ਗੁਰਦਾਸਪੁਰ, 7 ਸਤੰਬਰ (ਸਰਬਜੀਤ ਸਿੰਘ)— ਮੁੱਖ ਮੰਤਰੀ, ਪੰਜਾਬ ਭਗਵੰਤ ਮਾਨ ਵੱਲੋਂ ਸ਼ੁਰੂ ਕੀਤੀ ਗਈ “ਯੁੱਧ ਨਸ਼ੇ ਦੇ ਵਿਰੁੱਧ” ਮੁਹਿੰਮ ਤਹਿਤ ਅਤੇ ਡਾਇਰੈਕਟਰ ਜਨਰਲ ਪੁਲਸ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਗੁਰਦਾਸਪੁਰ ਪੁਲਸ ਨੇ ਇੰਸਪੈਕਟਰ ਜਨਰਲ ਪੁਲਸ, ਬਾਰਡਰ ਰੇਂਜ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਸਰਹੱਦੀ ਖੇਤਰ ਵਿੱਚ ਸਰਗਰਮ ਨਸ਼ਾ ਤਸਕਰੀ ਦੇ ਨੈੱਟਵਰਕ ਨੂੰ ਇੱਕ ਵੱਡਾ ਝਟਕਾ ਦਿੰਦੇ ਹੋਏ 1 ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 2 ਕਿਲੋ 760 ਗ੍ਰਾਮ ਹੈਰੋਇੰਨ ਅਤੇ 1 ਮੋਟਰਸਾਈਕਲ ਬ੍ਰਾਮਦ ਕੀਤਾ ਹੈ। ਹੈਰੋਇੰਨ ਦੀ ਇਹ ਖੇਪ ਡਰੋਨ ਰਾਹੀਂ ਮੰਗਵਾਈ ਗਈ ਸੀ।
ਆਦਿੱਤਯ, ਸੀਨੀਅਰ ਕਪਤਾਨ ਪੁਲਸ, ਗੁਰਦਾਸਪੁਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਹੱਦੀ ਖੇਤਰ ਵਿੱਚ ਡਰੋਨ ਐਕਟੀਵਿਟੀ ਦੇਖੀ ਗਈ ਸੀ। ਇਸ ਖੁਫੀਆ ਜਾਣਕਾਰੀ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਸਪੈਸ਼ਲ ਬ੍ਰਾਂਚ, ਗੁਰਦਾਸਪੁਰ ਅਤੇ ਥਾਣਾ ਬਹਿਰਾਮਪੁਰ ਦੀ ਪੁਲਸ ਟੀਮ ਵੱਲੋਂ ਰਾਵੀ ਦਰਿਆ ਦੇ ਕੰਢੇ ‘ਤੇ ਨਾਕਾਬੰਦੀ ਕਰਕੇ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਸੀ। ਇਸ ਚੈਕਿੰਗ ਦੌਰਾਨ, ਮੋਟਰਸਾਈਕਲ ‘ਤੇ ਸਵਾਰ ਇੱਕ ਸ਼ੱਕੀ ਨੌਜਵਾਨ ਨੂੰ ਪੁਲਸ ਪਾਰਟੀ ਵੱਲੋਂ ਕਾਬੂ ਕੀਤਾ ਗਿਆ। ਉਪ ਕਪਤਾਨ ਪੁਲਸ, ਦੀਨਾਨਗਰ ਦੀ ਹਾਜ਼ਰੀ ਵਿੱਚ ਕੀਤੀ ਗਈ ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ਵਿੱਚੋਂ 05 ਪੈਕਟ ਹੈਰੋਇੰਨ, ਜਿਸ ਦਾ ਵਜ਼ਨ 2 ਕਿਲੋ 760 ਗ੍ਰਾਮ ਸੀ, ਬ੍ਰਾਮਦ ਕੀਤੀ ਗਈ।
ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਨੇ ਹੈਰੋਇੰਨ ਦੀ ਇਹ ਖੇਪ ਡਰੋਨ ਰਾਹੀਂ ਮੰਗਵਾਈ ਸੀ। ਪੁਲਸ ਵੱਲੋਂ ਗ੍ਰਿਫਤਾਰ ਮੁਲਜ਼ਮ ਦਾ ਪੁਲਸ ਰਿਮਾਂਡ ਹਾਸਿਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਵੱਡੇ ਨਸ਼ਾ ਤਸਕਰੀ ਨੈੱਟਵਰਕ ਨਾਲ ਉਸ ਦੇ ਬੈਕਵਰਡ ਅਤੇ ਫਾਰਵਰਡ ਲਿੰਕਾਂ ਦਾ ਪਤਾ ਲਗਾਇਆ ਜਾ ਸਕੇ। ਇਸ ਨੈੱਟਵਰਕ ਦੇ ਹੋਰ ਮੈਂਬਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਅਤੇ ਪੂਰੀ ਸਪਲਾਈ ਚੇਨ ਨੂੰ ਤੋੜਨ ਲਈ ਠੋਸ ਯਤਨ ਕੀਤੇ ਜਾਣਗੇ।
ਸੀਨੀਅਰ ਕਪਤਾਨ ਪੁਲਸ, ਗੁਰਦਾਸਪੁਰ ਨੇ ਦੱਸਿਆ ਕਿ ਇਹ ਬ੍ਰਾਮਦਗੀ ਨਸ਼ਾ ਤਸਕਰਾਂ ਲਈ ਇੱਕ ਵੱਡਾ ਝਟਕਾ ਹੈ। ਪਿਛਲੇ ਇੱਕ ਹਫ਼ਤੇ ਦੌਰਾਨ ਗੁਰਦਾਸਪੁਰ ਪੁਲਸ ਨੇ ਨਸ਼ਾ ਤਸਕਰਾਂ ਦੇ ਨੈੱਟਵਰਕ ਵਿਰੁੱਧ ਲਗਾਤਾਰ ਅਤੇ ਸਖ਼ਤ ਕਾਰਵਾਈ ਕੀਤੀ ਹੈ, ਜਿਸ ਦੇ ਨਤੀਜੇ ਵਜੋਂ ਵਪਾਰਕ ਮਾਤਰਾ ਦੀ ਹੈਰੋਇੰਨ ਦੇ 6 ਮੁਕੱਦਮੇ ਦਰਜ ਕੀਤੇ ਗਏ ਹਨ, 7 ਮੁਲਜ਼ਮ ਗ੍ਰਿਫਤਾਰ ਕੀਤੇ ਗਏ ਹਨ ਅਤੇ ਲਗਭਗ 7.2 ਕਿਲੋ ਹੈਰੋਇੰਨ ਬ੍ਰਾਮਦ ਕੀਤੀ ਗਈ ਹੈ। ਇਸ ਤੋਂ ਇਲਾਵਾ ਇਨ੍ਹਾਂ ਕਾਰਵਾਈਆਂ ਦੌਰਾਨ 1 ਪਿਸਤੌਲ ਅਤੇ 1 ਰਿਵਾਲਵਰ ਵੀ ਬ੍ਰਾਮਦ ਕੀਤਾ ਗਿਆ ਹੈ।
ਉਨ੍ਹਾਂ ਨੇ ਅੱਗੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਗੁਰਦਾਸਪੁਰ ਪੁਲਸ ਨੇ ਨਸ਼ਾ ਤਸਕਰੀ ਦੇ ਖਿਲਾਫ ਜ਼ੀਰੋ-ਟਾਲਰੈਂਸ ਦੀ ਨੀਤੀ ਅਪਣਾਈ ਹੈ ਅਤੇ ਨਸ਼ਾ ਸਮੱਗਲਰਾਂ, ਉਨ੍ਹਾਂ ਦੇ ਸਾਥੀਆਂ ਅਤੇ ਗੈਰ-ਕਾਨੂੰਨੀ ਨਸ਼ਾ ਵਪਾਰ ਵਿੱਚ ਸ਼ਾਮਲ ਪੂਰੇ ਨੈੱਟਵਰਕ ਦਾ ਲਗਾਤਾਰ ਪਿੱਛਾ ਕਰ ਰਹੀ ਹੈ। ਇਨ੍ਹਾਂ ਚੱਲ ਰਹੀਆਂ ਕਾਰਵਾਈਆਂ ਦਾ ਉਦੇਸ਼ ਸਿਰਫ਼ ਗ੍ਰਿਫ਼ਤਾਰੀਆਂ ਕਰਨਾ ਅਤੇ ਨਸ਼ੀਲੇ ਪਦਾਰਥ ਬ੍ਰਾਮਦ ਕਰਨਾ ਹੀ ਨਹੀਂ ਹੈ, ਸਗੋਂ ਨਸ਼ਿਆਂ ਦੀ ਪੂਰੀ ਸਪਲਾਈ ਚੇਨ ਨੂੰ ਤੋੜਨਾ, ਨਸ਼ਾ ਤਸਕਰੀ ਨੂੰ ਹੱਥੀਂ ਸਹਾਇਤਾ ਦੇਣ ਵਾਲੇ ਵਿੱਤੀ ਅਤੇ ਲੌਜਿਸਟਿਕਲ ਨੈੱਟਵਰਕਾਂ ਦੀ ਪਛਾਣ ਕਰਨਾ ਅਤੇ ਸਰਹੱਦੀ ਖੇਤਰ ਵਿੱਚ ਸਰਗਰਮ ਨਸ਼ਾ ਸਿੰਡੀਕੇਟਾਂ ਨੂੰ ਖ਼ਤਮ ਕਰਨਾ ਹੈ। ਪਿਛਲੇ ਹਫ਼ਤੇ ਦੌਰਾਨ ਹੋਈਆਂ ਲਗਾਤਾਰ ਬ੍ਰਾਮਦਗੀਆਂ ਅਤੇ ਗ੍ਰਿਫ਼ਤਾਰੀਆਂ ਕੌਮਾਂਤਰੀ ਸਰਹੱਦ ਪਾਰੋਂ ਨਸ਼ਿਆਂ ਦੇ ਪ੍ਰਵਾਹ ਨੂੰ ਰੋਕਣ ਅਤੇ ਨਸ਼ਾ ਤਸਕਰੀ ਦੇ ਨੈੱਟਵਰਕ ਦੀਆਂ ਜੜ੍ਹਾਂ ‘ਤੇ ਵਾਰ ਕਰਨ ਲਈ ਗੁਰਦਾਸਪੁਰ ਪੁਲਸ ਵੱਲੋਂ ਕੀਤੀ ਜਾ ਰਹੀ ਅਣਥੱਕ, ਤਾਲਮੇਲ ਵਾਲੀ ਅਤੇ ਨਿਰੰਤਰ ਕਾਰਵਾਈ ਨੂੰ ਦਰਸਾਉਂਦੀਆਂ ਹਨ।


