ਗੁਰਦਾਸਪੁਰ,7 ਦਸੰਬਰ (ਸਰਬਜੀਤ ਸਿੰਘ) – ਪਸ਼ੂ ਪਾਲਣ ਵਿਭਾਗ ਨੇ ਸਰਦੀਆਂ ਦੇ ਮੌਸਮ ਨੂੰ ਮੁੱਖ ਰੱਖਦਿਆਂ ਪਸ਼ੂ ਪਾਲਕਾਂ ਨੂੰ ਆਪਣੇ ਪਸ਼ੂਆਂ ਦੀ ਸੰਭਾਲ ਲਈ ਸਲਾਹ (ਐਡਵਾਈਜ਼ਰੀ) ਦਿੱਤੀ ਹੈ। ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟ ਡਾ. ਸ਼ਾਮ ਸਿੰਘ ਨੇ ਸਰਦੀਆਂ ਦੇ ਮੌਸਮ ਵਿੱਚ ਪਸ਼ੂਆਂ ਦੀ ਸੰਭਾਲ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਨਵਜੰਮੇ ਕੱਟੜੂ-ਵੱਛੜੂ ਠੰਡ ਵਿੱਚ ਜਲਦੀ ਨਮੂਨੀਏ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਜ਼ਿਆਦਾ ਮੌਤਾਂ ਇਸ ਕਾਰਨ ਹੀ ਹੁੰਦੀਆਂ ਹਨ। ਉਨਾਂ ਨੂੰ ਸਾਫ਼-ਸੁਥਰੀ ਸੁੱਕੀ ਜਗ੍ਹਾ ਉਤੇ ਰੱਖੋ, ਰਾਤ ਨੂੰ ਪਸ਼ੂਆਂ ਨੂੰ ਅੰਦਰ ਰੱਖੋ ਅਤੇ ਦਿਨੇ ਧੁੱਪ ਵਿੱਚ ਬੰਨੋ ਜੇ ਲੋੜ ਪਵੇ ਤਾਂ ਸ਼ੈੱਡ ਦੇ ਪਾਸਿਆਂ ਉਤੇ ਪੱਲੀ ਵੀ ਲਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾ ਠੰਡ ਵਿੱਚ ਪਸ਼ੂਆਂ ਉਪਰ ਝੁੱਲ ਵੀ ਪਾਏ ਜਾ ਸਕਦੇ ਹਨ।
ਡਾ. ਸ਼ਾਮ ਸਿੰਘ ਨੇ ਕਿਹਾ ਕਿ ਪਸ਼ੂਆਂ ਨੂੰ ਸਵੇਰੇ-ਸ਼ਾਮ ਦੁੱਧ ਚੋਣ ਵੇਲੇ ਦੇਖਣਾ ਚਾਹੀਦਾ ਹੈ ਜੇ ਪਸ਼ੂ ਤਾਰਾਂ ਕਰਦਾ ਹੋਵੇ ਤਾਂ ਉਸ ਨੂੰ ਗਰਭਦਾਨ ਦਾ ਟੀਕਾ ਲਗਵਾਉਣਾ ਚਾਹੀਦਾ ਹੈ। ਪਸ਼ੂਆਂ ਦਾ ਦੁੱਧ ਚੋਣ ਤੋਂ ਬਾਅਦ ਥਣਾਂ ਉਪਰ ਦੁੱਧ ਨਾ ਲਗਾਓ। ਫਟੇ ਹੋਏ ਜਾਂ ਜਖਮੀ ਥਣਾਂ ਨੂੰ ਗਲਿਸਰੀਨ ਅਤੇ ਬੀਟਾਡੀਨ (1:3) ਦੇ ਘੋਲ ਵਿੱਚ ਡੋਬਾ ਦੇ ਕੇ ਠੀਕ ਕੀਤਾ ਜਾ ਸਕਦਾ ਹੈ। ਪਸ਼ੂਆਂ ਨੂੰ ਅਫ਼ਾਰੇ ਤੋਂ ਬਚਾਉਣ ਲਈ ਕੁਤਰੀ ਹੋਈ ਬਰਸੀਮ ਵਿੱਚ ਤੂੜੀ ਰਲਾ ਕੇ ਖੁਆਉਣੀ ਚਾਹੀਦੀ ਹੈ। ਉਨਾਂ ਕਿਹਾ ਕਿ ਪਸ਼ੂਆਂ ਨੂੰ ਗਿਲੇ ਚਾਰੇ ਤੋਂ ਪ੍ਰਹੇਜ਼ ਕਰੋ। ਸਰਦੀਆਂ ਵਿੱਚ ਪਸ਼ੂ ਖੁਰਾਕ ਵਿੱਚ ਪ੍ਰੋਟੀਨ ਦੀ ਮਾਤਰਾ ਘਟਾਈ ਜਾ ਸਕਦੀ ਹੈ ਕਿਉਂਕਿ ਬਰਸੀਮ, ਲੂਸਣ, ਰਾਈ ਘਾਹ ਆਦਿ ਚਾਰਿਆਂ ਵਿੱਚ 19-21% ਪ੍ਰੋਟੀਨ ਕੁਦਰਤੀ ਹੁੰਦੀ ਹੈ। ਪਸ਼ੂਆਂ ਨੂੰ ਇਕੱਲੀ ਪਰਾਲੀ ਨਾ ਪਾਓ ਕਿਉਂਕਿ ਪਰਾਲੀ ਵਿੱਚ ਮਿੱਟੀ ਹੋਣ ਕਰਕੇ ਪਸੂਆਂ ਨੂੰ ਮੋਕ ਵੀ ਲੱਗ ਸਕਦੀ ਹੈ ਅਤੇ ਡੇਗਨੇਲਾ ਬਿਮਾਰੀ ਵੀ ਹੋ ਸਕਦੀ ਹੈ।
ਡਾ. ਸ਼ਾਮ ਸਿੰਘ ਨੇ ਕਿਹਾ ਕਿ ਵੱਡੇ ਪਸ਼ੂਆਂ ਅਤੇ ਤਿੰਨ ਮਹੀਨੇ ਤੋਂ ਉੱਪਰ ਦੇ ਬੱਚਿਆਂ ਨੂੰ ਮੂੰਹ-ਖ਼ੁਰ ਦੇ ਟੀਕੇ ਲਗਵਾਓ। 15 ਦਿਨ ਦੇ ਛੋਟੇ ਕਟੜੂ/ਵਛੜੂ ਮਲੱਪ ਰਹਿਤ ਕਰੋ। ਸੂਣ ਦੇ ਨੇੜੇ ਗੱਭਣ ਪਸ਼ੂ ਦੀ ਖੁਰਾਕ ਵਿੱਚ 8-12 ਗ੍ਰਾਮ ਨਾਇਆਸਿਨ, 15- 30 ਗ੍ਰਾਮ ਕੋਲੀਨ ਕਲੋਰਾਈਡ ਅਤੇ 500 ਯੂਨਿਟ ਵਿਟਾਮਿਨ ਈ ਪਾਓ। ਗਰਭ ਕਾਲ ਦੇ ਅਖੀਰਲੇ 21 ਦਿਨਾਂ ਦੌਰਾਨ ਨਮਕ, ਮਿੱਠਾ ਸੋਡਾ, ਧਾਤਾਂ ਦਾ ਚੂਰਾ ਜਾਂ ਕੈਲਸ਼ੀਅਮ ਕਿਸੇ ਵੀ ਰੂਪ ਵਿੱਚ ਨਾ ਦਿਓ। ਸੂਤਕੀ ਬੁਖਾਰ ਤੋਂ ਬਚਾਅ ਲਈ ਇਕੱਲੇ ਫਲੀਦਾਰ ਚਾਰੇ ਨਾ ਪਾਓ ਅਤੇ ਵਿੱਚ ਕੋਈ ਹੋਰ ਚਾਰਾ ਜਾਂ ਸਾਈਲੇਜ ਮਿਕਸ ਕਰ ਕੇ ਪਾਓ। ਉਨ੍ਹਾਂ ਕਿਹਾ ਕਿ ਪਸ਼ੂ ਪਾਲਕਾਂ ਨੂੰ ਉਪਰੋਕਤ ਸਾਵਧਾਨੀਆਂ ਦੀ ਪਾਲਣਾ ਕਰਨੀ ਚਾਹੀਦੀ ਹੈ।