ਫਲਾਈਓਵਰ ਤੇ ਭਾਰਤ ਮਾਲਾ ਵਰਗੀਆਂ ਵੱਡੀਆਂ ਸੜਕਾਂ ਮਿੱਟੀ ਭਰ ਕੇ ਬਣਾਉਣ ਦੀ ਬਜਾਏ ਕੰਕਰੀਟ ਪਿੱਲਰਾਂ ਉਤੇ ਉਸਾਰੀਆਂ ਜਾਣ – ਰੈਡੀਕਲ ਫੋਰਮ ਵੱਲੋਂ ਮੰਗ-ਸੁਖਦਰਸ਼ਨ ਸਿੰਘ ਨੱਤ

ਮਾਲਵਾ

ਪੰਜਾਬ ਦੀ ਹਜ਼ਾਰਾਂ ਏਕੜ ਬੇਸ਼ਕੀਮਤੀ ਵਪਾਰਕ ਜ਼ਮੀਨ ਮਿੱਟੀ ਥੱਲੇ ਦਬਣ ਦੀ ਬਜਾਏ, ਲਾਹੇਵੰਦ ਕੰਮਾਂ ਲਈ ਵਰਤੀ ਜਾਵੇ

ਮਾਨਸਾ, ਗੁਰਦਾਸਪੁਰ, 6 ਨਵੰਬਰ (ਸਰਬਜੀਤ ਸਿੰਘ)– ਰੈਡੀਕਲ ਪੀਪਲਜ਼ ਫੋਰਮ ਪੰਜਾਬ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਾਨਸਾ ਸਮੇਤ ਸਮੁੱਚੇ ਪੰਜਾਬ ਵਿੱਚ ਨੈਸ਼ਨਲ ਹਾਈਵੇ ਅਤੇ ਸਟੇਟ ਹਾਈਵੇ ਉਤੇ ਬਣਨ ਵਾਲੇ ਫਲਾਈਓਵਰ ਮਿੱਟੀ ਨਾਲ ਭਰਵੇਂ ਬਣਾਉਣ ਦੀ ਬਜਾਏ, ਪਿੱਲਰਾਂ ਅਤੇ ਬੀਮਾਂ ਵਾਲੇ ਬਣਾਏ ਜਾਣ। ਫ਼ੋਰਮ ਦਾ ਕਹਿਣਾ ਹੈ ਕਿ ਮਾਨਸਾ ਸ਼ਹਿਰ ਦੇ ਨੇੜੇ ਮਾਨਸਾ ਕੈਂਚੀਆਂ, ਰਮਦਿੱਤੇ ਵਾਲਾ ਚੌਂਕ ਅਤੇ ਭੈਣੀਬਾਘਾ ਵਿਖੇ ਹਾਲੇ ਬਣਨੇ ਸ਼ੁਰੂ ਹੋਏ ਤਿੰਨੇ ਫਲਾਈਓਵਰਾਂ ਨੂੰ ਲਾਜ਼ਮੀ ਕੰਕਰੀਟ ਪਿੱਲਰਾਂ ਉਤੇ ਉਸਾਰਿਆ ਜਾਣਾ ਚਾਹੀਦਾ ਹੈ। ਇਸ ਦੇ ਲਈ ਜ਼ਿਲੇ ਦੇ ਸਾਰੇ ਜਾਗਰੂਕ ਲੋਕਾਂ, ਕਾਰੋਬਾਰੀ ਤੇ ਵਾਤਾਵਰਨ ਪੱਖੀ ਸੰਗਠਨਾਂ ਨੂੰ ਵਕਤ ਰਹਿੰਦੇ ਆਵਾਜ਼ ਉਠਾਉਣੀ ਚਾਹੀਦੀ ਹੈ।
ਰੈਡੀਕਲ ਪੀਪਲਜ਼ ਫੋਰਮ ਦੇ ਆਗੂਆਂ ਸੁਖਦਰਸ਼ਨ ਸਿੰਘ ਨੱਤ ਅਤੇ ਜਸਪਾਲ ਖੋਖਰ ਵਲੋਂ ਇਥੋਂ ਜਾਰੀ ਇਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਬੇਸ਼ੱਕ ਇਸ ਬਾਰੇ ਸਰਕਾਰਾਂ ਅਤੇ ਸਬੰਧਤ ਵਿਭਾਗਾਂ ਦੀ ਮੁੱਖ ਦਲੀਲ ਹੈ ਕਿ ਮਿੱਟੀ ਦੀ ਭਰਤੀ ਵਾਲੇ ਪੁੱਲ ਕੰਕਰੀਟ ਵਾਲੇ ਪੁੱਲਾਂ ਤੋਂ ਬਹੁਤ ਸਸਤੇ ਪੈਂਦੇ ਹਨ, ਪਰ ਪਿਛਲਾ ਤਜਰਬਾ ਵਿਖਾਉਂਦਾ ਹੈ ਕਿ ਕਿਵੇਂ ਮਿੱਟੀ ਦੀ ਭਰਤੀ ਵਾਲੇ ਪੁੱਲ ਬਾਰਿਸ਼ ਵਿੱਚ ਮਿੱਟੀ ਗਿੱਲੀ ਹੋ ਜਾਣ ਮਗਰੋਂ ਭਾਰੀ ਟਿੱਪਰਾਂ ਤੇ ਟ੍ਰੇਲਰਾਂ ਦੇ ਬੋਝ ਹੇਠ ਬੈਠ ਜਾਂਦੇ ਹਨ, ਜਿਸ ਨਾਲ ਕਿੰਨੇ ਹੀ ਸੜਕ ਹਾਦਸੇ ਵਾਪਰਦੇ ਹਨ ਅਤੇ ਵੱਡਾ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ। ਇਸ ਤੋਂ ਇਲਾਵਾ ਇੰਨਾਂ ਪੁੱਲਾਂ ਨੂੰ ਮੁਰੰਮਤ ਲਈ ਵਾਰ ਵਾਰ ਬੰਦ ਕਰਨਾ ਪੈਂਦਾ ਹੈ, ਜਿਸ ਨਾਲ ਟਰੈਫਿਕ ਜਾਮ ਵਰਗੀਆਂ ਗੰਭੀਰ ਸਮਸਿਆਵਾਂ ਪੈਦਾ ਹੁੰਦੀਆਂ। ਜਿਸ ਨਾਲ ਬਿਨਾਂ ਰੁਕਾਵਟ ਤੇਜ਼ ਆਵਾਜਾਈ ਦਾ ਉਹ ਮਨੋਰਥ ਹੀ ਵੱਟੇ ਖਾਤੇ ਪੈ ਜਾਂਦਾ ਹੈ, ਜਿਸ ਲਈ ਅਰਬਾਂ ਰੁਪਏ ਖਰਚ ਕੇ ਇਹ ਵੱਡੀਆਂ ਫਰੀ ਵੇਅ ਸੜਕਾਂ ਬਣਾਈਆਂ ਗਈਆਂ ਹਨ। ਇਸ ਤੋਂ ਇਲਾਵਾ ਇੰਨਾਂ ਪੁੱਲਾਂ ਦੇ ਵੱਡੇ ਢਾਂਚਿਆਂ ਨੂੰ ਚੂਹਿਆਂ ਵਰਗੇ ਛੋਟੇ ਜੀਵ ਵੀ ਮਿੱਟੀ ਵਿੱਚ ਖੁੱਡਾਂ ਪੁੱਟ ਕੇ ਆਸਾਨੀ ਨਾਲ ਖੋਖਲਾ ਤੇ ਨਾਕਾਰਾ ਬਣਾ ਦਿੰਦੇ ਹਨ। ਬਠਿੰਡਾ ਸ਼ਹਿਰ ਦਾ ਪੁਰਾਣਾ ਮੁਲਤਾਨੀਆਂ ਫਲਾਈਓਵਰ ਅਤੇ ਤਪੇ ਤੇ ਹੰਡਿਆਏ ਦੇ ਨੈਸ਼ਨਲ ਹਾਈਵੇ ਉਤੇ ਕੁਝ ਸਾਲ ਪਹਿਲਾਂ ਬਣੇ ਫਲਾਈਓਵਰਾਂ ਸਮੇਤ ਕਾਂਡਲਾ ਵੱਲ ਜਾ ਰਹੀ ਨਵੀਂ ਉਸਰੀ ਭਾਰਤ ਮਾਲਾ ਦੀ ਥਾਂ ਥਾਂ ਤੋਂ ਹੋਈ ਬੁਰੀ ਹਾਲਤ ਸਭ ਦੇ ਸਾਹਮਣੇ ਹੈ। ਇੰਨਾਂ ਦੀ ਵਾਰ ਵਾਰ ਹੋਣ ਵਾਲੀ ਮਹਿੰਗੀ ਮੁਰੰਮਤ ਮਿੱਟੀ ਦੀ ਭਰਤੀ ਵਾਲੇ ਪੁੱਲਾਂ ਤੇ ਸੜਕਾਂ ਦੇ ਸਸਤੇ ਪੈਣ ਵਾਲੀ ਦਲੀਲ ਦਾ ਥੋਥ ਨੰਗਾ ਕਰ ਰਹੀ ਹੈ।
ਰੈਡੀਕਲ ਫੋਰਮ ਦੇ ਆਗੂਆਂ ਦਾ ਕਹਿਣਾ ਹੈ ਕਿ ਮਹਿੰਗੇ ਜਾਂ ਸਸਤੇ ਵਾਲੀ ਦਲੀਲ ਤੋਂ ਵੀ ਉਪਰ ਹੈ ਕਿ ਮਿੱਟੀ ਦੀ ਭਰਤੀ ਵਾਲੇ ਪੁੱਲ ਤੇ ਸੜਕਾਂ ਜਿਥੇ ਪੰਜਾਬ ਦੀ ਹਜ਼ਾਰਾਂ ਏਕੜ ਬੇਸ਼ਕੀਮਤੀ ਜ਼ਮੀਨ ਨੂੰ ਮਿੱਟੀ ਹੇਠ ਦੱਬ ਕੇ ਬੇਕਾਰ ਕਰ ਰਹੇ ਹਨ, ਉਥੇ ਸ਼ਹਿਰਾਂ, ਕਸਬਿਆਂ ਤੇ ਪਿੰਡਾਂ ਨੂੰ ਪੱਕੇ ਤੌਰ ‘ਤੇ ਦੋ ਹਿੱਸਿਆਂ ਵਿੱਚ ਵੰਡ ਕੇ ਉਨ੍ਹਾਂ ਦੇ ਸਰੂਪ ਨੂੰ ਬੁਰੀ ਤਰ੍ਹਾਂ ਵਿਗਾੜ ਰਹੇ ਹਨ। ਹਾਲਾਂਕਿ ਇੰਨਾਂ ਕੀਮਤੀ ਵਪਾਰਕ ਜ਼ਮੀਨਾਂ ਨੂੰ ਲੋੜ ਅਨੁਸਾਰ ਪਾਰਕਿੰਗ ਬਣਾਉਣ, ਮਾਰਕੀਟ ਬਣਾਉਣ ਜਾਂ ਸ਼ਹਿਰਾਂ ਪਿੰਡਾਂ ਦੀ ਦਿੱਖ ਸੁੰਦਰ ਬਣਾਉਣ ਲਈ ਫੁੱਲ ਬੂਟੇ ਲਾਉਣ ਤੇ ਗਰੀਨ ਪਾਰਕਾਂ ਬਣਾਉਣ ਲਈ ਵਰਤਿਆ ਜਾ ਸਕਦਾ ਹੈ। ਇਸ ਲਈ ਸਬੰਧਤ ਸਰਕਾਰਾਂ ਅਤੇ ਸਿਆਸੀ ਪਾਰਟੀਆਂ ਨੂੰ ਇਸ ਅਹਿਮ ਮਸਲੇ ਵੱਲ ਤੁਰੰਤ ਬਣਦਾ ਧਿਆਨ ਦੇਣਾ ਚਾਹੀਦਾ ਹੈ।

Leave a Reply

Your email address will not be published. Required fields are marked *