿਆ ਹੈ ਅਤੇ ਗ਼ਰੀਬੀ, ਮਹਿੰਗਾਈ ਅਤੇ ਬੇਰੁਜ਼ਗਾਰੀ ਸਿਰ ਚੜ੍ਹਕੇ ਬੋਲ ਰਹੀ ਹੈ। ਅਕਾਲੀ -ਭਾਜਪਾ ਗੱਠਜੋੜ ਦੇ ਸੱਤਾ ਵਿੱਚ ਆਉਣ ਨਾਲ ਸੂਬੇ ਵਿੱਚ ਫਾਸ਼ੀਵਾਦੀ ਰਾਜ ਦਾ ਮੁੱਢ ਵੱਝ ਜਾਵੇਗਾ।

