ਗੁਰਦਾਸਪੁਰ, 1 ਅਕਤੂਬਰ (ਸਰਬਜੀਤ ਸਿੰਘ)– ਕੇਂਦਰ ਸਰਕਾਰ ਵੱਲੋਂ ਹਾੜ੍ਹੀ ਦੀਆਂ 6 ਫਸਲਾਂ ਦੇ ਭਾਅ ਵਿੱਚ ਕੀਤੇ ਗਏ ਨਿਗੂਣੇ ਜਿਹੇ ਵਾਧੇ ਉੱਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਆਗੂ ਅਤੇ ਕਿਸਾਨ ਦੇ ਜਵਾਨ ਭਲਾਈ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਕਿਸਾਨ ਲੰਬੇ ਸਮੇਂ ਤੋਂ ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਕ ਲਾਹੇਵੰਦ ਭਾਅ ਦੀ ਮੰਗ ਕਰ ਰਹੇ ਹਨ। ਪਰ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਅੱਖੋਂ ਪਰੋਖੇ ਕਰਦਿਆਂ ਹੋਇਆਂ ਜੋ ਆਉਂਦੇ ਹਾੜੀ ਸੀਜਨ ਦੌਰਾਨ ਕਣਕ ਦੀ ਫਸਲ ਦਾ 25 ਰੁਪਏ ਰੇਟ ਨਾਲ 10 ਫੀਸਦੀ ਵਾਧਾ ਕੀਤਾ ਹੈ ਇਸ ਤੋਂ ਕੇਂਦਰ ਸਰਕਾਰ ਦੀ ਕਿਸਾਨ ਵਿਰੋਧੀ ਸਮਝ ਇਕ ਵਾਰ ਫਿਰ ਜੱਗ ਜਾਹਰ ਹੋ ਗਈ ਹੈ।ਕਿਸਾਨ ਆਗੂ ਭੋਜਰਾਜ ਨੇ ਕਿਹਾ ਕਿ ਇਕ ਸਾਲ ਵਿੱਚ ਹੋਰ ਖੇਤੀ ਖਰਚਿਆਂ ਤੋਂ ਇਲਾਵਾ ਸਿਰਫ ਡੀਜਲ ਦੀ ਕੀਮਤ ਵਿੱਚ ਪ੍ਰਤੀ 100 ਲਿਟਰ 1700 ਰੁਪਏ ਵਾਧਾ ਹੋਇਆ ਹੈ ਅਤੇ ਖਾਦ ਦਵਾਈ ਲੇਬਰ ਅਤੇ ਘਰੇਲੂ ਵਰਤੋਂ ਵਿੱਚ ਆਉਣ ਵਾਲੀ ਹਰੇਕ ਵਸਤੂ ਦੀਆਂ ਕੀਮਤਾਂ ਵਿੱਚ ਕਰੀਬ 30 ਤੋਂ 40 ਫੀਸਦੀ ਸਦੀ ਵਾਧਾ ਹੋਇਆ ਹੈ। ਇਸ ਲਈ ਕੇਂਦਰ ਸਰਕਾਰ ਨੂੰ C2+ 50% ਦੇ ਫਾਰਮੂਲੇ ਨਾਲ ਸਾਰੀਆਂ ਫਸਲਾਂ ਦੇ ਭਾਅ ਤੈਅ ਕਰਨੇ ਚਾਹੀਦੇ ਹਨ।

