ਬਦਲਾਖ਼ੋਰੀ ਲਈ ਅਫਵਾਹ ਫੈਲਾਉਣ ਵਾਲੇ ਬੀਜੇਪੀ ਦੇ ਆਈ ਟੀ ਸੈਲ ਦੇ ਅਹੁਦੇਦਾਰਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਕੀਤੀ ਮੰਗ-ਕਾਮਰੇਡ ਰਾਜਵਿੰਦਰ ਰਾਣਾ
ਮਾਨਸਾ, ਗੁਰਦਾਸਪੁਰ, 10 ਮਈ ( ਸਰਬਜੀਤ ਸਿੰਘ)– ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਦੇ ਖਿਲਾਫ ਸੋਚੇ ਸਮਝੇ ਢੰਗ ਨਾਲ ਸੋਸ਼ਲ ਮੀਡੀਆ ਜਰੀਏ ਅਫਵਾਹ ਫੈਲਾਉਣ ਤੇ ਉਨਾਂ ਦੀ ਕਿਰਦਾਰਕੁਸ਼ੀ ਕਰਨ ਖਿਲਾਫ ਅੱਜ ਇਥੇ ਇਕ ਵਫਦ ਐਸਐਸਪੀ ਮਾਨਸਾ ਡਾਕਟਰ ਨਾਨਕ ਸਿੰਘ ਨੂੰ ਮਿਲਿਆ ਅਤੇ ਬੀਜੇਪੀ ਦੇ ਆਈ ਟੀ ਸੈਲ ਦੇ ਅਹੁਦੇਦਾਰਾਂ ਖ਼ਿਲਾਫ਼ ਲਿਖਤੀ ਸ਼ਿਕਾਇਤ ਦੇ ਕੇ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ।
ਸੀਪੀਆਈ (ਐਮ ਐਲ) ਲਿਬਰੇਸ਼ਨ ਆਗੂ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਦੀ ਅਗਵਾਈ ਵਿਚ ਐਸਐਸਪੀ ਮਾਨਸਾ ਨੂੰ ਮਿਲੇ ਇਸ ਵਫਦ ਵਿਚ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ, ਕਰਨੈਲ ਸਿੰਘ, ਸੁਰਿੰਦਰ ਪਾਲ ਸ਼ਰਮਾ, ਗੋਰਾ ਲਾਲ ਅਤਲਾ, ਐਡਵੋਕੇਟ ਅਜਾਇਬ ਸਿੰਘ ਗੁਰੂ, ਮੇਜਰ ਸਿੰਘ ਦਰੀਆਪੁਰ, ਗੁਰਸੇਵਕ ਮਾਨ, ਗਗਨਦੀਪ ਸਿਰਸੀਵਾਲਾ ਤੇ ਕਾਮਰੇਡ ਜਰਨੈਲ ਸਿੰਘ ਸ਼ਾਮਲ ਸਨ। ਲਿਖਤੀ ਸ਼ਿਕਾਇਤ ਵਿਚ ਦੱਸਿਆ ਗਿਆ ਕਿ ਇੰਨਾ ਲੋਕਾਂ ਨੇ ਕਿਸਾਨ ਆਗੂ ਰੁਲਦੂ ਸਿੰਘ ਉਤੇ ਕਿਸਾਨ ਮੋਰਚੇ ਦੇ ਪੈਸੇ ਦੀ ਹੇਰਾਫੇਰੀ ਕਰਕੇ ਚੰਡੀਗੜ ਦਿੱਲੀ ਨੈਸ਼ਨਲ ਹਾਈਵੇ ‘ਤੇ ਕਰਨਾਲ ਨੇੜੇ ਇਕ ਕਰੋੜਾਂ ਦੀ ਕੀਮਤ ਦਾ ਹੋਟਲ ਉਸਾਰਨ ਦੀ ਝੂਠੀ ਵੀਡੀਓ ਵਾਇਰਲ ਕਰਕੇ ਜਨਤਾ ਵਿਚ ਬਣੀ ਕਿਸਾਨ ਆਗੂ ਦੀ ਸਾਖ ਨੂੰ ਗਿਣ ਮਿਥ ਕੇ ਨੁਕਸਾਨ ਪਹੁੰਚਾਉਣਾ ਦੀ ਅਪਰਾਧਕ ਸਾਜ਼ਿਸ਼ ਕੀਤੀ ਹੈ। ਵਫ਼ਦ ਨੇ ਪੁਲਸ ਤੋਂ ਮੰਗ ਕੀਤੀ ਗਈ ਹੈ ਕਿ ਇਸ ਪੋਸਟ ਨੂੰ ਵਾਇਰਲ ਕਰਨ ਵਾਲੇ ਬੀਜੇਪੀ ਆਈਟੀ ਸੈਲ ਜ਼ਿਲਾ ਮਾਨਸਾ ਦੇ ਇੰਚਾਰਜ ਅਮਨਦੀਪ ਸਿੰਘ ਮਾਨ, ਹਰਵਿੰਦਰ ਸਿੰਘ ਸਤੌਜ ਸਮੇਤ ਇਸ ਅਫਵਾਹ ਸਕੈਂਡਲ ਵਿਚ ਸ਼ਾਮਲ ਹੋਰ ਦੋਸ਼ੀਆਂ ਖਿਲਾਫ ਸਾਈਬਰ ਕਰਾਇਮ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਇਕ ਜ਼ਿੰਮੇਵਾਰ ਕਿਸਾਨ ਆਗੂ ਨੂੰ ਬਦਨਾਮ ਕਰਨ ਬਦਲੇ ਸਖ਼ਤ ਸਜ਼ਾ ਦਿੱਤੀ ਜਾਵੇ।
ਕਾਮਰੇਡ ਰਾਣਾ ਨੇ ਪ੍ਰੈਸ ਨੂੰ ਦਸਿਆ ਕਿ ਬੀਜੇਪੀ ਦੇ ਸੈਲ ਨੇ ਇਹ ਕਾਰਵਾਈ ਸੀਪੀਆਈ (ਐਮ ਐਲ) ਲਿਬਰੇਸ਼ਨ ਵਲੋਂ ਸੰਸਦੀ ਚੋਣਾਂ ਵਿਚ ਬੀਜੇਪੀ ਨੂੰ ਹਰਾਉਣ ਲਈ ਕਾਂਗਰਸ ਦੇ ਉਮੀਦਵਾਰਾਂ ਦੀ ਹਿਮਾਇਤ ਕਰਨ ਦਾ ਐਲਾਨ ਕੀਤੇ ਜਾਣ ਤੋਂ ਤੁਰੰਤ ਬਾਅਦ ਜਵਾਬੀ ਹਮਲੇ ਵਜੋਂ ਅਮਲ ਵਿਚ ਲਿਆਂਦੀ ਹੈ। ਪਰ ਪਾਰਟੀ ਤੇ ਸਮੂਹ ਇਨਸਾਫ਼ ਪਸੰਦ ਤਾਕਤਾਂ ਇਸ ਕਮੀਨੀ ਹਰਕਤ ਦਾ ਮੂੰਹ ਤੋੜ ਜਵਾਬ ਦੇਣਗੀਆਂ। ਐਸਐਸਪੀ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਜਾਂਚ ਕਰਨ ਤੋਂ ਬਾਦ ਜਲਦੀ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।


