ਤਪਾ ਮੰਡੀ, ਗੁਰਦਾਸਪੁਰ, 26 ਮਈ (ਸਰਬਜੀਤ ਸਿੰਘ)– ਸੀ ਪੀ ਆਈ (ਐਮ ਐਲ ) ਰੈੱਡ ਸਟਾਰ ਦੀ ਅਗਵਾਈ ਹੇਠ ਤਪਾ ਮੰਡੀ ਵਿਖੇ ਨਕਸਲਬਾੜੀ ਲਹਿਰ ਦੀ 57ਵੀਂ ਵਰੇਗੰਢ ਮੌਕੇ ਪਾਰਟੀ ਵਰਕਰਾਂ ਦੀ ਭਰਵੀਂ ਮੀਟਿੰਗ ਕੀਤੀ ਗਈ। ਮੀਟਿੰਗ ਦੀ ਸ਼ੁਰੂਆਤ ਨਕਸਲਬਾੜੀ ਲਹਿਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਕੇ ਸਿਜਦਾ ਕੀਤਾ ਗਿਆ ਅਤੇ ਅਜਮੇਰ ਅਕਲੀਆ ਨੇ ਇਨਕਲਾਬੀ ਗੀਤ ਪੇਸ਼ ਕੀਤੇ।
ਮੀਟਿੰਗ ਨੂੰ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ 1947 ਦੀ ਸਤਾ ਬਦਲੀ ਤੋਂ ਬਾਅਦ ਦੇਸ਼ ਗਹਿਰੇ ਆਰਥਿਕ ਸੰਕਟ ਅਤੇ ਅਨਾਜ ਸੰਕਟ ਦੇ ਨਾਲ ਜੂਝ ਰਿਹਾ ਸੀ ਅਤੇ ਹਰ ਸਾਲ ਲੱਖਾਂ ਗ਼ਰੀਬ ਅਤੇ ਬੇਜ਼ਮੀਨੇ ਲੋਕ ਭੁੱਖਮਰੀ ਦੇ ਕਾਰਣ ਮੌਤ ਦੇ ਮੂੰਹ ਵਿੱਚ ਜਾ ਰਹੇ ਸਨ। ਨਕਸਲਬਾੜੀ ਦੀ ਕਿਸਾਨ ਬਗ਼ਾਵਤ ਨੇ ਕਾਣੀ ਵੰਡ ਦੀਆਂ ਲੀਹਾਂ ਤੇ ਉਸਰੇ ਰਾਜਨੀਤਕ ਪ੍ਰਬੰਧ ਨੂੰ ਖ਼ਤਮ ਕਰਨ ਲਈ ਦੇਸ਼ ਦੀ ਦੱਬੀ ਕੁਚਲੀ ਜਨਤਾ ਵਿੱਚ ਜਾਗਰਤੀ ਪੈਦਾ ਕਰਕੇ, ਲੱਖਾਂ ਮਜ਼ਦੂਰਾਂ -ਕਿਸਾਨਾ, ਵਿਦਿਆਰਥੀਆਂ, ਨੌਜਵਾਨਾਂ ਅਤੇ ਬੁੱਧੀਜੀਵੀਆਂ ਨੂੰ ਆਪਣੀ ਬੁੱਕਲ ਵਿੱਚ ਸਮੋ ਲਿਆ ਸੀ ਅਤੇ ਇਨਕਲਾਬ ਦੇ ਏਜੰਡੇ ਨੂੰ ਮੁੜ ਸੁਰਜੀਤ ਕਰ ਦਿੱਤਾ ਸੀ। ਆਗੂ ਨੇ ਕਿਹਾ ਕਿ ਇਹ ਕੋਈ ਆਮ ਬਗ਼ਾਵਤ ਨਹੀਂ ਸੀ। ਇਸਦਾ ਇਤਿਹਾਸਕ ਕਾਰਣ ਇਹ ਸੀ ਕਿ ਦੇਸ਼ ਵਿੱਚ ਪੈਦਾਵਾਰੀ ਸਾਧਨਾਂ ਅਤੇ ਜ਼ਮੀਨ ਦੀ ਕਾਣੀ ਵੰਡ ਦਾ ਸਵਾਲ ਉੱਭਰ ਕੇ ਸਾਹਮਣੇ ਆਇਆ ਸੀ। ਇਹ ਲਹਿਰ ਸਮੁੱਚੇ ਦੇਸ਼ ਅੰਦਰ ‘ਜ਼ਮੀਨ ਹਲ ਵਾਹਕ ਦੀ’ ਦੇ ਨਾਹਰੇ ਨਾਲ਼ ਸ਼ੁਰੂ ਹੋਈ ਸੀ। ਆਗੂ ਨੇ ਇਹ ਵੀ ਕਿਹਾ ਕਿ ਅੱਜ ਵੀ ਦੇਸ਼ ਅੰਦਰ ਜ਼ਮੀਨ ਦੀ ਮੁੜ ਵੰਡ ਦਾ ਸਵਾਲ ਪ੍ਰਮੁੱਖ ਸਵਾਲ ਹੈ। ਇਸ ਨੂੰ ਹੱਲ ਕਰੇ ਤੋਂ ਬਿਨ੍ਹਾਂ ਦੇਸ਼ ਦੇ ਕਰੋੜਾਂ ਗ਼ਰੀਬ ਲੋਕਾਂ ਅਤੇ ਬੇਜ਼ਮੀਨੇ ਕਿਸਾਨਾਂ ਦੀਆਂ ਬੁਨਿਆਦੀ ਲੋੜਾਂ ਦਾ ਹੱਲ ਨਹੀਂ ਕੀਤਾ ਜਾ ਸਕਦਾ। ਆਗੂ ਨੇ ਪਾਰਟੀ ਵਰਕਰਾਂ ਨੂੰ ਸੱਦਾ ਦਿਤਾ ਕਿ ਲੋਕ ਸਭਾ ਦੀਆਂ ਚੋਣਾ ਵਿੱਚ ਕੇਂਦਰ ਦੀ ਫਾਸ਼ੀਵਾਦੀ ਮੋਦੀ ਸਰਕਾਰ ਨੂੰ ਸੱਤਾ ਤੋਂ ਲਾਂਭੇ ਕੀਤਾ ਜਾਵੇ, ਜੋ ਦੇਸ਼ ਦੇ ਫੈਡਰਲ ਢਾਂਚੇ ਅਤੇ ਜਮਹੂਰੀ ਕਦਰਾਂ ਕੀਮਤਾਂ ਦਾ ਘਾਣ ਕਰ ਰਹੀ ਹੈ ਅਤੇ ਸੰਵਿਧਾਨ ਨੂੰ ਖ਼ਤਮ ਕਰਨਾ ਚਾਹੁੰਦੀ ਹੈ। ਆਗੂ ਨੇ ਇਹ ਵੀ ਕਿਹਾ ਕਿ ਗ਼ਰੀਬ ਲੋਕਾਂ ਨਾਲ ਝੂਠੇ ਵਾਅਦੇ ਕਰਨ ਵਾਲੀ ਆਪ ਪਾਰਟੀ ਨੂੰ ਵੀ ਸਬਕ ਸਿਖਾਇਆ ਜਾਵੇ। ਅੱਜ ਦੀ ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਮਜ਼ਦੂਰ ਆਗੂ ਕਾਮਰੇਡ ਨਛੱਤਰ ਸਿੰਘ ਰਾਮਨਗਰ, ਜਗਦੀਪ ਸਿੰਘ ਰਾਮਗੜ੍ਹ, ਕਰਮਜੀਤ ਕੌਰ ਗਿੱਲ ਕਲਾਂ, ਹਰਪ੍ਰੀਤ ਕੌਰ ਦਾਨਗੜ੍ਹ, ਮੇਵਾ ਸਿੰਘ ਹੰਡਿਆਇਆ, ਗੁਰਮੇਲ ਸਿੰਘ ਪੱਖੋਕਲਾਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।



