ਲਿਬਰੇਸ਼ਨ ਵੱਲੋਂ ਕਾਂਗਰਸ ਪਾਰਟੀ ਦੀ ਜਿੱਤ ਯਕੀਨੀ ਬਨਾਉਣ ਲਈ ਮਦਦ ਕਰਨ ਦਾ ਫੈਸਲਾ ਕੀਤਾ
ਗੁਰਦਾਸਪੁਰ, 8 ਮਈ (ਸਰਬਜੀਤ ਸਿੰਘ)– ਸੀ ਪੀ ਆਈ ਐਮ ਐਲ ਲਿਬਰੇਸ਼ਨ ਨੇ ਪੰਜਾਬ ਦੀਆਂ ਸਾਰੀਆਂ ਲੋਕ ਸਭਾ ਸੀਟਾਂ ਉਪਰ ਕਾਂਗਰਸ ਦੇ ਉਮੀਦਵਾਰਾ ਦੀ ਸਰਗਰਮ ਹਮਾਇਤ ਕਰਨ ਦਾ ਫੈਸਲਾ ਕੀਤਾ ਹੈ, ਕਿਉਂਕਿ 2024 ਦੀਆਂ ਲੋਕ ਸਭਾ ਚੋਣਾਂ ਆਮ ਚੋਣਾਂ ਨਹੀਂ ਬਲਕਿ ਇਹ ਚੋਣਾਂ ਫਾਸ਼ੀਵਾਦ ਬਨਾਮ ਲੋਕਤੰਤਰ ਵਿਚਕਾਰ ਹੋ ਰਹੀਆਂ ਹਨ। ਕਾਂਗਰਸ ਦੀ ਹਮਾਇਤ ਕਰਨ ਸਬੰਧੀ ਫੈਸਲਾ ਰਾਜਵਿੰਦਰ ਰਾਣਾ ਦੀ ਪ੍ਰਧਾਨਗੀ ਹੇਠ ਹੋਈ ਸੂਬਾ ਕਮੇਟੀ ਦੀ ਮੀਟਿੰਗ ਵਿੱਚ ਕੀਤਾ ਗਿਆ ਹੈ।
ਮੀਟਿੰਗ ਦੇ ਫੈਸਲਿਆਂ ਦੀ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਲਿਬਰੇਸ਼ਨ ਇੰਡੀਆ ਗਠਜੋੜ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਇੰਡੀਆ ਗਠਜੋੜ ਵਿਚ ਪੰਜਾਬ ਦੀਆਂ ਦੋ ਹਾਕਮ ਪਾਰਟੀਆਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਸ਼ਾਮਲ ਹਨ ਪਰ ਲਿਬਰੇਸ਼ਨ ਨੇ ਭਾਜਪਾ ਦੇ ਉਮੀਦਵਾਰਾਂ ਨੂੰ ਹਾਰ ਦੇਣ ਦੀ ਹੈਸੀਅਤ ਰੱਖਣ ਵਾਲ਼ੀ ਧਿਰ ਕਾਂਗਰਸ ਪਾਰਟੀ ਦੀ ਜਿੱਤ ਯਕੀਨੀ ਬਨਾਉਣ ਲਈ ਮਦਦ ਕਰਨ ਦਾ ਫੈਸਲਾ ਲਿਆ ਹੈ। ਜਦੋਂ ਕਿ ਆਮ ਆਦਮੀ ਪਾਰਟੀ ਆਪਣੇ ਦੋ ਸਾਲਾਂ ਦੇ ਰਾਜ ਦੇ ਕਾਰਜਕਾਲ ਦੌਰਾਨ ਆਮ ਲੋਕਾਂ ਦਾ ਵਿਸ਼ਵਾਸ ਗੁਆ ਚੁੱਕੀ ਹੈ। ਜਿਸ ਦੇ ਉਮੀਦਵਾਰ ਭਾਜਪਾ ਨੂੰ ਹਰਾਉਣ ਦੀ ਸਥਿਤੀ ਵਿਚ ਨਹੀਂ ਹਨ। ਲਿਬਰੇਸ਼ਨ ਨੇ ਪੰਜਾਬ ਦੀ ਜਨਤਾ ਨੂੰ ਭਾਜਪਾ ਨੂੰ ਹਰਾਉਣ ਦੀ ਅਪੀਲ ਕਰਦਿਆਂ ਕਿਹਾ ਦੇਸ ਦੇ ਸੰਵਿਧਾਨ ਅਤੇ ਦੇਸ ਦੀ ਆਨ ਸ਼ਾਨ ਬਚਾਉਣ ਲਈ ਇਸ ਸਮੇਂ ਸਭ ਤੋਂ ਵਡਾ ਕਾਰਜ਼ ਭਾਜਪਾ ਨੂੰ ਹਰਾਉਣਾ ਹੈ। ਬੱਖਤਪੁਰਾ ਨੇ ਦਾਵਾ ਕੀਤਾ ਕਿ ਭਾਜਪਾ 200 ਸੀਟਾਂ ਤੋਂ ਵੱਧ ਸੀਟਾਂ ਨਹੀਂ ਜਿਤ ਸਕੇਗੀ ਅਤੇ ਹਰ ਹਾਲਤ ਵਿੱਚ ਇੰਡੀਆ ਗਠਜੋੜ ਦੀ ਸਰਕਾਰ ਬਣੇਗੀ। ਮੀਟਿੰਗ ਵਿੱਚ ਪੰਜਾਬ ਦੇ ਇੰਚਾਰਜ ਪਰਸ਼ੋਤਮ ਸ਼ਰਮਾ,ਰੁਲਦੂ ਸਿੰਘ ਮਾਨਸਾ, ਸੁਖਦਰਸ਼ਨ ਸਿੰਘ ਨੱਤ, ਗੁਰਪ੍ਰੀਤ ਸਿੰਘ ਰੂੜੇਕੇ, ਜਸਬੀਰ ਕੌਰ ਨੱਤ, ਬਲਵਿੰਦਰ ਕੌਰ, ਗੁਰਨਾਮ ਸਿੰਘ ਭੀਖੀ, ਗੁਰਮੀਤ ਸਿੰਘ ਨੰਦਗੜ੍ਹ, ਗੋਬਿੰਦ ਛਾਜਲੀ, ਅਸ਼ਵਨੀ ਲੱਖਣ ਕਲਾਂ, ਸੁਖਦੇਵ ਸਿੰਘ ਭਾਗੋਕਾਵਾਂ, ਬਲਬੀਰ ਮੂਧਲ ਅਤੇ ਵਿਜੇ ਸੋਹਲ ਸ਼ਾਮਲ ਸਨ।


