ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਅਕਾਲੀ ਉਮੀਦਵਾਰ ਡਾ. ਚੀਮਾ ਦੇ ਹੱਕ ‘ਚ ਚੋਣ ਪ੍ਰਚਾਰ ਲਈ ਧਾਰੀਵਾਲ ਪੁੱਜੇ ਮਜੀਠੀਆ
ਧਾਰੀਵਾਲ, ਗੁਰਦਾਸਪੁਰ 10 ਮਈ (ਸਰਬਜੀਤ ਸਿੰਘ )- ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਦੇ ਹੱਕ ‘ਚ ਅੱਜ ਧਾਰੀਵਾਲ ਦੇ ਚਾਹਲ ਰਿਜ਼ੋਰਟ ਅਹਿਮਦਾਬਾਦ ਵਿਖੇ ਕੰਵਲਜੀਤ ਸਿੰਘ ਚਾਹਲ ਵਲੋਂ ਕਰਵਾਈ ਭਰਵੀਂ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਦਿਨ ਦਾ ਸਮਝੌਤਾ ਕਾਂਗਰਸ ਦੇ ਨਾਲ ਅਤੇ ਰਾਤ ਦਾ ਸਮਝੌਤਾ ਭਾਰਤੀ ਜਨਤਾ ਪਾਰਟੀ ਦੇ ਨਾਲ ਹੈ।
ਮਜੀਠੀਆ ਨੇ ਵਿਸ਼ਾਲ ਲੋਕ ਇਕੱਠ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਕਾਂਗਰਸ ਦੇ ਉਮੀਦਵਾਰਾਂ ਲਈ ਵੋਟਾਂ ਮੰਗ ਰਹੀ ਹੈ ਅਤੇ ਪੰਜਾਬ ਵਿਚ ਇਨ੍ਹਾਂ ਦੋਵਾਂ ਪਾਰਟੀਆਂ ਦੇ ਆਗੂ ਇਕ-ਦੂਜੇ ਨੂੰ ਗਾਲਾਂ ਕੱਢ ਕੇ ਲੋਕਾਂ ਨੂੰ ਬੁੱਧੂ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਪੁਲਿਸ ਵਲੋਂ ਪੰਜਾਬ ਦੀ ਧਰਤੀ ‘ਤੇ ਆ ਕੇ ਕਿਸਾਨ ਨੌਜਵਾਨ ਸ਼ੁੱਭਕਰਨ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਅਤੇ ਹੋਰਨਾਂ ਕਿਸਾਨਾਂ ‘ਤੇ ਰਬੜ ਦੀਆਂ ਗੋਲੀਆਂ, ਅੱਥਰੂ ਗੈਸ ਅਤੇ ਪਾਣੀ ਦੀਆਂ ਬੁਛਾੜਾਂ ਚਲਾ ਕੇ ਤਸ਼ੱਦਦ ਕਰਨ ਦੇ ਮਾਮਲੇ ‘ਚ ਪੰਜਾਬ ਸਰਕਾਰ ਦੀ ਚੁੱਪ ਦਰਸਾਉਂਦੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਭਾਰਤੀ ਜਨਤਾ ਪਾਰਟੀ ਨਾਲ ਰਾਤ ਦਾ ਸਮਝੌਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਕੋਈ ਨਵਾਂ ਸਕੂਲ ਅਤੇ ਹਸਪਤਾਲ ਨਹੀਂ ਖੁੱਲ੍ਹਿਆ, ਬਲਕਿ ਮੁੱਖ ਮੰਤਰੀ ਨੇ ਸ਼ਰਾਬ ਆਪਣੀ ਪਹਿਲੀ ਪਸੰਦ ਹੋਣ ਕਾਰਨ ਇਸ ਦੇ ਤਿੰਨ ਹਜ਼ਾਰ ਨਵੇਂ ਠੇਕੇ ਜ਼ਰੂਰ ਖੋਲ੍ਹ ਦਿੱਤੇ ਹਨ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਤਾਂ ਉਨ੍ਹਾਂ ਦੀ ਪਾਰਟੀ ਦੇ ਪ੍ਰਤਾਪ ਸਿੰਘ ਬਾਜਵਾ ਹੀ ਹਰਾਉਣ ‘ਤੇ ਤੁਲੇ ਹੋਏ ਹਨ, ਕਿਉਂਕਿ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਰੰਧਾਵਾ ਨੇ ਕੈਪਟਨ ਅਮਰਿੰਦਰ ਸਿੰਘ ਦੇ ਕਹਿਣ ‘ਤੇ ਬਾਜਵਾ ਨੂੰ ਹਰਾ ਕੇ ਉਨ੍ਹਾਂ ਦਾ ਸਿਆਸੀ ਪਤਨ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਨੇ ਘਰ-ਘਰ ਨੌਕਰੀ ਦੇਣ ਦਾ ਝੂਠਾ ਵਾਅਦਾ ਕਰਕੇ ਪੰਜ ਸਾਲ ਸਰਕਾਰ ਬਣਾਈ ਪਰ ਘਰ-ਘਰ ਨੌਕਰੀ ਦੇਣ ਦੀ ਬਜਾਇ ਉਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣਾ ਹੀ ਘਰ ਬਦਲ ਕੇ ਭਾਰਤੀ ਜਨਤਾ ਪਾਰਟੀ ਵਿਚ ਚਲੇ ਗਏ। ਉਨ੍ਹਾਂ ਕਿਹਾ ਕਿ ਕਿਸਾਨਾਂ- ਖੇਤ ਮਜਦੂਰਾਂ ਦੇ ਕਰਜੇ ਮਾਫ ਕਰਨ ਦੇ ਨਾਂਅ ‘ਤੇ ਵੀ ਕਾਂਗਰਸ ਨੇ ਕੋਝਾ ਮਜ਼ਾਕ ਕੀਤਾ ਸੀ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੰਜਾਬੀਆਂ ਦੀ ਸਭ ਤੋਂ ਵੱਡੀ ਗੁਨਾਹਗਾਰ ਹੈ, ਜਿਸ ਨੇ ਕਿਸਾਨ ਸੰਘਰਸ਼ ਦੌਰਾਨ 750 ਕਿਸਾਨਾਂ ਦੀਆਂ ਜਾਨਾਂ ਲੈ ਲਈਆਂ ਤੇ ਹੁਣ ਵੀ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਵਾਸਤੇ ਪੰਜਾਬ-ਹਰਿਆਣਾ ਹੱਦ ‘ਤੇ ਡਾਂਗਾਂ-ਗੋਲੀਆਂ ਚਲਾ ਕੇ ਜਬਰ ਢਾਹਿਆ। ਉਨ੍ਹਾਂ ਕਿਹਾ ਕਿ ਜੇਕਰ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਤਾਂ ਹੁਣ ਵੋਟਾਂ ਮੰਗਣ ਲਈ ਉਸ ਪਾਰਟੀ ਨੂੰ ਪੰਜਾਬ ਆਉਣ ਦਾ ਵੀ ਹੱਕ ਨਹੀੰ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਪੰਜਾਬੀ ਭਾਰਤੀ ਜਨਤਾ ਪਾਰਟੀ ਨੂੰ ਵੋਟ ਨਹੀਂ ਦੇ ਸਕਦਾ। ਇਸ ਮੌਕੇ ਸੰਬੋਧਨ ਕਰਦਿਆਂ ਡਾ. ਦਲਜੀਤ ਸਿੰਘ ਚੀਮਾ ਨੇ ਆਖਿਆ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬੀ ਠੱਗੇ ਗਏ ਸਨ, ਕਿਉਂਕਿ ਉਦੋਂ ਆਮ ਆਦਮੀ ਪਾਰਟੀ ਨੇ ‘ਇਕ ਮੌਕਾ ਕੇਜਰੀਵਾਲ ਨੂੰ’ ਦਾ ਨਾਅਰਾ ਲਾ ਕੇ ਵੋਟਾਂ ਮੰਗੀਆਂ ਸਨ ਪਰ ਹੁਣ ਕੇਜਰੀਵਾਲ ਦੇ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਜੇਲ੍ਹ ਜਾਣ ਤੋਂ ਬਾਅਦ ਪੰਜਾਬੀਆਂ ਨੂੰ ਸਮਝ ਆਈ ਕਿ ਕੇਜਰੀਵਾਲ ਇਕ ਮੌਕਾ ਪੰਜਾਬ ਦੇ ਭਲੇ ਲਈ ਨਹੀਂ ਸਗੋਂ ਠੱਗੀਆਂ ਮਾਰਨ ਲਈ ਮੰਗ ਰਹੇ ਸਨ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਹੁਣ ਕਿਸੇ ਦੇ ਬਹਿਕਾਵੇ ਵਿਚ ਨਾ ਆਉਣ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਦੇਣ, ਜਿਸ ਨੇ ਹਮੇਸ਼ਾ ਆਪਣੀਆਂ ਸਰਕਾਰਾਂ ਵੇਲੇ ਹਰ ਵਰਗ ਨੂੰ ਸਹੂਲਤਾਂ ਦਿੱਤੀਆਂ ਤੇ ਕਾਨੂੰਨ ਦਾ ਰਾਜ ਕਾਇਮ ਕੀਤਾ।
ਇਸ ਮੌਕੇ ਕਾਦੀਆਂ ਦੇ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ, ਸ਼੍ਰੋਮਣੀ ਅਕਾਲੀ ਦਲ ਗੁਰਦਾਸਪੁਰ ਦੇ ਜ਼ਿਲ੍ਹਾ ਜਥੇਦਾਰ ਰਮਨਦੀਪ ਸਿੰਘ ਸੰਧੂ, ਕੰਵਲਜੀਤ ਸਿੰਘ ਚਾਹਲ, ਜਰਨੈਲ ਸਿੰਘ ਮਾਹਲ, ਜਸਬੀਰ ਸਿੰਘ ਘੁੰਮਣ ਅਤੇ ਲੋਕਦੀਪ ਸਿੰਘ ਘੁੰਮਣ ਨੇ ਸੰਬੋਧਨ ਕਰਦਿਆਂ ਡਾ. ਦਲਜੀਤ ਸਿੰਘ ਚੀਮਾ ਨੂੰ ਵੱਡੇ ਬਹੁਮਤ ਨਾਲ ਜਿਤਾਉਣ ਦਾ ਦਾਅਵਾ ਕੀਤਾ। ਇਸ ਦੌਰਾਨ ਯੂਥ ਅਕਾਲੀ ਆਗੂ ਕਰਨਬੀਰ ਸਿੰਘ ਮਾਹਲ, ਸਰਪੰਚ ਜਤਿੰਦਰ ਕੁਮਾਰ ਜੱਜ ਮਾਲੀ ਸਰਾਏ, ਕਸ਼ਮੀਰ ਸਿੰਘ ਸਿੰਘਪੁਰਾ, ਗਗਨਦੀਪ ਸਿੰਘ ਗਿੰਨੀ ਭਾਟੀਆ ਕੌਂਸਲਰ, ਸੁਰਿੰਦਰ ਕੁਮਾਰ ਆਸ਼ੂ ਸਿਟੀ ਪ੍ਰਧਾਨ ਧਾਰੀਵਾਲ, ਡਾ. ਸੁਖਪ੍ਰੀਤ ਸਿੰਘ ਕਾਹਲੋਂ ਕੋਟ ਸੰਤੋਖ ਰਾਏ, ਸਰਪੰਚ ਰੌਣਕੀ ਰਾਮ ਆਲੋਵਾਲ, ਅਜੀਤਪਾਲ ਸਿੰਘ ਸੰਘਰ, ਹਰਚਰਨ ਸਿੰਘ ਟੋਨਾ ਫੱਜੂਪੁਰ, ਮਲਕੀਤ ਸਿੰਘ ਸਰਪੰਚ ਨਾਥਪੁਰ, ਮਨਮੋਹਨ ਜੋਸ਼ੀ ਖੁੰਡਾ, ਕੈਪਟਨ ਚਰਨਜੀਤ ਸਿੰਘ ਬਾਜਵਾ, ਸਰਬਜੀਤ ਸਿੰਘ ਮਾਹਲ ਕੌਂਸਲਰ, ਬਲਵਿੰਦਰ ਸਿੰਘ ਪ੍ਰਧਾਨ, ਕੈਪਟਨ ਰਣਧੀਰ ਸਿੰਘ ਕੰਗ, ਕਰਮ ਸਿੰਘ ਸਰਪੰਚ ਡੇਹਰੀਵਾਲ, ਸੁਰਿੰਦਰ ਸਿੰਘ ਮਿੰਦੀ, ਨੰਬਰਦਾਰ ਪਾਲ ਸਿੰਘ ਮਾਲੀ ਸਰਾਏ, ਸਰਬਜੀਤ ਕੀਰ ਮਾਹਲ, ਵਿਜੇ ਮਸੀਹ ਕਾਹਲਵਾਂ, ਹਨੀ ਜੈਲਦਾਰ, ਪੂਰਨ ਮਾਹਲ ਅਤੇ ਅਕਾਸ਼ ਸਿੱਧੂ ਆਦਿ ਵੀ ਹਾਜ਼ਰ ਸਨ।


