ਪ੍ਰੋਜੈਕਟ ਗਿਆਨਦੀਪ ਤਹਿਤ ਐਨ.ਜੀ.ਓ ਵੱਲੋਂ ਹੜ੍ਹ ਪ੍ਰਭਾਵਿਤ ਸਰਕਾਰੀ ਸਕੂਲਾਂ ਦੀ ਇਮਾਰਤ ਦੀ ਨਵੀਂ ਉਸਾਰੀ ਕਰਕੇ ਸਿੱਖਿਆ ਵਿਭਾਗ ਨੂੰ ਸੌਂਪੇ

ਮਾਝਾ

ਡੇਰਾ ਬਾਬਾ ਨਾਨਕ, ਗੁਰਦਾਸਪੁਰ, 25 ਅਗਸਤ (ਸਰਬਜੀਤ ਸਿੰਘ)– ਬੀਤੇ ਸਾਲ ਸਰਹੱਦੀ ਖ਼ੇਤਰ ਡੇਰਾ ਬਾਬਾ ਨਾਨਕ ਵਿਖੇ ਹੜ੍ਹਾਂ ਕਾਰਨ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਨੂੰ ਬਹੁਤ ਨੁਕਸਾਨ ਹੋਣ ਕਾਰਨ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਸੀ। ਇਸ ਦੌਰਾਨ ਸਮਾਜ ਸੇਵੀ ਸੰਸਥਾਵਾਂ ਮਹਿੰਦਰਾ ਐਂਡ ਮਹਿੰਦਰਾ ਤੇ ਸਵਰਾਜ ਵੱਲੋਂ ਸਿੱਖਿਆ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਪੰਜਾਬ ਭਰ ਵਿੱਚ ਸਕੂਲ ਅਡਾਪਟ ਕੀਤੇ ਗਏ ਸਨ। ਇਸ ਲੜੀ ਤਹਿਤ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਡੇਰਾ ਬਾਬਾ ਨਾਨਕ ਦੇ ਸਰਕਾਰੀ ਪ੍ਰਾਇਮਰੀ ਸਕੂਲ ਸਿੰਘਪੁਰਾ ਤੇ ਸਰਕਾਰੀ ਪ੍ਰਾਇਮਰੀ ਸਕੂਲ ਮਨਸੂਰਕੇ ਦੀ ਇਮਾਰਤ ਦੀ ਨਵੀਂ ਉਸਾਰੀ ਕਰਵਾ ਕੇ ਸਿੱਖਿਆ ਵਿਭਾਗ ਨੂੰ ਸੌਂਪੇ ਗਏ ਹਨ।

ਇਸ ਮੌਕੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਪਰਮਜੀਤ ਨੇ ਦੱਸਿਆ ਬੀਤੇ ਸਾਲ ਆਏ ਹੜ੍ਹਾਂ ਕਾਰਨ ਸਕੂਲਾਂ ਦਾ ਕਾਫ਼ੀ ਨੁਕਸਾਨ ਹੋਇਆ ਸੀ। ਅਜਿਹੇ ਸਮੇਂ ਮਹਿੰਦਰਾ ਐਂਡ ਮਹਿੰਦਰਾ ਤੇ ਸਵਰਾਜ ਗਰੁੱਪ ਦੀ ਐਨ.ਜੀ.ਓ. ਟੀਮ ਵੱਲੋਂ ਪ੍ਰੋਜੈਕਟ ਗਿਆਨਦੀਪ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਸਿੰਘਪੁਰਾ ਤੇ ਸਰਕਾਰੀ ਪ੍ਰਾਇਮਰੀ ਸਕੂਲ ਮਨਸੂਰਕੇ ਵਿਖੇ ਸਮਾਰਟ ਕਲਾਸਰੂਮ , ਡੈਸਕ ਆਧੁਨਿਕ ਸਾਫ਼ ਸੁਥਰੇ ਬਾਥਰੂਮ ਸਮੇਤ ਹਰ ਚੀਜ਼ ਦੀ ਨਵੀਂ ਉਸਾਰੀ ਕਰਵਾ ਕੇ ਵਿਭਾਗ ਨੂੰ ਸੌਂਪੇ ਗਏ ਹਨ। ਇਸ ਦੌਰਾਨ ਕੰਪਨੀ ਦੇ ਆਹਲਾ ਅਧਿਕਾਰੀਆਂ ਵੱਲੋਂ ਪਹੁੰਚ ਕੇ ਨਵੀਆਂ ਬਣੀਆਂ ਇਮਾਰਤਾਂ ਦਾ ਉਦਘਾਟਨ ਕੀਤਾ। ਉਨ੍ਹਾਂ ਇਸ ਉੱਪਰਲੇ ਲਈ ਮਹਿੰਦਰਾ ਐਂਡ ਮਹਿੰਦਰਾ ਤੇ ਸਵਰਾਜ ਕੰਪਨੀ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ। ਇਸ ਦੌਰਾਨ ਬੱਚਿਆਂ ਨੂੰ ਕਿੱਟਾਂ ਵੀ ਵੰਡੀਆਂ ਗਈਆਂ। ਇਸ ਮੌਕੇ ਜੇ.ਈ. ਪਰਮਿੰਦਰ ਸਿੰਘ, ਸਮਾਰਟ ਸਕੂਲ ਕੋਆਰਡੀਨੇਟਰ ਸੁਲੱਖਣ ਸਿੰਘ ਸੈਣੀ, ਜ਼ਿਲ੍ਹਾ ਮੀਡੀਆ ਇੰਚਾਰਜ ਗਗਨਦੀਪ ਸਿੰਘ, ਮੈਡਮ ਕੁਲਵਿੰਦਰ ਕੌਰ, ਅਧਿਆਪਕਾ ਮਨਦੀਪ ਕੌਰ, ਹਰਸਿਮਰਨ ਕੌਰ, ਕੁਲਵਿੰਦਰ ਕੌਰ,ਰਾਜਨਦੀਪ ਕੌਰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *