ਖੇਡਾਂ ਵਤਨ ਪੰਜਾਬ ਦੀਆਂ ਵਿੱਚ ਅੰਡਰ-14, 17, 21, 21-40, 41-50 ਅਤੇ 50 ਸਾਲ ਤੋਂ ਵੱਧ ਉਮਰ ਵਰਗ ਦੇ ਖਿਡਾਰੀ ਭਾਗ ਲੈ ਸਕਦੇ ਹਨ – ਏ.ਡੀ.ਸੀ.

ਗੁਰਦਾਸਪੁਰ

ਖੇਡਾਂ ਵਿੱਚ ਭਾਗ ਲੈਣ ਵਾਲਾ ਹਰ ਖਿਡਾਰੀ ਆਪਣਾ ਨਾਮ ਖੇਡ ਵਿਭਾਗ ਦੇ ਪੋਰਟਲ ’ਤੇ 30 ਅਗਸਤ ਤੱਕ ਰਜਿਸਟਰਡ ਜਰੂਰ ਕਰੇ

ਗੁਰਦਾਸਪੁਰ, 27 ਅਗਸਤ (ਸਰਬਜੀਤ ਸਿੰਘ) – ‘ਖੇਡਾਂ ਵਤਨ ਪੰਜਾਬ ਦੀਆਂ’ ਦੀਆਂ ਤਿਆਰੀਆਂ ਦਾ ਜਾਇਜਾ ਲੈਣ ਲਈ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀਮਤੀ ਪਰਮਜੀਤ ਕੌਰ ਵੱਲੋਂ ਅੱਜ ਦੀਨਾਨਗਰ ਵਿਖੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਏ.ਡੀ.ਸੀ. ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਖੇਡਾਂ ਮੈਦਾਨਾਂ ਦੀ ਤਿਆਰੀ, ਖਿਡਾਰੀਆਂ ਦੀ ਟ੍ਰਾਂਸਪੋਰਟੇਸ਼ਨ, ਰਿਫਰੈਸ਼ਮੈਂਟ ਆਦਿ ਸਬੰਧੀ ਪ੍ਰਬੰਧਾਂ ਨੂੰ ਸਮਾਂ ਰਹਿੰਦੇ ਮੁਕੰਮਲ ਕਰ ਲੈਣ।

ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀਮਤੀ ਪਰਮਜੀਤ ਕੌਰ ਨੇ ਦੱਸਿਆ ਕਿ ਜ਼ਿਲਾ ਗੁਰਦਾਸਪੁਰ ਵਿੱਚ ਸਰਕਾਰੀ ਕਾਲਜ ਗੁਰਦਾਸਪੁਰ ਦੇ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਸਟੇਡੀਅਮ, ਐੱਸ.ਐੱਸ.ਐੱਮ. ਕਾਲਜ ਦੀਨਾਨਗਰ, ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੀਆਂ) ਦੀਨਾਨਗਰ, ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਕਾਲਾਬਾਲਾ, ਸਪੋਰਟਸ ਸਟੇਡੀਅਮ ਕਾਦੀਆਂ, ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਲੜਕੇ ਘੁਮਾਣ, ਗੁਰੂ ਨਾਨਕ ਕਾਲਜ ਸਟੇਡੀਅਮ ਕਾਲਾ ਅਫ਼ਗਾਨਾ, ਆਈ.ਟੀ.ਆਈ. ਬਟਾਲਾ, ਰਾਜੀਵ ਗਾਂਧੀ ਸਟੇਡੀਅਮ ਬਟਾਲਾ, ਕੋਟਲਾ ਸ਼ਾਹੀਆਂ ਸਟੇਡੀਅਮ, ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਲੜਕੇ ਡੇਰਾ ਬਾਬਾ ਨਾਨਕ, ਬਾਬਾ ਕਾਰ ਸਿੰਘ ਸਟੇਡੀਅਮ ਕਲਾਨੌਰ, ਸ਼ਹੀਦ ਭਗਤ ਸਿੰਘ ਸਟੇਡੀਅਮ ਕਲਾਨੌਰ, ਨਵੋਦਿਆ ਸਕੂਲ ਅਤੇ ਬਾਬਾ ਅਜੇ ਸਿੰਘ ਖ਼ਾਲਸਾ ਕਾਲਜ ਗੁਰਦਾਸ ਨੰਗਲ ਦੇ ਖੇਡ ਮੈਦਾਨਾਂ ਵਿੱਚ ‘ਖੇਡਾਂ ਵਤਨ ਪੰਜਾਬ ਦੀਆਂ’ ਕਰਵਾਈਆਂ ਜਾਣਗੀਆਂ।

ਏ.ਡੀ.ਸੀ. ਸ੍ਰੀਮਤੀ ਪਰਮਜੀਤ ਕੌਰ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਵਿੱਚ ਫੁੱਟਬਾਲ, ਅਥਲੈਟਿਕਸ, ਖੋਹ-ਖੋਹ, ਕਬੱਡੀ, ਵਾਲੀਬਾਲ, ਕਬੱਡੀ ਨੈਸ਼ਨਲ ਸਟਾਈਲ ਅਤੇ ਰੱਸਾ-ਕੱਸੀ ਦੇ ਬਲਾਕ ਪੱਧਰੀ ਖੇਡ ਮੁਕਾਬਲੇ ਕਰਵਾਏ ਜਾਣਗੇ ਅਤੇ ਖੇਡ ਮੁਕਾਬਲਿਆਂ ਵਿੱਚ ਅੰਡਰ-14, 17, 21, 21-40, 41-50 ਅਤੇ 50 ਸਾਲ ਤੋਂ ਵੱਧ ਉਮਰ ਵਰਗ ਦੇ ਖਿਡਾਰੀ ਭਾਗ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ 01 ਸਤੰਬਰ ਤੋਂ ਲੈ ਕੇ 07 ਸਤੰਬਰ 2022 ਤੱਕ ਬਲਾਕ ਪੱਧਰੀ ਮੁਕਾਬਲੇ ਕਰਵਾਏ ਜਾਣਗੇ ਜਦਕਿ ਇਸ ਉਪਰੰਤ 12 ਸਤੰਬਰ ਤੋਂ ਲੈ ਕੇ 21 ਸਤੰਬਰ 2022 ਤੱਕ ਜ਼ਿਲਾ ਪੱਧਰੀ ਖੇਡ ਮੁਕਾਬਲਿਆਂ ਦਾ ਆਯੋਜਨ ਕੀਤਾ ਜਾਵੇਗਾ।

ਵਧੀਕ ਡਿਪਟੀ ਕਮਿਸ਼ਨਰ ਨੇ ਜ਼ਿਲੇ ਦੇ ਸਮੂਹ ਖਿਡਾਰੀਆਂ ਅਤੇ ਖਿਡਾਰਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਹਿੱਸਾ ਲੈਣ ਲਈ ਖੇਡ ਵਿਭਾਗ ਦੇ ਆਨ-ਲਾਈਨ ਪੋਰਟਲ www.punjabkhedmela2022.in ’ਤੇ 30 ਅਗਸਤ ਨੂੰ ਸ਼ਾਮ 5 ਵਜੇ ਤੱਕ ਆਪਣਾ ਨਾਮ ਜਰੂਰ ਰਜਿਸਟਰਡ ਕਰਨ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਖੇਡ ਦਫ਼ਤਰ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *