ਜੰਤਰ ਮੰਤਰ ਉਤੇ ਵਿਰੋਧ ਪ੍ਰਦਰਸ਼ਨ ਦੌਰਾਨ ਪੁਲਿਸ ਵਲੋਂ ਬਹੁਤ ਸਾਰੇ ਸਮਾਜਿਕ ਅਤੇ ਸਿਆਸੀ ਆਗੂਆਂ ਨੂੰ ਹਿਰਾਸਤ ਵਿੱਚ ਲੈਣ ਦਾ ਸਖ਼ਤ ਵਿਰੋਧ
ਮੋਦੀ ਸਰਕਾਰ ਅਜਿਹੇ ਹੱਥਕੰਡਿਆਂ ਨਾਲ ਦੇਸ਼ ਦੀ ਜਨਤਾ ਦੇ ਵਿਰੋਧ ਨੂੰ ਠੱਲ੍ਹ ਨਹੀਂ ਪਾ ਸਕਦੀ
ਮਾਨਸਾ, ਗੁਰਦਾਸਪੁਰ, 26 ਸਤੰਬਰ (ਸਰਬਜੀਤ ਸਿੰਘ)– ਸੀਪੀਆਈ ਐਮ ਐਲ ਲਿਬਰੇਸ਼ਨ ਅਤੇ ਹੋਰ ਸੰਗਠਨਾਂ ਨੇ ਦੇਸ਼ ਧ੍ਰੋਹੀ ਮੁੱਖ ਚੋਣ ਕਮਿਸ਼ਨਰ ਨੂੰ ਜੇਲ੍ਹ ਭੇਜਣ ਦੀ ਮੰਗ ਕੀਤੀ ਹੈ ਅਤੇ ਜੰਤਰ ਮੰਤਰ ‘ਤੇ ਧਰਨਾ ਦੇ ਰਹੇ ਉੱਘੇ ਸਮਾਜਿਕ ਅਤੇ ਸਿਆਸੀ ਆਗੂਆਂ ਨੂੰ ਪੁਲਿਸ ਵਲੋਂ ਹਿਰਾਸਤ ਵਿੱਚ ਲੈਣ ਦੀ ਸਖ਼ਤ ਨਿੰਦਾ ਕਰਦਿਆਂ ਇਥੇ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਚੌਂਕ ਵਿੱਚ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦਾ ਪੁਤਲਾ ਫੂਕਿਆ।
ਇਸ ਮੌਕੇ ਜੁੜੇ ਲੋਕਾਂ ਨੂੰ ਸੰਬੋਧਨ ਲਿਬਰੇਸ਼ਨ ਆਗੂ ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਆਰ ਐਮ ਪੀ ਆਈ ਆਗੂ ਕਾਮਰੇਡ ਆਤਮਾ ਰਾਮ, ਬਹੁਜਨ ਮੁਕਤੀ ਪਾਰਟੀ ਦੇ ਆਗੂ ਸੁਰਿੰਦਰ ਸਿੰਘ ਨੇ ਕਿਹਾ ਕਿ ਈਵੀਐਮ ਰਾਹੀਂ ਵੋਟ ਚੋਰੀ ਅਤੇ ਮੁੱਖ ਚੋਣ ਕਮਿਸ਼ਨਰ ਵਲੋਂ ਨਾਜਾਇਜ਼ ਤੌਰ ‘ਤੇ ਤੇਰਾਂ ਕਰੋੜ ਵੋਟਾਂ ਕਟਵਾ ਦੇਣ ਵਰਗੀਆਂ ਕਾਰਵਾਈਆਂ ਦੇਸ਼ ਦੇ ਸੰਵਿਧਾਨ ਤੇ ਲੋਕਤੰਤਰ ਨਾਲ ਧੋਖਾ ਹਨ। ਅਜਿਹੇ ਕੁਕਰਮ ਕਰਨ ਵਾਲੇ ਗਿਆਨੇਸ਼ ਕੁਮਾਰ ਗੁਪਤਾ ਖਿਲਾਫ ਦੇਸ਼ ਭਰ ਵਿੱਚ ਵਿਸ਼ਾਲ ਜਨਤਕ ਵਿਰੋਧ ਉਠ ਰਿਹਾ ਹੈ, ਜਿਸ ਕਰਕੇ ਸਾਡੀ ਮੰਗ ਹੈ ਕਿ ਮੁੱਖ ਚੋਣ ਕਮਿਸ਼ਨਰ ਨੂੰ ਬਰਖਾਸਤ ਕਰਕੇ ਜੇਲ੍ਹ ਵਿੱਚ ਬੰਦ ਕੀਤਾ ਜਾਵੇ ਅਤੇ ਦੂਜੇ ਦੋਵੇਂ ਚੋਣ ਕਮਿਸ਼ਨਰਾਂ ਨੂੰ ਦਰਕਿਨਾਰ ਕਰਕੇ ਮਨਮਾਨੇ ਨਵੇਂ ਨਿਯਮ ਬਣਾ ਕੇ ਬੀਜੇਪੀ ਨੂੰ ਗ਼ਲਤ ਢੰਗ ਨਾਲ ਚੋਣ ਲਈ ਜਿਤਾਉਣ ਬਦਲੇ ਗਿਆਨੇਸ਼ ਕੁਮਾਰ ਖ਼ਿਲਾਫ਼ ਮੁਕੱਦਮਾ ਚਲਾਇਆ ਜਾਵੇ।
ਇਸ ਮੌਕੇ ਲਿਬਰੇਸ਼ਨ ਪਾਰਟੀ ਦੇ ਕੇਂਦਰੀ ਕੰਟਰੋਲ ਕਮਿਸ਼ਨ ਦੇ ਮੈਂਬਰ ਕਾਮਰੇਡ ਨਛੱਤਰ ਸਿੰਘ ਖੀਵਾ, ਸੁਖਦਰਸ਼ਨ ਸਿੰਘ ਨੱਤ, ਸੁਰਿੰਦਰ ਪਾਲ ਸ਼ਰਮਾ, ਜਸਬੀਰ ਕੌਰ ਨੱਤ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਆਗੂ ਬਲਵਿੰਦਰ ਘਰਾਂਗਣਾ, ਕਾਮਰੇਡ ਅਮਰੀਕ ਸਿੰਘ ਫਫੜੇ, ਗੁਰਜੰਟ ਸਿੰਘ ਮਾਨਸਾ, ਬਿੰਦਰ ਕੌਰ ਉੱਡਤ ਭਗਤ ਰਾਮ, ਗੁਰਸੇਵਕ ਮਾਨ ਅਤੇ ਇਨਕਲਾਬੀ ਨੌਜਵਾਨ ਸਭਾ ਦੇ ਆਗੂ ਹੈਪੀ ਮਾਨ, ਹਰਵਿੰਦਰ ਸਿੰਘ, ਬੀਕੇਯੂ ਡਕੌਂਦਾ ਦੇ ਜਗਦੇਵ ਸਿੰਘ, ਜਸਵੰਤ ਸਿੰਘ, ਕਿਸਾਨ ਆਗੂ ਕਰਨੈਲ ਸਿੰਘ, ਆਟੋ ਯੂਨੀਅਨ ਦੇ ਅੰਗਰੇਜ਼ ਸਿੰਘ ਘਰਾਂਗਣਾ, ਪ੍ਰਿੰਸੀਪਲ ਗੁਰਲਾਭ ਸਿੰਘ ਤੇ ਹੋਰ ਹਾਜ਼ਰ ਸਨ।
ਇਸ ਮੌਕੇ ਜਾਰੀ ਬਿਆਨ ਵਿੱਚ ਦਸਿਆ ਗਿਆ ਹੈ ਕਿ ਦਿੱਲੀ ਪੁਲਿਸ ਵਲੋਂ ਕੱਲ ਜੰਤਰ ਮੰਤਰ ਉਤੇ ਪ੍ਰਦਰਸ਼ਨ ਕਰ ਰਹੇ ਜਿੰਨਾਂ ਆਗੂਆਂ- ਸੀਪੀਆਈ (ਐਮ ਐਲ) ਲਿਬਰੇਸ਼ਨ ਦੇ ਜਨਰਲ ਸਕੱਤਰ ਕਾਮਰੇਡ ਦੀਪਾਂਕਰ ਭੱਟਾਚਾਰੀਆ, ਆਇਸਾ ਦੀ ਕੌਮੀ ਪ੍ਰਧਾਨ ਨੇਹਾ ਬੋਰਾ, ਯੋਗੇਂਦਰ ਯਾਦਵ, ਪ੍ਰਸਿੱਧ ਵਕੀਲ ਪ੍ਰਸ਼ਾਂਤ ਭੂਸ਼ਣ, ਟਰਾਂਸਪੀਰੇਸੀ ਕਾਰਕੁਨ ਅੰਜਲੀ ਭਾਰਦਵਾਜ, ਆਲ ਇੰਡੀਆ ਕਿਸਾਨ ਮਹਾਸਭਾ ਦੇ ਜਨਰਲ ਸਕੱਤਰ ਪੁਰਸ਼ੋਤਮ ਸ਼ਰਮਾ ਅਤੇ ਦਿੱਲੀ ਦੇ ਕਈ ਵਿਦਿਆਰਥੀ ਕਾਰਕੁਨਾਂ ਤੇ ਪ੍ਰਗਤੀਸ਼ੀਲ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਬੇਸ਼ੱਕ ਉਨ੍ਹਾਂ ਨੂੰ ਦੇਰ ਰਾਤ ਰਿਹਾਅ ਕਰ ਦਿੱਤਾ ਗਿਆ, ਪਰ ਇਸ ਦੇ ਬਾਵਜੂਦ ਅੱਜ ਦੇਸ਼ ਭਰ ਵਿੱਚ ਗਿਆਨੇਸ਼ ਕੁਮਾਰ ਦੇ ਅਸਤੀਫ਼ੇ, ਉਸ ਖਿਲਾਫ ਧੋਖਾਧੜੀ ਦਾ ਕੇਸ ਦਰਜ ਕਰਨ, ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਮੁਹਿੰਮ ਨੂੰ ਤੁਰੰਤ ਰੋਕਣ ਅਤੇ ਨਾਜਾਇਜ਼ ਤੌਰ ‘ਤੇ ਕੱਟੇ ਗਏ ਹਰ ਵੋਟਰ ਦੇ ਵੋਟਿੰਗ ਅਧਿਕਾਰ ਦੀ ਬਹਾਲੀ ਦੀ ਮੰਗ ਨੂੰ ਲੈਕੇ ਰੋਸ ਪ੍ਰਦਰਸ਼ਨ ਕੀਤੇ ਗਏ ਹਨ।

