11 ਨਵੰਬਰ ਨੂੰ ਚੰਡੀਗੜ੍ਹ ਐਨ ਐਚ ਐਮ ਮੁੱਖ ਦਫਤਰ ਵਿਖੇ ਕੀਤੀ ਜਾਵੇਗੀ ਸੂਬਾ ਪੱਧਰੀ ਵਿਸ਼ਾਲ ਰੋਸ ਰੈਲੀਸਿਹਤ ਮੰਤਰੀ ਦੀ ਰਿਹਾਇਸ਼ ਪਟਿਆਲਾ ਵਿਖੇ ਲੱਗੇਗਾ ਪੱਕਾ ਧਰਨਾ
ਗੁਰਦਾਸਪੁਰ, 6 ਨਵੰਬਰ (ਸਰਬਜੀਤ ਸਿੰਘ)– ਐਨ.ਐਚ.ਐਮ. ਇੰਪਲਾਈਜ਼ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਹੱਕੀ ਮੰਗਾਂ ਦੀ ਪੂਰਤੀ ਨਾ ਹੋਣ ਦੇ ਰੋਸ ਵਜੋਂ ਇਸ ਵਾਰ ਨੂੰ ਰੋਸ ਵਜੋਂ ਕਾਲੀ ਦਿਵਾਲੀ ਮਨਾਉਣਗੇ ਯੂਨੀਅਨ ਆਗੂਆਂ ਵੱਲੋਂ ਸਰਕਾਰ ਅਤੇ ਸਿਹਤ ਵਿਭਾਗ ਵਿਰੁੱਧ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕੀਤਾ ਗਿਆ ਹੈ। ਯੂਨੀਅਨ ਵੱਲੋਂ 6 ਨਵੰਬਰ ਤੋਂ ਸੰਪੂਰਨ ਤੌਰ ਤੇ ਕੰਮ ਬੰਦ ਕਰਦਿਆਂ 11 ਤਰੀਕ ਨੂੰ ਐਨ ਐਚਐਮ ਮੁੱਖ ਦਫਤਰ ਵਿਖੇ ਰੂਸ ਰੈਲੀ ਕਰਦਿਆਂ ਅਣਮਿੱਥੇ ਸਮੇਂ ਲਈ ਪੱਕਾ ਧਰਨਾ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਆਗੂ ਡਾ ਰਵਿੰਦਰ ਸਿੰਘ ਅਤੇ ਨਰਿੰਦਰ ਸਿੰਘ ਨੇ ਦੱਸਿਆ ਕਿ ਐਨ.ਐਚ.ਐਮ. ਮੁਲਾਜ਼ਮਾਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਸਬੰਧੀ ਸੰਘਰਸ਼ ਕੀਤਾ ਜਾ ਰਿਹਾ ਹੈ। ਮੁਲਾਜ਼ਮਾਂ ਦੇ ਮਸਲਿਆਂ ਦੇ ਹੱਲ ਲਈ ਸਰਕਾਰ ਵੱਲੋਂ ਇੱਕ ਵਿਸ਼ੇਸ਼ ਕਮੇਟੀ ਦਾ ਗਠਨ ਵੀ ਕੀਤਾ ਗਿਆ ਸੀ ਅਤੇ ਨੋਟੀਫਿਕੇਸ਼ਨ ਉਪਰੰਤ ਹਫਤੇ ਦੇ ਅੰਦਰ ਅੰਦਰ ਇਸ ਕਮੇਟੀ ਦੀ ਮੀਟਿੰਗ ਕਰਨ ਦਾ ਵਾਅਦਾ ਅਧਿਕਾਰੀਆਂ ਵੱਲੋਂ ਕੀਤਾ ਗਿਆ ਸੀ ਪਰ ਅਜੇ ਤੱਕ ਇਸ ਕਮੇਟੀ ਦੀ ਕੋਈ ਮੀਟਿੰਗ ਨਹੀਂ ਕੀਤੀ ਗਈ। ਇਸ ਕਾਰਨ ਮੁਲਾਜ਼ਮਾਂ ਵਿੱਚ ਸਰਕਾਰ ਅਤੇ ਸਿਹਤ ਵਿਭਾਗ ਪ੍ਰਤੀ ਭਾਰੀ ਬੇਵਿਸ਼ਵਾਸੀ ਅਤੇ ਰੋਸ ਪਾਇਆ ਜਾ ਰਿਹਾ ਹੈ।
ਆਗੂ ਡਾ ਪ੍ਰੀਤ ਮਖੀਜਾ ਨੇ ਕਿਹਾ ਕਿ ਐਨ.ਐਚ.ਐਮ. ਅਧੀਨ ਕੰਮ ਕਰਦੇ ਮੁਲਾਜ਼ਮ ਸਿਹਤ ਵਿਭਾਗ ਦੀਆਂ ਵੱਖ-ਵੱਖ ਰਾਸ਼ਟਰੀ ਸਿਹਤ ਯੋਜਨਾਵਾਂ ਅਤੇ ਸਿਹਤ ਸੇਵਾਵਾਂ ਨੂੰ ਜ਼ਮੀਨੀ ਪੱਧਰ ‘ਤੇ ਸਫਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਇਸ ਦੇ ਬਾਵਜੂਦ ਸਰਕਾਰ ਵੱਲੋਂ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਸਰਕਾਰ ਵੱਲੋਂ ਵਾਰ-ਵਾਰ ਤਕਰੀਬਨ 54 ਮੀਟਿੰਗਾਂ ਕਰਨ ਤੋਂ ਬਾਅਦ ਅਤੇ ਮੰਗਾਂ ਦੇ ਹੱਲ ਦਾ ਭਰੋਸਾ ਦੇਣ ਦੇ ਬਾਵਜੂਦ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਪਿਛਲੇ ਸਾਢੇ ਚਾਰ ਸਾਲਾਂ ਦੇ ਦੌਰਾਨ ਇਸ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਵਿੱਤੀ ਲਾਭ ਨਹੀਂ ਦਿੱਤਾ ਗਿਆ। ਸਰਕਾਰ ਮੁਲਾਜ਼ਮ ਮਾਰੂ ਨੀਤੀਆਂ ਤੇ ਉਤਾਰੂ ਹੁੰਦਿਆਂ ਆਪਣੇ ਵਾਅਦਿਆਂ ਤੋਂ ਭੱਜਦੀ ਨਜ਼ਰ ਆ ਰਹੀ ਹੈ, ਇਸ ਲਈ ਹੁਣ ਯੂਨੀਅਨ ਵੱਲੋਂ ਆਰ-ਪਾਰ ਦੀ ਲੜਾਈ ਲੜਨ ਦਾ ਫੈਸਲਾ ਕੀਤਾ ਗਿਆ ਹੈ।
ਯੂਨੀਅਨ ਵੱਲੋਂ ਐਲਾਨੇ ਗਏ ਸੰਘਰਸ਼ ਦੇ ਪ੍ਰੋਗਰਾਮ ਅਨੁਸਾਰ:
- 6 ਨਵੰਬਰ: ਸਮੂਹ ਐਨ.ਐਚ.ਐਮ. ਮੁਲਾਜ਼ਮਾਂ ਵੱਲੋਂ ਜ਼ਿਲ੍ਹਾ ਪੱਧਰ ‘ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਦੌਰਾਨ ਰੋਜ਼ਾਨਾ ਅਤੇ ਮਹੀਨਾਵਾਰ ਆਨਲਾਈਨ ਰਿਪੋਰਟਿੰਗ ਦਾ ਬਾਈਕਾਟ ਕੀਤਾ ਜਾਵੇਗਾ ਅਤੇ ਕਿਸੇ ਵੀ ਤਰ੍ਹਾਂ ਦੀ ਵਿਭਾਗੀ ਟ੍ਰੇਨਿੰਗ ਵਿੱਚ ਸ਼ਮੂਲੀਅਤ ਨਹੀਂ ਕੀਤੀ ਜਾਵੇਗੀ। ਹਰ ਤਰ੍ਹਾਂ ਦਾ ਕੰਮ ਸੰਪੂਰਨ ਤੌਰ ਤੇ ਬੰਦ ਰੱਖਿਆ ਜਾਵੇਗਾ।
- 10 ਨਵੰਬਰ: ਸਮੂਹ ਐਨ.ਐਚ.ਐਮ. ਮੁਲਾਜ਼ਮਾਂ ਵੱਲੋਂ ਵੱਖ-ਵੱਖ ਸਿਹਤ ਸੰਸਥਾਵਾਂ ਦੇ ਬਾਹਰ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਦੌਰਾਨ ਸਰਕਾਰ ਦੇ ਰੋਸ ਵਜੋਂ ਪੁਤਲੇ ਵੀ ਸਾੜੇ ਜਾਣਗੇ।
- 11 ਨਵੰਬਰ: ਸਮੂਹ ਕਰਮਚਾਰੀਆਂ ਵੱਲੋਂ ਸਾਂਝਾ ਲੀਡ ਲੈ ਕੇ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਦੇ ਮੁੱਖ ਦਫ਼ਤਰ ਵਿਖੇ ਸੂਬਾ ਪੱਧਰੀ ਰੋਸ ਧਰਨਾ ਲਗਾਇਆ ਜਾਵੇਗਾ, ਜਿਸ ਵਿੱਚ ਪੰਜਾਬ ਭਰ ਤੋਂ ਲਗਭਗ 5000 ਕਰਮਚਾਰੀ ਹਿੱਸਾ ਲੈਣਗੇ।
- ਪੰਜਾਬ ਭਰ ਦੇ ਐਨ.ਐਚ.ਐਮ. ਮੁਲਾਜ਼ਮਾਂ ਵੱਲੋਂ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਦੀ ਰਿਹਾਇਸ਼ ਪਟਿਆਲਾ ਵਿਖੇ ਪੱਕਾ ਧਰਨਾ ਲਗਾਇਆ ਜਾਵੇਗਾ। ਇਸ ਵਿੱਚ ਲੜੀਵਾਰ ਅਨੁਸਾਰ ਜ਼ਿਲ੍ਹੇ ਸ਼ਮੂਲੀਅਤ ਕਰਨਗੇ ਅਤੇ ਸਰਕਾਰ ਦੀ ਵਾਅਦਾ ਖਿਲਾਫੀ ਦੇ ਖਿਲਾਫ਼ ਆਮ ਲੋਕਾਂ ਨੂੰ ਜਾਗਰੂਕ ਕਰਨਗੇ।
ਯੂਨੀਅਨ ਆਗੂਆਂ ਨੇ ਸਪੱਸ਼ਟ ਕੀਤਾ ਕਿ ਇਹ ਰੋਸ ਪ੍ਰਦਰਸ਼ਨ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਲਿਖਤੀ ਨੋਟੀਫਿਕੇਸ਼ਨ ਰਾਹੀਂ ਪੂਰਾ ਨਹੀਂ ਕੀਤਾ ਜਾਂਦਾ। ਜੇਕਰ ਵਿਭਾਗ ਵੱਲੋਂ ਫਿਰ ਵੀ ਟਾਲਮਟੋਲ ਦੀ ਨੀਤੀ ਅਪਣਾਈ ਜਾਂਦੀ ਹੈ ਤਾਂ ਸਮੂਹ ਐਨ.ਐਚ.ਐਮ. ਮੁਲਾਜ਼ਮਾਂ ਨੂੰ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਦੇ ਹੋਏ ਮੁਕੰਮਲ ਅਤੇ ਅਣਮਿੱਥੇ ਸਮੇਂ ਲਈ ਕੰਮ ਬੰਦ ਕਰਨ ਲਈ ਮਜਬੂਰ ਹੋਣਾ ਪਵੇਗਾ, ਜਿਸ ਦੀ ਸਮੁੱਚੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੀ ਹੋਵੇਗੀ। ਮੁਲਾਜ਼ਮ ਆਗੂਆਂ ਨੇ ਪੰਜਾਬ ਸਰਕਾਰ ਨੂੰ ਚੇਤਾਇਆ ਕਿ ਜੇਕਰ ਤੁਰੰਤ ਭਲਾਈ ਕਮੇਟੀ ਦੀ ਮੀਟਿੰਗ ਕਰਕੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਸਾਰਥਕ ਹੱਲ ਨਹੀਂ ਕੀਤਾ ਜਾਂਦਾ ਤਾਂ ਉਹ ਸੰਘਰਸ਼ ਨੂੰ ਕਿਸੇ ਵੀ ਪੜਾਅ ਤੱਕ ਲਿਜਾਣ ਲਈ ਨਹੀਂ ਹਿਚਕਚਾਉਣਗੇ।

