16 ਸਤੰਬਰ ਨੂੰ ਜ਼ਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ ਅਤੇ 18 ਸਤੰਬਰ ਨੂੰ ਦਿੜ੍ਹਬਾ ਵਿਖੇ ਰੋਸ ਧਰਨੇ ਦਾ ਐਲਾਨ-ਡਾ ਸੁਨੀਲ ਤਰਗੋਤਰਾ
ਗੁਰਦਾਸਪੁਰ, 14 ਸਤੰਬਰ (ਸਰਬਜੀਤ ਸਿੰਘ)— ਸੀ.ਐਚ.ਓ ਵੱਲੋਂ ਅੱਜ ਆਪਣੀਆਂ ਲੰਬੇ ਸਮੇਂ ਤੋਂ ਲੰਬਿਤ ਹੱਕੀ ਅਤੇ ਜਾਇਜ਼ ਮੰਗਾਂ ਦੇ ਹੱਲ ਸਬੰਧੀ ਸੀਨੀਅਰ ਮੈਡੀਕਲ ਅਫ਼ਸਰ ਨੂੰ ਮੈਮੋਰੰਡਮ ਸੌਂਪਿਆ ਗਿਆ। ਇਸ ਮੌਕੇ ਸੀ.ਐਚ.ਓ ਆਗੂਆਂ ਨੇ ਵਿਭਾਗ ਅਤੇ ਪੰਜਾਬ ਸਰਕਾਰ ਵੱਲੋਂ ਮੰਗਾਂ ਦੇ ਹੱਲ ਲਈ ਕੀਤੇ ਜਾ ਰਹੇ ਲਗਾਤਾਰ ਭਰੋਸਿਆਂ ਦੇ ਬਾਵਜੂਦ ਕੋਈ ਠੋਸ ਅਤੇ ਲਿਖਤੀ ਹੱਲ ਨਾ ਹੋਣ ’ਤੇ ਭਾਰੀ ਰੋਸ ਪ੍ਰਗਟ ਕੀਤਾ।
ਸੂਬਾ ਪ੍ਰਧਾਨ ਡਾ ਸੁਨੀਲ ਤਰਗੋਤਰਾ ਨੇ ਕਿਹਾ ਕਿ ਸੀ.ਐਚ.ਓ ਦੀਆਂ ਮੰਗਾਂ ਸਬੰਧੀ ਸਰਕਾਰ ਅਤੇ ਵਿਭਾਗ ਨਾਲ ਕਈ ਮੀਟਿੰਗਾਂ ਹੋ ਚੁੱਕੀਆਂ ਹਨ। ਹਰ ਵਾਰ ਮੰਗਾਂ ਦੇ ਹੱਲ ਦਾ ਭਰੋਸਾ ਦਿੱਤਾ ਜਾਂਦਾ ਹੈ, ਪਰੰਤੂ ਅਜੇ ਤੱਕ ਕਿਸੇ ਇੱਕ ਵੀ ਮੁੱਖ ਮੰਗ ਦਾ ਪੱਕਾ ਹੱਲ ਨਹੀਂ ਕੀਤਾ ਗਿਆ। ਵਾਰ-ਵਾਰ ਸਮਾਂ ਲੰਘਾਉਣ ਕਾਰਨ ਪੰਜਾਬ ਭਰ ਦੇ ਸੀ.ਐਚ.ਓ ਵਿੱਚ ਰੋਸ ਵਧਦਾ ਜਾ ਰਿਹਾ ਹੈ।
ਸੀ.ਐਚ.ਓ ਦੀਆਂ ਮੁੱਖ ਮੰਗਾਂ ਵਿੱਚ ਸੀ.ਐਚ.ਓ ਦਾ ਕੈਡਰ ਸੈਂਕਸ਼ਨ ਕਰਕੇ ਰੈਗੂਲਰ ਗ੍ਰੇਡ ਪੇ ਦੇ ਕੇ ਰੈਗੂਲਰ ਕੀਤਾ ਜਾਵੇ,ਤਨਖਾਹ ਵਿੱਚ ₹5000/- ਪ੍ਰਤੀ ਮਹੀਨਾ ਵਾਧਾ ਕੀਤਾ ਜਾਵੇ ਅਤੇ ਬਣਦਾ ਬਕਾਇਆ ਦਿੱਤਾ ਜਾਵੇ,ਲੋਇਲਟੀ ਬੋਨਸ/ਐਕਸਪੀਰੀਅੰਸ ਬੋਨਸ ਮੁੜ ਬਹਾਲ ਕੀਤਾ ਜਾਵੇ,ਇਨਸੈਂਟਿਵ ਨੂੰ ਤਨਖਾਹ ਵਿੱਚ ਮਰਜ ਕੀਤਾ ਜਾਵੇ,ਇਨਸੈਂਟਿਵ ਪਰਫਾਰਮਾ ਨੂੰ ਸੀ.ਐਚ.ਓ ਨੁਮਾਇੰਦਿਆਂ ਨਾਲ ਹੋਈ ਸਹਿਮਤੀ ਅਨੁਸਾਰ ਸੋਧਿਆ ਜਾਵੇ।
ਆਗੂਆਂ ਨੇ ਦੱਸਿਆ ਕਿ ਮੰਗਾਂ ਦੇ ਹੱਲ ਲਈ ਸੰਘਰਸ਼ ਨੂੰ ਹੋਰ ਤੇਜ਼ ਕਰਦੇ ਹੋਏ 16/09/2026 ਨੂੰ ਪੰਜਾਬ ਦੇ ਸਮੂਹ ਜ਼ਿਲ੍ਹਿਆਂ ਵਿੱਚ ਸਿਵਲ ਸਰਜਨ ਦਫ਼ਤਰਾਂ ਵਿਖੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਮੰਗ ਪੱਤਰ ਸੌਂਪਿਆ ਜਾਵੇਗਾ। ਇਸ ਤੋਂ ਬਾਅਦ 18/09/2026 ਨੂੰ ਦਿੜ੍ਹਬਾ ਵਿਖੇ ਰੋਸ ਧਰਨਾ ਅਤੇ ਰੈਲੀ ਕੀਤੀ ਜਾਵੇਗੀ, ਜਿਸ ਵਿੱਚ ਪੰਜਾਬ ਭਰ ਤੋਂ ਸੀ.ਐਚ.ਓ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ। ਸੀ.ਐਚ.ਓ ਐਸੋਸੀਏਸ਼ਨ ਪੰਜਾਬ ਨੇ ਸਪਸ਼ਟ ਕੀਤਾ ਕਿ ਸੀ.ਐਚ.ਓ ਆਪਣੀਆਂ ਜਾਇਜ਼ ਮੰਗਾਂ ਦੇ ਹੱਲ ਲਈ ਸ਼ਾਂਤਮਈ ਅਤੇ ਜਮਹੂਰੀ ਢੰਗ ਨਾਲ ਸੰਘਰਸ਼ ਕਰ ਰਹੇ ਹਨ। ਜੇਕਰ ਸਰਕਾਰ ਅਤੇ ਵਿਭਾਗ ਵੱਲੋਂ ਹੁਣ ਵੀ ਮੰਗਾਂ ਦਾ ਕੋਈ ਠੋਸ ਅਤੇ ਲਿਖਤੀ ਹੱਲ ਨਹੀਂ ਕੀਤਾ ਜਾਂਦਾ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਮਜਬੂਰ ਹੋਣਾ ਪਵੇਗਾ।
ਸੀ.ਐਚ.ਓ ਐਸੋਸੀਏਸ਼ਨ ਪੰਜਾਬ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੀ.ਐਚ.ਓ ਦੀਆਂ ਲੰਬਿਤ ਮੰਗਾਂ ਨੂੰ ਤੁਰੰਤ ਵਿਚਾਰ ਅਧੀਨ ਲੈ ਕੇ ਇਨ੍ਹਾਂ ਦਾ ਠੋਸ ਅਤੇ ਸਮਾਂਬੱਧ ਹੱਲ ਕੀਤਾ ਜਾਵੇ।


