ਗੁਰਦਾਸਪੁਰ, 16 ਜੂਨ ( ਸਰਬਜੀਤ ਸਿੰਘ)– ਸੀ ਪੀ ਆਈ ਐਮ ਐਲ ਲਿਬਰੇਸ਼ਨ ਨੇ ਪੰਜਾਬ ਸਰਕਾਰ ਵੱਲੋਂ ਲੋਕ ਸਭਾ ਚੋਣਾਂ ਹੋਣ ਪਿੱਛੋਂ ਫੌਰੀ ਬਿਜਲੀ ਦਰਾਂ ਵਿਚ ਕੀਤੇ ਵਾਧੇ ਨੂੰ ਆਪਣੀ ਹਾਰ ਦਾ ਪੰਜਾਬੀਆਂ ਤੋਂ ਬਦਲਾ ਲੈਣ ਦੀ ਕਾਰਵਾਈ ਕਿਹਾ ਹੈ।
ਇਸ ਬਾਬਤ ਪ੍ਰੈਸ ਬਿਆਨ ਜਾਰੀ ਕਰਦਿਆਂ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਬਿਜਲੀ ਦੇ 600 ਯੂਨਿਟ ਮੁਆਫ਼ ਕਰਨ ਦੇ ਘਾਟੇ ਦੀ ਪੂਰਤੀ ਲਈ ਮਾਨ ਸਰਕਾਰ ਬਿਜਲੀ ਦਰਾਂ ਵਿਚ ਹੁਣ ਤੱਕ ਦੂਸਰੀ ਵਾਰ ਵਾਧਾ ਕਰ ਚੁੱਕੀ ਹੈ ਜਿਸ ਵਾਧੇ ਦਾ ਸਿਧਾ ਬੋਝ ਮੱਧ ਵਰਗ ਅਤੇ ਸਨਅਤਕਾਰਾਂ ਉਪਰ ਪਵੇਗਾ ਜਦੋਂ ਕਿ ਪੰਜਾਬ ਦੀ ਸਨਅਤ ਪਹਿਲਾਂ ਹੀ ਹਟਕੋਰਿਆਂ ਨਾਲ ਚਲ ਰਹੀ ਹੈ। ਪਿਛਲੇ ਸਮੇਂ ਤੋਂ ਸਨਅਤਕਾਰਾਂ ਉਪਰ ਤਰ੍ਹਾਂ ਤਰ੍ਹਾਂ ਦੇ ਲਾਏ ਗਏ ਟੈਕਸਾਂ ਕਾਰਨ ਪੰਜਾਬ ਵਿੱਚ ਹਜ਼ਾਰਾਂ ਸਨਅਤਾ ਬੰਦ ਹੋ ਚੁਕੀਆਂ ਹਨ ਅਤੇ ਬਹੁਤ ਸਾਰੇ ਅਦਾਰੇ ਕੇਂਦਰ ਸਰਕਾਰ ਦੀ ਸਪੈਸ਼ਲ ਛੋਟ ਹਾਸਲ ਪ੍ਰਾਂਤ ਹਿਮਾਚਲ ਪ੍ਰਦੇਸ਼ ਵਿਚ ਹਿਜਰਤ ਕਰ ਚੁੱਕੇ ਹਨ। ਬੱਖਤਪੁਰਾ ਨੇ ਕਿਹਾ ਕਿ ਸਨਅਤ ਦੀ ਬਰਬਾਦੀ ਦਾ ਅਰਥ ਹੈ, ਬੇਰੁਜ਼ਗਾਰੀ ਵਿਚ ਵਾਧਾ ਜੋ ਪੰਜਾਬ ਲਈ ਬਹੁਤ ਘਾਤਕ ਹੈ। ਉਨ੍ਹਾਂ ਪੰਜਾਬ ਦੇ ਸਨਅਤਕਾਰਾਂ ਨੂੰ ਮਾਨ ਸਰਕਾਰ ਵਿਰੁੱਧ ਸੰਘਰਸ਼ ਕਰਨ ਦਾ ਸੱਦਾ ਦਿੱਤਾ ਜਿਸ ਸੰਘਰਸ਼ ਵਿਚ ਲਿਬਰੇਸ਼ਨ ਸਨਅਤਕਾਰਾਂ ਨਾਲ ਖਿੜੇਗਾ। ਲਿਬਰੇਸ਼ਨ ਨੇ ਮਾਨ ਸਰਕਾਰ ਤੋਂ ਪੰਜਾਬ ਦੀ ਸਨਅਤ ਅਤੇ ਮੱਧ ਵਰਗ ਦੇ ਹਿੱਤ ਵਿੱਚ ਬਿਜਲੀ ਦਰਾਂ ਵਿਚ ਕੀਤਾ ਵਾਧਾ ਵਾਪਸ ਲੈਣ ਦੀ ਮੰਗ ਕੀਤੀ।