ਸਰਕਾਰ ਦਾ ਧਰਮ ਰਾਜ ਧਰਮ ਹੁੰਦਾ ਹੈ
ਗੁਰਦਾਸਪੁਰ, 24 ਜਨਵਰੀ (ਸਰਬਜੀਤ ਸਿੰਘ)– ਮਾਰਕਸਵਾਦੀ ਲੈਨਿਨਵਾਦੀ ਕਮਿਊਨਿਸਟ ਪਾਰਟੀ ਲਿਬਰੇਸ਼ਨ ਨੇ ਅਯੁਧਿਆ ਵਿੱਚ ਸੰਘ ਅਤੇ ਭਾਜਪਾ ਵਲੋਂ ਸ਼੍ਰੀ ਰਾਮ ਦੀ ਨਵੀਂ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਦੇ ਉਦਘਾਟਨ ਨੂੰ ਸ਼੍ਰੀ ਰਾਮ ਦੇ ਨਾਂ ਉਪਰ ਰਚਿਆ ਗਿਆ ਸਿਆਸੀ ਪ੍ਰਪੰਚ ਦਸਿਆ ਹੈ।ਇਸ ਸਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਹਿੰਦੂ ਧਾਰਮਿਕ ਮੁੱਖੀਆਂ ਨੂੰ ਕਿਨਾਰੇ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਸੰਘ ਮੁੱਖੀ ਭਾਗਵਤ ਦਾ ਰਾਮ ਮੰਦਿਰ ਦਾ ਉਦਘਾਟਨ ਕਰਨ ਦਾ ਇਕੋਂ ਇਕ ਮਕਸਦ ਦੇਸ਼ ਦੇ ਹਿੰਦੂ ਅਵਾਮ ਦੀ ਮਈ 2024 ਦੀਆਂ ਚੋਣਾਂ ਜਿੱਤਣ ਲਈ ਆਪਣੇ ਹੱਕ ਵਿੱਚ ਹਮਦਰਦੀ ਪੈਦਾ ਕਰਨਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਕਹਿਣਾ ਕਿ ਰਾਮ ਭਾਰਤ ਦਾ ਵਿਚਾਰ ਹੈ,ਰਾਮ ਭਾਰਤ ਦਾ ਕਾਨੂੰਨ ਹੈ,ਰਾਮ ਭਾਰਤ ਦੀ ਆਸਥਾ ਹੈ, ਰਾਮ ਨੇਤਾ ਹੈ ਅਤੇ ਰਾਮ ਨੀਤੀ ਹੈ,ਇਹ ਨਿਰੋਲ ਭਾਰਤੀ ਸੰਵਿਧਾਨ ਵਿੱਚ ਦਰਜ ਧਰਮ ਨਿਰਪੱਖਤਾ ਦੀਆਂ ਧਜੀਆਂ ਉਡਾਉਂਦਿਆਂ ਹੋਇਆਂ ਦੇਸ਼ ਦੀਆਂ ਘੱਟ ਗਿਣਤੀਆਂ ਦੀ ਧਾਰਮਿਕ ਆਜ਼ਾਦੀ ਉਪਰ ਹਮਲਾ ਹੈ।ਸੰਘ ਮੁਖੀ ਮੋਹਨ ਭਾਗਵਤ ਦਾ ਕਹਿਣਾ ਕਿ ਰਾਮ ਰਾਜ ਆ ਰਿਹਾ ਹੈ, ਦੇ ਅਰਥ ਹਿੰਦੂ ਰਾਸ਼ਟਰਵਾਦ ਬਨਾਉਣ ਭਾਵ ਦੇਸ਼ ਵਿਚ ਫਾਸ਼ੀਵਾਦੀ ਰਾਜ ਸਥਾਪਿਤ ਕਰਨ ਵੱਲ ਇਸ਼ਾਰਾ ਹਨ। ਬੱਖਤਪੁਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਕੇਵਲ ਹਿੰਦੂ ਧਰਮ ਨੂੰ ਦੇਸ਼ ਦੇ ਲੋਕਾਂ ਦਾ ਧਰਮ ਕਹਿਣਾ ਸੰਵਿਧਾਨ ਅਤੇ ਲੋਕਤੰਤਰ ਦਾ ਨਿਰਾਦਰ ਹੈ ਜਦੋਂ ਕਿ ਸਰਕਾਰ ਦਾ ਧਰਮ ਰਾਜ ਧਰਮ ਹੁੰਦਾ ਹੈ। ਜਿਸ ਰਾਜ ਧਰਮ ਨੂੰ ਦੇਸ਼ ਦਾ ਸੰਵਿਧਾਨ ਤਹਿ ਕਰਦਾ ਹੈ। ਜੇਕਰ ਸਰਕਾਰ ਸੰਵਿਧਾਨ ਵਿਰੁੱਧ ਕਾਰਵਾਈ ਕਰਦੀ ਹੈ ਤਾਂ ਭਾਰਤੀ ਸੰਵਿਧਾਨ ਨੇ ਸਰਕਾਰ ਨੂੰ ਸਹੀ ਦਿਸ਼ਾ ਵੱਲ ਲਿਜਾਣ ਲਈ ਚੋਣ ਕਮਿਸ਼ਨ ਅਤੇ ਸੁਪਰੀਮ ਕੋਰਟ ਵਰਗੀਆਂ ਅਜ਼ਾਦ ਸੰਸਥਾਵਾਂ ਕਾਇਮ ਕੀਤੀਆਂ ਸਨ। ਜਿਸ ਅਨੁਸਾਰ ਸੰਵਿਧਾਨ ਮੰਗ ਕਰਦਾ ਹੈ ਕਿ ਚੋਣ ਕਮਿਸ਼ਨ ਮੋਦੀ ਸਰਕਾਰ ਵਿਰੁੱਧ ਕਾਰਵਾਈ ਕਰੇਂ ਅਤੇ ਦੇਸ਼ ਦੀ ਸੁਪਰੀਮ ਕੋਰਟ ਮੋਦੀ ਸਰਕਾਰ ਵਲੋਂ ਕੀਤੀ ਗਈ ਸੰਵਿਧਾਨਕ ਉਲੰਘਣਾ ਬਾਬਤ ਸੂ ਮੋਟੇ ਲਵੇ ਪਰ ਜੇਕਰ ਇਸ ਤਰ੍ਹਾਂ ਨਹੀਂ ਵਾਪਰਦਾ ਤਾਂ ਭਾਰਤੀ ਜਨਤਾ ਨੂੰ ਸੰਵਿਧਾਨ ਦੀ ਰਾਖੀ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਹਰ ਹਾਲਤ ਵਿੱਚ ਮੋਦੀ ਸਰਕਾਰ ਨੂੰ ਮਈ 2024 ਦੀਆਂ ਚੋਣਾਂ ਵਿੱਚ ਪਾਸੇ ਕਰਨ ਵੱਲ ਵਧਣਾ ਹੋਵੇਗਾ।


