ਗੁਰਦਾਸਪੁਰ, 21 ਅਗਸਤ (ਸਰਬਜੀਤ ਸਿੰਘ)– ਐਨ ਆਰ ਆਈ ਪੰਜਾਬੀਆਂ ਨੂੰ ਹੁਣ ਆਪਣੇ ਜ਼ਰੂਰੀ ਦਸਤਾਵੇਜ਼ਾਂ ਨੂੰ ਕਾਊਂਟਰ ਸਾਈਨ ਕਰਵਾਉਣ ਲਈ ਸਰਕਾਰੀ ਦਫ਼ਤਰਾਂ ਵਿੱਚ ਜਾਣ ਦੀ ਜ਼ਰੂਰਤ ਨਹੀਂ ਹੈ। ਐੱਨ ਆਰ ਆਈ ਲੋਕਾਂ ਦੀ ਇਸ ਖੱਜਲ ਖ਼ੁਆਰੀ ਨੂੰ ਖ਼ਤਮ ਕਰਨ ਲਈ ਸਰਕਾਰ ਵੱਲੋਂ ਇਕ ਆਨਲਾਈਨ ਪੋਰਟਲ ਬਣਾ ਦਿੱਤਾ ਗਿਆ ਹੈ। ਜਿਸ ਰਾਹੀਂ ਇਹ ਕੰਮ ਹੁਣ ਘਰ ਬੈਠੇ ਹੀ ਹੋ ਜਾਇਆ ਕਰੇਗਾ।ਡਿਪਟੀ ਕਮਿਸ਼ਨਰ ਗੁਰਦਾਸਪੁਰ ਉਮਾ ਸ਼ੰਕਰ ਗੁਪਤਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 25 ਅਗਸਤ, 2024 ਤੋਂ ਐੱਨ.ਆਰ.ਆਈ ਪੰਜਾਬੀ ਆਪਣੇ ਜਨਮ ਸਰਟੀਫਿਕੇਟ, ਵਿਆਹ ਸਰਟੀਫਿਕੇਟ, ਡਰਾਈਵਿੰਗ ਲਾਇਸੈਂਸ ਸਮੇਤ ਵੱਖ-ਵੱਖ ਦਸਤਾਵੇਜ਼ ਕਾਊਂਟਰ ਸਾਈਨ ਕਰਵਾਉਣ ਲਈ E-Sanad Portal (http://esanad.nic.in) ਉੱਤੇ ਆਨਲਾਈਨ ਅਪਲਾਈ ਕਰ ਸਕਦੇ ਹਨ। ਅਜਿਹੀਆਂ ਅਰਜ਼ੀਆਂ ਹੁਣ ਸੇਵਾ ਕੇਂਦਰਾਂ ਵਿੱਚ ਨਹੀਂ ਲਈਆਂ ਜਾਣਗੀਆਂ। ਆਨਲਾਈਨ ਅਪਲਾਈ ਕਰਨ ਉੱਤੇ ਅਰਜ਼ੀ ਕਰਤਾ ਨੂੰ ਇਕ ਰਸੀਦ ਨੰਬਰ ਮਿਲ ਜਾਇਆ ਕਰੇਗਾ। ਹਰੇਕ ਪੱਧਰ ਦੀ ਕਾਰਵਾਈ ਆਨਲਾਈਨ ਹੋਇਆ ਕਰੇਗੀ। ਇੱਥੋਂ ਤੱਕ ਕਿ ਅਰਜ਼ੀ ਕਰਤਾ ਨੂੰ ਚੰਡੀਗੜ੍ਹ ਜਾਂ ਦਿੱਲੀ ਵੀ ਨਹੀਂ ਜਾਣਾ ਪਵੇਗਾ। ਕਾਊਂਟਰ ਸਾਈਨ ਹੋਣ ਉਪਰੰਤ ਦਸਤਾਵੇਜ਼ ਈਮੇਲ ਅਤੇ ਹੋਰ ਮਾਧਿਅਮਾਂ ਰਾਹੀਂ ਅਰਜ਼ੀ ਕਰਤਾ ਨੂੰ ਮਿਲ ਜਾਇਆ ਕਰੇਗਾ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਹਿਲਾਂ ਅਰਜ਼ੀ ਕਰਤਾ ਸੇਵਾ ਕੇਂਦਰ ਵਿੱਚ ਜਾ ਕੇ ਖ਼ੁਦ ਅਪਲਾਈ ਕਰਦਾ ਸੀ। ਉਸ ਤੋਂ ਬਾਅਦ ਉਸਨੂੰ ਆਪਣੀ ਅਰਜ਼ੀ ਲੈ ਕੇ ਚੰਡੀਗੜ੍ਹ ਅਤੇ ਪਟਿਆਲਾ ਹਾਊਸ, ਦਿੱਲੀ ਵੀ ਖ਼ੁਦ ਹੀ ਜਾਣਾ ਪੈਂਦਾ ਸੀ। ਇਸ ਨਾਲ ਉਨ੍ਹਾਂ ਦਾ ਸਮਾਂ ਅਤੇ ਪੈਸੇ ਦੀ ਬਰਬਾਦੀ ਦੇ ਨਾਲ ਨਾਲ ਕਾਫ਼ੀ ਖੱਜਲ ਖ਼ੁਆਰੀ ਹੁੰਦੀ ਸੀ। ਡਿਪਟੀ ਕਮਿਸ਼ਨਰ ਉਮਾ ਸ਼ੰਕਰ ਗੁਪਤਾ ਨੇ ਸਮੂਹ ਐੱਨ.ਆਰ.ਆਈ. ਪੰਜਾਬੀਆਂ ਨੂੰ ਇਸ ਸਹੂਲਤ ਦਾ ਲਾਭ ਲੈਣ ਦੀ ਅਪੀਲ ਕੀਤੀ ਹੈ।